Food Articles

ਖਰਬੂਜੇ ਦੇ ਖੇਤ/ਵਾੜੇ

ਹੁਣ ਤਾਂ ਖਰਬੂਜੇ ਦੀਆਂ ਐਨੀਆਂ ਆਧੁਨਿਕ ਕਿਸਮਾਂ ਆ ਗਈਆਂ ਹਨ ਕਿ ਇਹ ਸ਼ਹਿਰੀ ਫਲ ਬਣ ਗਿਆ ਹੈ ਅਤੇ ਸਧਾਰਨ ਪੇਂਡੂਆਂ ਦੇ ਲਿਬੜੇ-ਤਿਬੜੇ ਹੱਥਾਂ ‘ਚੋਂ ਨਿਕਲ ਕੇ ਆਧੁਨਿਕ ਪੰਜ ਤਾਰਾ ਹੋਟਲਾਂ ਦੇ ਲਜ਼ੀਜ਼ ਫਲਾਂ ਵਿਚ ਪਰੋਸਿਆ ਜਾਂਦਾ ਹੈ!
ਲੇਖਕ: ਪ੍ਰੋ. ਜਸਵੰਤ ਸਿੰਘ ਗੰਡਮ, ਫਗਵਾੜਾ

ਬਾਜ਼ਾਰ ਵਿੱਚ ਖਰਬੁੂਜੇ ਵਿਕਦੇ ਦੇਖ ਕੇ ਸਾਨੂੰ ਆਪਣਾ ਬਚਪਨ ਯਾਦ ਆ ਗਿਆ। ਸਾਡਾ ਬਚਪਨ ਅਤੇ ਲੜਕਪਨ ਛੱਲ਼ੀਆਂ ਚੱਬਣ, ਅੰਬ ਤੇ ਗੰਨੇ ਚੂਪਣ, ਖਰਬੂਜੇ/ਹਦਵਾਣੇ ਅਤੇ ਕੱਚੀਆਂ ਅੰਬੀਆਂ ਖਾਣ ‘ਚ ਬੀਤਿਐ।

ਉਦੋਂ ਖਰਬੂਜੇ ਨੂੰ ਪੇਂਡੂ ਫਲ ਸਮਝਿਆ ਜਾਂਦਾ ਸੀ ਅਤੇ ਲਗਭਗ ਹਰ ਜ਼ਿਮੀਦਾਰ ਜਾਂ ਤਾਂ ਵੇਚਣ ਲਈ ਤੇ ਜਾਂ ਘਰ ਖਾਣ ਲਈ ਇਹ ਫਲ ਜ਼ਰੂਰ ਬੀਜਦਾ ਸੀ। ਹੁਣ ਤਾਂ ਖਰਬੂਜੇ ਦੀਆਂ ਐਨੀਆਂ ਆਧੁਨਿਕ ਕਿਸਮਾਂ ਆ ਗਈਆਂ ਹਨ ਕਿ ਇਹ ਸ਼ਹਿਰੀ ਫਲ ਬਣ ਗਿਆ ਹੈ ਅਤੇ ਸਧਾਰਨ ਪੇਂਡੂਆਂ ਦੇ ਲਿਬੜੇ-ਤਿਬੜੇ ਹੱਥਾਂ ‘ਚੋਂ ਨਿਕਲ ਕੇ ਆਧੁਨਿਕ ਪੰਜ ਤਾਰਾ ਹੋਟਲਾਂ ਦੇ ਲਜ਼ੀਜ਼ ਫਲਾਂ ਵਿਚ ਪਰੋਸਿਆ ਜਾਂਦਾ ਹੈ! (ਅਸੀਂ ਤਾਂ ਹਦਵਾਣਾ ਅੱਧ ਵਿਚਾਲਿਉਂ ਪਾੜ ਕੇ ਹੱਥਾਂ ਨਾਲ ਹੀ ਖਾਂਦੇ ਸਾਂ, ਏਦਾਂ ਹੀ ਖਰਬੂਜੇ ਦੀਆਂ ਫਾੜੀਆਂ ਵੀ ਰੱਬ ਦੀਆਂ ਬਖਸ਼ੀਆਂ ਫੋਰਕਾਂ (ਕਾਂਟੇ), ਭਾਵ ਉਂਗਲਾਂ ਨਾਲ ਹੀ ਛਕਦੇ ਸਾਂ)।

