ਨਵੀਂ ਦਿੱਲੀ – ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਅਗਲੇ ਤਿੰਨ ਮਹੀਨੇ ਅਕਤੂਬਰ, ਨਵੰਬਰ ਤੇ ਦਸੰਬਰ ਅਹਿਮ ਸਾਬਿਤ ਹੋ ਸਕਦੇ ਹਨ। ਨੀਤੀ ਆਯੋਗ ਦੇ ਮੈਂਬਰ ਤੇ ਟੀਕਾਕਰਨ ’ਤੇ ਗਠਿਤ ਟਾਸਕ ਫੋਰਸ ਦੇ ਮੁਖੀ ਡਾਕਟਰ ਵੀ ਕੇ ਪਾਲ ਨੇ ਇਸਦੀ ਚਿਤਾਵਨੀ ਦਿੰਦੇ ਹੋਏ ਸੂਬਿਆਂ ਨੂੰ ਇਸਦੇ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਲਈ ਕਿਹਾ ਹੈ। ਇਸਦੇ ਨਾਲ ਹੀ ਉਨ੍ਹਾਂ ਲੋਕਾਂ ਨੂੰ ਇਨ੍ਹਾਂ ਦੋ ਮਹੀਨਿਆਂ ਦੇ ਤਿਉਹਾਰੀ ਸੀਜ਼ਨ ਦੌਰਾਨ ਕੋਰੋਨਾ ਗਾਈਡਲਾਈਨਜ਼ ਦੀ ਪਾਲਣਾ ਦੀ ਅਪੀਲ ਕੀਤੀ ਹੈ। ਡਾਕਟਰ ਵੀ ਕੇ ਪਾਲ ਦੇ ਮੁਤਾਬਕ ਭਾਰਤ ’ਚ ਕੋਰੋਨਾ ਦੀ ਤੀਜੀ ਲਹਿਰ ਨੂੰ ਲੈ ਕੇ ਲਗਾਏ ਗਏ ਸਾਰੇ ਅਨੁਮਾਨਾਂ ’ਚ ਅਕਤੂਬਰ ਤੋਂ ਲੈ ਕੇ ਦਸੰਬਰ ਤਕ ਇਸਦੇ ਆਉਣ ਦਾ ਸ਼ੱਕ ਪ੍ਰਗਟਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਦੇਸ਼ ’ਚ ਕੋਰੋਨਾ ਇਨਫੈਕਸ਼ਨ ਦੀ ਸਥਿਤੀ ਬਿਹਤਰ ਹੋਈ ਹੈ ਤੇ ਕੇਰਲ ’ਚ ਵੀ ਸਥਿਤੀ ’ਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ, ਪਰ ਤੀਜੀ ਲਹਿਰ ਦੇ ਸ਼ੱਕ ਨੂੰ ਦੇਖਦੇ ਹੋਏ ਸਾਨੂੰ ਆਪਣੀ ਤਿਆਰੀ ’ਚ ਕੋਈ ਕਮੀ ਨਹੀਂ ਰਹਿਣ ਦੇਣੀ ਚਾਹੀਦੀ। ਉਨ੍ਹਾਂ ਸੂਬਾ ਸਰਕਾਰਾਂ ਤੋਂ ਲੈ ਕੇ ਨਗਰ ਨਿਗਮਾਂ ਤਕ ਨੂੰ ਕੋਰੋਨਾ ਦੀ ਤੀਜੀ ਲਹਿਰ ਦੇ ਮੱਦੇਨਜ਼ਰ ਹਸਪਤਾਲਾਂ ’ਚ ਉਚਿਤ ਬੈੱਡ ਤੇ ਹੋਰ ਤਿਆਰੀਆਂ ਪੂਰੀ ਕਰਨ ਲਈ ਕਿਹਾ ਹੈ। ਧਿਆਨ ਦੇਣ ਦੀ ਗੱਲ ਹੈ ਕਿ ਤਿਆਰੀ ਨਹੀਂ ਹੋਣ ਕਾਰਨ ਦੂਜੀ ਲਹਿਰ ਦੌਰਾਨ ਦੇਸ਼ ਭਰ ’ਚ ਸਥਿਤੀ ਗੰਭੀਰ ਹੋ ਗਈ ਸੀ। ਅਜਿਹੀ ਸਥਿਤੀ ਤੋਂ ਬਚਣ ਤੇ ਤੀਜੀ ਲਹਿਰ ਲਈ ਸਿਹਤ ਢਾਂਚਾ ਤਿਆਰ ਕਰਨ ਲਈ ਕੇਂਦਰ ਨੇ 23 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦਾ ਐਲਾਨ ਕੀਤਾ ਸੀ। ਖੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਿਨੀਂ ਇਸ ਪੈਕੇਜ ਦੇ ਅਮਲ ਦੀ ਸਮੀਖਿਆ ਕੀਤੀ ਸੀ। ਤੀਜੀ ਲਹਿਰ ਲਈ ਤਿਆਰੀਆਂ ਦੇ ਬਾਰੇ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਹੈ ਕਿ ਦੇਸ਼ ਭਰ ਦੇ ਹਸਪਤਾਲਾਂ ’ਚ ਆਕਸੀਜਨ ਉਤਪਾਦਨ ਪਲਾਂਟ ਲਗਾਉਣ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਹੁਣ ਤਕ 4,571 ਮੀਟ੍ਰਿਕ ਟਨ ਆਕਸੀਜਨ ਉਤਪਾਦਨ ਸਮਰੱਥਾ ਦੇ 3,631 ਪਲਾਂਟਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਇਨ੍ਹਾਂ ’ਚੋਂ 1491 ਪਲਾਂਟ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਤੇ 2140 ਪਲਾਂਟ ਸੂਬਿਆਂ ਤੇ ਹੋਰ ਵਸੀਲਿਆਂ ਵਲੋਂ ਲਗਾਏ ਜਾਣੇ ਹਨ। ਇਨ੍ਹਾਂ ਮਨਜ਼ੂਰ ਪਲਾਂਟਾਂ ’ਚੋਂ 2088 ਮੀਟ੍ਰਿਕ ਟਨ ਸਮਰੱਥਾ ਦੇ 1595 ਪਲਾਂਟਾਂ ਨੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਚਾਲੂ ਪਲਾਂਟ ’ਚ 731 ਕੇਂਦਰੀ ਸਹਾਇਤਾ ਨਾਲ ਤੇ 864 ਸੂਬਿਆਂ ਤੇ ਹੋਰ ਵਸੀਲਿਆਂ ਨਾਲ ਲਗਾਏ ਗਏ ਹਨ। ਇਸਦੇ ਇਲਾਵਾ ਜ਼ਿਲ੍ਹਾ ਤੇ ਬਲਾਕ ਪੱਧਰ ’ਤੇ ਕੋਵਿਡ ਬਿਸਤਰਿਆਂ ਦੀ ਗਿਣਤੀ ਵਧਾਉਣ ਤੇ ਇਲਾਜ ਲਈ ਜ਼ਰੂਰੀ ਦਵਾਈਆਂ ਦਾ ਸਟਾਕ ਵੀ ਤਿਆਰ ਕੀਤਾ ਜਾ ਰਿਹਾ ਹੈ।