ਚੇਨਈ – ਤਾਮਿਲ ਫਿਲਮਾਂ ਦੇ ਸੁਪਰ ਸਟਾਰ ਰਜਨੀਕਾਂਤ ਨੂੰ ਸੋਮਵਾਰ ਰਾਤ ਇਥੇ ਇਕ ਕਾਰਪੋਰੇਟ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ, ਜਿਥੇ ਇਸ 73 ਸਾਲਾ ਅਦਾਕਾਰ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਜਾਣਕਾਰੀ ਮੁਤਾਬਕ ਉਨ੍ਹਾਂ ਦੇ ਮੰਗਵਾਰ ਨੂੰ ਦਿਨੇ ਕੁਝ ਟੈਸਟ ਕੀਤੇ ਜਾਣਗੇ ਅਤੇ ਸ਼ਾਮ ਤੱਕ ਹਸਪਤਾਲ ਤੋਂ ਛੁੱਟੀ ਦੇ ਦਿੱਤੇ ਜਾਣ ਦੇ ਆਸਾਰ ਹਨ। ਤਾਮਿਲਨਾਡੂ ਦੇ ਰਾਜਪਾਲ ਆਰਐੱਨ ਰਵੀ ਅਤੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਨੇ ਉਨ੍ਹਾਂ ਦੀ ਛੇਤੀ ਸਿਹਤਯਾਬੀ ਦੀ ਕਾਮਨਾ ਕੀਤੀ ਹੈ। ਉਨ੍ਹਾਂ ਦੇ ਅਣਗਿਣਤ ਪ੍ਰਸੰਸਕਾਂ ਨੇ ਵੀ ਉਨ੍ਹਾਂ ਲਈ ਦੁਆਵਾਂ ਤੇ ਸ਼ੁਭਕਾਨਾਵਾਂ ਦੇ ਸੰਦੇਸ਼ ਭੇਜੇ ਹਨ।
ਹਸਪਤਾਲ ਵੱਲੋਂ ਇਸ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਗਈ। ਉਂਝ ਹਸਪਤਾਲ ਦੇ ਸੂਤਰਾਂ ਨੇ ਕਿਹਾ, ‘‘ਉਨ੍ਹਾਂ ਨੂੰ ਹਾਜ਼ਮੇ ਸਬੰਧੀ ਸਮੱਸਿਆ ਕਾਰਨ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ ਤੇ ਹੁਣ ਉਨ੍ਹਾਂ ਦੀ ਹਾਲਤ ਸਥਿਰ ਹੈ। ਅੱਜ ਉਨ੍ਹਾਂ ਦੇ ਕੁਝ ਪਹਿਲੋਂ ਤੈਅ ਟੈਸਟ ਕੀਤੇ ਜਾਣਗੇ।’’