ਖਰਬੂਜੇ ਨਾਲ ਸਬੰਧਤ ਦੋ ਅਖਾਣ ਬੜੇ ਪ੍ਰਚੱਲਿਤ ਹਨ, ਇਹਨਾਂ ‘ਚੋਂ ਇੱਕ ਵਧੇਰੇ ਵਰਤੋਂ ਵਿਚ ਆਉਂਦਾ ਹੈ ‘ਤੇ ਉਹ ਹੈ-‘ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਫੜਦੈ’। ਇਸ ਦਾ ਅਰਥ ‘ਜੈਸੀ ਸੰਗਤ, ਤੈਸੀ ਰੰਗਤ’ ਹੈ। ਭਾਵ ਸੋਹਬਤ ਦਾ ਅਸਰ ਸੁਭਾ ‘ਤੇ ਹੋਣਾ ਲਾਜ਼ਮੀ ਹੈ। ਕਿਹਾ ਜਾਂਦੇ ਕਿ ‘ਜੈਸੀ ਦ੍ਰਿਸ਼ਟੀ, ਤੈਸੀ ਸ੍ਰਿਸ਼ਟੀ’, ’ਜੈਸਾ ਆਹਾਰ ਤੈਸਾ ਆਚਾਰ/ਵਿਵਹਾਰ/ਕਿਰਦਾਰ’, ’ਜੈਸਾ ਅੰਨ, ਤੈਸਾ ਤਨ’ ਅਤੇ ‘ਜੈਸੀ ਸੰਗਤ, ਤੈਸੀ ਰੰਗਤ’! ਇਸੇ ਲਈ ਤਾਂ ਸਿਆਣੇ ਸਲਾਹ ਦਿੰਦੇ ਹਨ ਕਿ ਮਾੜੀ ਸੋਹਬਤ ਨਾਲੋਂ ‘ਕੱਲੇ ਚੰਗੇ!

ਦੂਸਰਾ ਅਖਾਣ ਜ਼ਰਾ ਘਟ ਵਰਤੋਂ ਵਿਚ ਆਉਂਦਾ ਹੈ ਕਿ ‘ਖਰਬੂਜੇ ਦੇ ਖੇਤ ਵਿੱਚ ਵੜ ਕੇ ਖਰਬੂਜਾ ਪਸੰਦ ਨਹੀਂ ਆਉਂਦਾ’। ਜਾਣੀ, ਜੇ ਕਿਸੇ ਪਦਾਰਥ ਜਾਂ ਚੀਜ਼ ਦੀ ਬਹੁਤਾਤ ਹੋਵੇ ਤਾਂ ਪਸੰਦ ਦੀ ਵਸਤ ਦੀ ਚੋਣ ਕਰਨੀ ਔਖੀ ਹੋ ਜਾਂਦੀ ਹੈ। ਇਹ ਗੱਲ ਅਸੀਂ ਆਪ ਅਜ਼ਮਾਈ ਹੈ, ਅਜ਼ਮਾਈ ਕੀ, ਹੰਢਾਈ ਹੈ। (ਵੈਸੇ ਅਖਾਣ ਹੋਰ ਵੀ ਹਨ, ਜਿਵੇਂ-ਖੜ/ਖਰ, ਖਰਬੂਜਾ, ਭੱਖੜਾ/ਭੱਸਰਾ, ਚੌਥਾ ਗੱਡੀਵਾਨ/ਚਾਰੇ ਮੀਂਹ ਨਾਂ ਭਾਲਦੇ, ਚਾਹੇ ਉੱਜੜ ਜਾਏ ਜਹਾਨ, ਖਰਬੂਜੇ ਵਾਂਗ ਸਿਰ ਪਾੜ ਦੇਣਾ, ਖਰਬੂਜੇ ਦੀਆਂ ਕਤਲੀਆਂ ਵਰਗੇ ਤਿੱਖੇ ਨੈਣ-ਨਕਸ਼)

ਸਾਡਾ ਬਚਪਨ ਆਪਣੇ ਨਾਨਕਾ ਪਿੰਡ ਸਲੀਮਪੁਰ ਅਫਗਾਨਾ (ਗੁਰਦਾਸਪੁਰ) ਵਿਚ ਬਤੀਤ ਹੋਇਆ ਹੈ। ਉਦੋਂ ਮੈਰੇ (ਰੇਤਲੀ) ਵਾਲੀ ਜ਼ਮੀਨ ਵਿਚ ਖਰਬੂਜੇ ਬੜੇ ਬੀਜੇ ਜਾਂਦੇ ਸਨ। ਮੇਰੇ ਨਾਨਕਿਆਂ ਦੇ ਖੇਤਾਂ ਦੇ ਨਾਲ ਹੀ ਮੇਰੇ ਨਾਨਾ ਜੀ ਦੇ ਦੋ ਸਕੇ ਭਰਾਵਾਂ ਦੇ ਖੇਤ ਹੁੰਦੇ ਸਨ ‘ਤੇ ਉਹਨਾਂ ਵਿਚ ਵੀ ਖਰਬੂਜੇ ਬੀਜੇ ਜਾਂਦੇ ਸਨ। ਜਾਣੀ ਅੱਠ-ਦਸ ਖੇਤਾਂ ਵਿਚ ਖਰਬੂਜੇ ਹੀ ਖਰਬੂਜੇ ਹੁੰਦੇ ਸਨ। ਐਂ ਲਗਦਾ ਹੁੰਦਾ ਸੀ ਕਿ ਖਰਬੂਜਿਆਂ ਦੀਆਂ ਧਰਤੀ ਉਪਰ ਲੇਟਵੀਆਂ ਵੇਲਾਂ, ਉਹਨਾਂ ਦੇ ਪੱਤਿਆਂ ਤੇ ਖਰਬੂੁਜਿਆਂ ਨੇ ਸਾਰੀ ਧਰਤ ਨੂੰ ਇਕ ਹਰੀ ਚਾਦਰ ਵਿੱਚ ਲਪੇਟਿਆ ਹੋਵੇ। ਪੱਕਣ ਤੋਂ ਪਹਿਲਾਂ ਖਰਬੂਜੇ ਵੀ ਹਰੇ ਹੁੰਦੇ ਹਨ, ਪੱਤੇ ਵੀ ‘ਤੇ ਵੇਲਾਂ ਵੀ। ਬਾਦ ਵਿਚ ਰੰਗ ਵਟਾਉਂਦੇ ਹਨ। ਭਾਵ, ਰੰਗ ਬਰੰਗੇ ਹੋ ਜਾਂਦੇ ਹਨ।

ਸਾਡੇ ਸਕੂਲ ਦੇ ਰਾਹ ਵਿਚ ਪੈਂਦੇ ਸਨ ਇਹ ਖੇਤ। ਗੁਰਦਾਸ ਨੰਗਲ ਦੇ ਸਕੂਲ ਤੋਂ ਪਰਤਦਿਆਂ ਅਸੀਂ 4-5 ਜਣੇ ਖਰਬੂੁਜਿਆਂ ਦੇ ਖੇਤਾਂ ਵਿਚ ਵੜ ਜਾਂਦੇ। ਮੈਂ ਤਾਂ ਦੋਹਤਰਵਾਨ ਸੀ, ਇਸ ਲਈ ਕਿਸੇ ਵੀ ਖੇਤ ਵਿਚ ਜਾ ਵੜਦਾ।ਉਦੋਂ ਭਾਈਚਾਰਾ ਬਹੁਤ ਹੁੰਦਾ ਸੀ। ਇੱਕ ਘਰ ਦਾ ਦੋਹਤਾ/ਦੋਹਤਰਾ ਸਭ ਘਰਾਂ ਦਾ ਦੋਹਤਾ ਸਮਝਿਆ ਜਾਂਦਾ ਸੀ। ਮੇਰੀ ਇੱਕ ਹਮਜਮਾਤਣ ਰਾਜਵੰਤ (ਗੋਗੀ)‘ਤੇ ਇੱਕ ਸੀਨੀਅਰ ਰਣਜੀਤ ਸਕੀਆਂ ਭੈਣਾਂ ਸਨ ‘ਤੇ ਮੇਰੀ ਮਾਂ ਦੇ ਸਕੇ ਚਾਚਾ ਜੀ ਦੀਆਂ ਬੇਟੀਆਂ ਸਨ। ਸੋ, ਚਾਚਾ ਜੀ ਦੇ ਖੇਤ ਵੀ ਆਪਣੇ ਹੀ ਹੋਏ। ਇੱਕ ਹੋਰ ਚਾਚਾ ਜੀ ਦਾ ਬੇਟਾ ਜਗੀਰ ਵੀ ਨਾਲ ਪੜ੍ਹਦਾ ਸੀ। ਸੋ, ਉਸ ਦੇ ਖੇਤਾਂ ਦੇ ਖਰਬੂਜੇ ਵੀ ਸਾਡੇ!

ਇੱਕ ਖੇਤ ਦੇ ਇੱਕ ਕੋਨੇ ਤੋਂ ਚੰਗੇ/ਮਨਪਸੰਦ ਖਰਬੂਜੇ ਦੀ ਭਾਲ ਕਰਦਿਆਂ ਕਰਦਿਆਂ ਸਾਰੇ ਖੇਤ ਗਾਹ ਦੇਣੇ ਪਰ ਕੋਈ ਖਰਬੂਜਾ ਨਾ ਪਸੰਦ ਆਉਣਾ। ਜੇ ਗੋਗੀ (ਰਾਜਵੰਤ) ਨੂੰ ਕੋਈ ਖਰਬੂਜਾ ਪਸੰਦ ਆ ਜਾਣਾ ਤਾਂ ਉਸ ਦੀ ਵੱਡੀ ਭੈਣ ਰਣਜੀਤ ਨੇ ਕਹਿਣਾ ਹੋਰ ਅਗੇ ‘ਵੇਂਹਦੇ’ ਆਂ। ਜੇ ਦੋਵਾਂ ਨੂੰ ਕੋਈ ਖਰਬੂਜਾ ਚੰਗਾ ਲੱਗਣਾ ਤਾਂ ਮੈਂ ਕਹਿ ਦੇਣਾ ਕਿ ਅਗਲੇ ਖੇਤ ਵਿਚ ਦੇਖਦੇ ਆਂ। ਦੋਸਤ ਦੀਪੇ ਦੀ ਵੱਖ ਚੋਣ ਹੋਣੀ। ਆਖਿਰ ਤੋੜਨਾਂ Eਹੀ ਜੋ ਪਹਿਲੇ ਖੇਤ ‘ਚ ਪਸੰਦ ਆਇਆ ਹੁੰਦਾ!

ਬੜੇ ਖਰਬੂਜੇ ਖਾਧੇ ਨਾਨਕਿਆਂ ਦੇ! ਕੱਚੇ ਵੀ, ਪੱਕੇ ਵੀ। ਕੱਚੇ ਖਰਬੂਜੇ ਨੂੰ ‘ਕਚਰਾ’, ਕਕੜੀ ਜਾਂ ਖਖੜੀ ਕਹਿੰਦੇ ਸਨ। ਇਕ ਲੰਬੂਤਰਾ ਜਿਹਾ ਖਰਬੂਜਾ ਹੁੰਦਾ ਸੀ, ਜਿਸ ਅੰਦਰੋਂ ਭੁਰਭੁਰਾ ਜਿਹਾ, ਘੱਟ ਮਿੱਠਾ ਫੁਰਫੁਰਾ ਪਦਾਰਥ ਨਿਕਲਦਾ ਸੀ, ਜੋ ਖਾਣ ਨੂੰ ਠੀਕ-ਠਾਕ ਜਿਹਾ ਹੁੰਦਾ ਸੀ । ਇਸ ਨੂੰ ਸ਼ਾਇਦ ‘ਵਡ-ਖਰਬੂਜਾ’ ਕਹਿੰਦੇ ਸਨ, ਕਿਉਂਕਿ ਇਸ ਦਾ ਆਕਾਰ ਅਤੇ ਸ਼ਕਲ ਵਡ ਨਾਂ ਦੀ ਸਬਜ਼ੀ ਵਰਗੇ ਹੁੰਦੇ ਸਨ।

ਖਰਬੂਜਾ-ਖਖੜੀ ਜੌੜੇ ਸ਼ਬਦ ਵਰਤੇ ਜਾਂਦੇ ਹਨ, ਬੇਸ਼ਕ ਦੋਵਾਂ ਦੇ ਅਰਥ ਵੱਖ ਵੱਖ ਹਨ।

ਹਦਵਾਣਾ, ਜਿਸ ਦਾ ਅਸਲੀ ਨਾਮ ਹਿੰਦਵਾਣਾ ਹੈ ਤੇ ਜਿਸ ਨੂੰ ਤਰਬੂਜ਼ ਜਾਂ ਮਤੀਰਾ (ਅੰਗਰੇਜ਼ੀ ‘ਚ ‘ਵਾਟਰ ਮੈਲਨ’) ਕਿਹਾ ਜਾਂਦੈ, ਵੀ ਗਰਮੀਆਂ ਦਾ ਫਲ ਹੈ ਜੋ ਮਾਰੂ ਜ਼ਮੀਨ ਜਾਂ ਮਾਰੂਥਲ ਦਾ ਫਲ ਮੰਨਿਆਂ ਜਾਂਦੈ।

ਭਾਈ ਕਾਨ੍ਹ ਸਿੰਘ ਨਾਭਾ ਦੇ ਮਹਾਨਕੋਸ਼ ਅਨੁਸਾਰ ਖਰਬੂਜਾ ਫਾਰਸੀ ਦਾ ਸ਼ਬਦ ਹੈ ਜਿਸ ਦਾ ਉਚਾਰਨ ਖੁਰਪੁਜ਼ਹ ਭੀ ਸਹੀ ਹੈ, ਸੰਸਕ੍ਰਿਤ ‘ਚ ਇਸ ਨੂੰ ਖੰਬੂਜ, ਉਵਾੰਰੁ ਅਤੇ ਦਸ਼ਾਗਲ ਕਹਿੰਦੇ ਹਨ। ਇਹ ਸਾਉਣੀ ਦੀ ਫਸਲ ਦਾ ਫਲ ਹੈ, ਜੋ ਵੇਲ ਨੂੰ ਲਗਦਾ ਹੈ, ਇਸ ਦੀ ਤਾਸੀਰ ਗਰਮ ਤਰ ਹੈ। ਬਲੋਚਿਸਤਾਨ ਅਤੇ ਮਿਸਰ ਦੇ ਖਰਬੂਜੇ ਬਹੁਤ ਮਿੱਠੇ ਹੁੰਦੇ ਹਨ, ਕਾਬੁਲੀ ਸਰਦਾ ਭੀ ਇਸੇ ਜਾਤ ਵਿਚੋਂ ਹੈ।

ਕੋਸ਼ ਅਨੁਸਾਰ ਖੱਖੜੀ ਜਾਂ ਕੱਕੜੀ ‘ਤਰ’ ਨੂੰ ਕਿਹਾ ਜਾਂਦੈ ਜੋ ਖੀਰੇ ਦੀ ਜਾਤ ਦਾ ਲੰੰਮਾ ਹਰਾ ਫਲ ਹੁੰਦਾ ਹੈ। ਪਰ ਖੱਖੜੀ ਅੱਕ ਨੂੰ ਲਗਣ ਵਾਲੇ ਉਸ ਅੰਬੀ ਵਰਗੇ ਦਿਸਦੇ ਪਦਾਰਥ ਨੂੰ ਵੀ ਕਹਿੰਦੇ ਹਨ ਜੋ ਕੌੜਾ ਹੁੰਦੈ ਤੇ ਜਿਸ ‘ਚੋਂ ਰੂੰ ਦੇ ਫੰਬੇ ਹਵਾ ਵਿਚ ਉਡਦੇ ਹਨ-“ਖੱਖੜੀਆ ਸੁਹਾਵੀਆ ਲਗੜੀਆ ਅਕ ਕੰਠਿ”॥ (ਸ.ਗ.ਗ.ਸ.ਅੰਗ 319)

ਤਰਬੂਜ਼ ਸੰਸਕ੍ਰਿਤ ਦੇ ‘ਤਰੰਬੁਜ’ ਅਤੇ ਫਾਰਸੀ ਮੂਲ ਦੇ ‘ਹਿੰਦਵਾਣਾ’(ਮਤੀਰਾ) ਦਾ ਸ਼ਬਦ ਹੈ ਜੋ ਹਦਵਾਣੇ ਜਾਂ ਤਰਬੂਜ਼ ਵਜੋਂ ਬੋਲਣ ‘ਚ ਵਧੇਰੇ ਵਰਤਿਆ ਜਾਂਦਾ ਹੈ।

ਅੰਗਰੇਜ਼ੀ ਵਿਚ ਖਰਬੂਜੇ ਨੂੰ ‘ਮੈਲਨ’/ਮਸਕ ਮੈਲਨ ਕਹਿੰਦੇ ਹਨ। ਇਹ ਪੁਰਾਤਨ ਫਰਾਂਸਿਸੀ ਭਾਸ਼ਾ ਰਾਹੀਂ ਲਾਤੀਨੀ ਦੇ ‘ਮੇਲੋ’ ‘ਚੋਂ ਆਇਆ ਹੈ ਜੋ ‘ਮੈਲੋਪੈਪੋ’ ਸ਼ਬਦ ਦਾ ਛੋਟਾ ਕੀਤਾ ਰੂਪ ਹੈ। ਇਹ ਯੂਨਾਨੀ ਭਾਸ਼ਾ ਦੇ ਸ਼ਬਦ ‘ਮੈਲੋਪੈਪੋਨ’ ਦੀ ਉਪਜ ਹੈ ਜੋ ‘ਮੈਲਨ=ਐਪਲ’ ਅਤੇ ‘ਪੈਪੋਨ=ਗੌਰਡ’ ਦਾ ਜੋੜ ਹੈ, ਜਾਣੀ ਸੇਬ ਵਰਗਾ ਲਜ਼ੀਜ਼ ਕੱਦੂ/ਘੀਆ!

ਖਰਬੂਜਾ ਕੈਂਟਾਲੋਪ ਨਾਮ ਦੀ ਵਾਈਨ (ਵੇਲ) ਨੂੰ ਲਗਦਾ ਹੈ। ਦੇਸੀ ਖਰਬੂਜੇ ਪੱਕ ਕੇ ਅੰਦਰੋਂ ਸੰਗਤਰੀ ਰੰਗ ਦੇ ਹੋ ਜਾਂਦੇ ਹਨ। ਮਧੂ ਖਰਬੂਜਾ ਬਹੁਤ ਮਜ਼ੇਦਾਰ ਹੁੰਦੈ!

ਨਿਮਾਣੀ ਇਕਾਦਸ਼ੀ ਦੇ ਤਿਉਹਾਰ ਸਮੇਂ ਖਰਬੂਜੇ ਖਾਣਾ ਚੰਗਾ ਮੰਨਿਆਂ ਜਾਂਦਾ ਹੈ।

ਖਰਬੂਜੇ ਦੇ ਬੀਜਾਂ ‘ਚੋਂ ਮਗਜ਼ ਕੱਢੇ ਜਾਂਦੇ ਹਨ ਜੋ ਬੀਮਾਰੀਆਂ ਦੇ ਇਲਾਜ ਅਤੇ ਤਾਕਤ ਲਈ ਵਰਤੇ ਜਾਂਦੇ ਹਨ (ਅਸੀਂ ਆਪ ਬੀਜਾਂ ‘ਚੋਂ ਮਗਜ਼ ਕਢ ਕੇ ਖਾਦੇ ਰਹੇ ਹਾਂ)। ਖਰਬੂਜੇ ਵਿਚ ਵਿਟਾਮਿਨ ਏ, ਬੀ, ਸੀ, ਆਇਰਨ, ਫਾਸਫੋਰਸ ਅਤੇ ਕੈਲਸ਼ੀਅਮ ਹੁੰਦਾ ਹੈ। ਇਹ ਗਰਮ ਰੁੱਤ ਦੀ ਫਸਲ ਹੈ ਅਤੇ ਮਈ, ਜੂਨ ਵਿਚ ਖਰਬੂਜੇ ਪਕਦੇ ਹਨ। ਹੁਣ ਤਾਂ ਅਗੇਤੇ ਅਤੇ ਪਿਛੇਤੇ ਖਰਬੂਜੇ ਵੀ ਮਿਲਦੇ ਹਨ ਜੋ ਬੜੇ ਮਹਿੰਗੇ ਭਾਅ ਵੇਚੇ ਜਾਂਦੇ ਹਨ। ਪਰ ਮੌਸਮੀ ਫਲ਼ ਮੌਸਮੀ ਹੀ ਹੁੰਦੈ, ਉਸ ਦਾ ਭਲਾ ਕੀ ਜਵਾਬ !

ਵਿੱਕੀਪੀਡੀਆਂ ਅਨੁਸਾਰ ਮਸਕ ਮੈਲਨ ਈਰਾਨ, ਐਨਨਾਟੋਲਿਆ ਅਤੇ ਕਾਕੇਸ਼ਸ ਦੇ ਮੂਲ ਨਿਵਾਸੀ ਹਨ, ਜੋ ਬਾਦ ਵਿਚ ਉੱਤਰੀ-ਪੱਛਮੀ ਭਾਰਤ ਅਤੇ ਅਫਗਾਨਿਸਤਾਨ ਵਿਚ ਪੁਜੇ।

‘ਮਸਕ ਮੈਲਨ’ ‘ਕਿਕਿਯੂਮਿਸ ਮੈਲੋ’ ਦੀਆਂ ਵੱਖ ਵੱਖ ਕਿਸਮਾਂ ਹਨ, ਜਿਵੇਂ ਕੈਂਟਾਲੋਪ ਤੇ ਹਨੀ ਡਿਯੂ, ਜਿਹਨਾਂ ਕਿਸਮਾਂ ਦੇ ਫਲ ਵਿਚਲੇ ਪੀਲੇ, ਚਿੱਟੇ, ਹਰੇ ਰੰਗ ਦੇ ਮਿੱਠੇ ਗੁੱਦੇ ਦੀ ਕਸਤੂਰੀ ਵਰਗੀ ਖੁਸ਼ਬੂ ਹੁੰਦੀ ਹੈ! (ਸਰੋਤ-ਕੋਲਿਨਜ਼ ਇੰਗਲਿਸ਼ ਡਿਕਸ਼ਨਰੀ)।

ਹਦਵਾਣੇ ਦੀ ਸ਼ੁਰੂਆਤ ਦੱਖਣੀ ਅਫਰੀਕਾ ਤੋਂ ਹੋਈ ਦੱਸੀ ਜਾਂਦੀ ਹੈ। ਮਾਰੂਥਲ ਜਾਂ ਰੇਤੀਲੀ/ਬਰਾਨੀ ਜ਼ਮੀਨ ਦੇ ਇਸ ਫਲ ਵਿੱਚ ਪ੍ਰੋਟੀਨ, ਖਣਿਜ ਅਤੇ ਕਾਰਬੋਹਾਈਡਰੇਟ ਦੇ ਨਾਲ-ਨਾਲ ਭਾਰੀ ਮਾਤਰਾ ਵਿਚ ਪਾਣੀ ਹੁੰਦਾ ਹੈ (ਕਰੀਬ 92%)।

ਖੈਰ, ਖਰਬੂਜਾ ਤਾਂ ਸਾਡਾ ਆਖਰੀ ਸਾਹ ਤਕ ਪਸੰਦੀਦਾ ਫਲ ਰਹੇਗਾ। ਤੇ ਨਾਨਕਿਆਂ ਦੇ ਖੇਤਾਂ ਨੂੰ ਗਾਹ-ਗਾਹ ਕੇ ਲੱਭੇ ਮਨਪਸੰਦ ਖਰਬੂਜੇ ਤਾਂ ਮਰ ਕੇ ਵੀ ਨਹੀਂ ਭੁੱਲਣੇ!

Related posts

‘ਆਪ’ ਦੇ ਸੰਜੀਵ ਅਰੋੜਾ ਦੀ ‘ਜਿੱਤ’ ਅਤੇ ਬਾਕੀ 13 ਉਮੀਦਵਾਰ ਕਿਵੇਂ ਹੋਏ ‘ਚਿੱਤ’ ?

admin

ਹਾਰ ਤੋਂ ਬਾਅਦ ਭਾਰਤ ਭੂਸ਼ਣ ਆਸ਼ੂ ਦਾ ਅਸਤੀਫਾ, ਚੋਣ ਹਾਰਨ ਦਾ ਸਾਨੂੰ ਬੇਹੱਦ ਅਫ਼ਸੋਸ: ਰਾਜਾ ਵੜਿੰਗ

admin

ਪ੍ਰਧਾਨ ਮੰਤਰੀ ਮੋਦੀ ਨੇ ਈਰਾਨ ਦੇ ਰਾਸ਼ਟਰਪਤੀ ਨਾਲ ਗੱਲ ਕਰਕੇ ਤਣਾਅ ਘਟਾਉਣ ਦੀ ਅਪੀਲ !

admin