ਅੰਮ੍ਰਿਤਸਰ – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਬੱਚਿਆਂ ਨੂੰ ਅਧਿਆਪਕ ਕਿੱਤੇ ਨਾਲ ਸਬੰਧਿਤ ਉਚ ਤਾਲੀਮ ਮੁਹੱਈਆ ਕਰਵਾਉਣ ਦੇ ਮਕਸਦ ਤਹਿਤ ਸੰਨ 1954 ’ਚ ਸਥਾਪਿਤ ਕੀਤਾ ਗਿਆ ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ, ਜੀ. ਟੀ. ਰੋਡ ਨੂੰ ਨੈਸ਼ਨਲ ਅਸਸਮੈਂਟ ਅਤੇ ਅਕਰੈਂਡੀਟੇਸ਼ਨ ਕੌਸਲ ਵੱਲੋਂ ‘ਏ ++ ਗਰੇਡ’ ਨਾਲ ਨਿਵਾਜੇ ਜਾਣ ’ਤੇ ਅੱਜ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਧਾਰਮਿਕ ਸਮਾਗਮ ‘ਸ਼ੁਕਰਾਨਾ ਦਿਵਸ’ ਮਨਾਇਆ ਗਿਆ। ਇਸ ਮੌਕੇ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ, ਫ਼ਾਇਨਾਂਸ ਸਕੱਤਰ ਸ: ਗੁਨਬੀਰ ਸਿੰਘ ਅਤੇ ਸ: ਅਜਮੇਰ ਸਿੰਘ ਹੇਰ ਨੇ ਗੁਰੂ ਚਰਨਾਂ ’ਚ ਸੀਸ ਨਿਵਾਉਂਦਿਆਂ ਵਾਹਿਗੁਰੂ ਅੱਗੇ ਕਾਲਜ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ।
ਇਸ ਮੌਕੇ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਦੁਆਰਾ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਉਪਰੰਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਕੇ ਸੰਗਤ ਨੂੰ ਗੁਰ ਜਸ ਨਾਲ ਜੋੜਿਆ ਗਿਆ। ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੀ ਅਗਵਾਈ ਹੇਠ ਕਰਵਾਏ ਇਸ ਧਾਰਮਿਕ ਸਮਾਗਮ ਮੌਕੇ ਸ: ਛੀਨਾ ਨੇ ਕਾਲਜ ਸਬੰਧਿਤ ਸਮੂਹ ਵਿਭਾਗੀ ਟੀਮ ਅਤੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਦੁਆਰਾ ਸੰਸਥਾ ਪ੍ਰਤੀ ਵਿਖਾਈ ਗਈ ਸਹਿਮਤੀ ਅਤੇ ਭਰੋਸੇ ਲਈ ਧੰਨਵਾਦ ਕੀਤਾ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਡਾ. ਕੁਮਾਰ ਨੇ ਪ੍ਰਿੰਸੀਪਲ ਵਜੋਂ ਅਹੁੱਦਾ ਸੰਭਾਲਿਆ ਹੈ, ਉਦੋਂ ਤੋਂ ਹੀ ਕਾਲਜ ਹੋਰ ਤਰੱਕੀ ਵੱਲ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਖੁਸ਼ਕਿਸਮਤ ਹਨ ਕਿ ਅਜਿਹੀ ਸੰਸਥਾ ’ਚ ਪੜ੍ਹ ਰਹੇ ਹਨ, ਜੋ ਕਿ ਪੂਰੇ ਉਤਰੀ ਭਾਰਤ ’ਚ ‘ਏ++’ ਦਾ ਦਰਜਾ ਹਾਸਲ ਕਰਨ ਵਾਲਾ ਇਕਲੌਤਾ ਟੀਚਰ ਟੇ੍ਰਨਿੰਗ ਵਿੱਦਿਅਕ ਅਦਾਰਾ ਹੈ। ਉਨ੍ਹਾਂ ਸਮੂਹ ਅਧਿਆਪਕਾਂ ਅਤੇ ਪ੍ਰਿੰਸੀਪਲ ਵੱਲੋਂ ਦਰਜਾ ਪ੍ਰਾਪਤ ਕਰਨ ਲਈ ਕੀਤੀ ਮਿਹਨਤ ਨੂੰ ਸਲਾਹੁਉਂਦਿਆਂ ਕਿਹਾ ਕਿ ਮੈਨੇਜ਼ਮੈਂਟ ਨੂੰ ਉਨ੍ਹਾਂ ’ਤੇ ਮਾਣ ਹੈ।
ਇਸ ਮੌਕੇ ਪ੍ਰਿੰ: ਡਾ. ਕੁਮਾਰ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਉਹ ਸ਼ੁਕਰਗੁਜ਼ਾਰ ਹਨ ਮੈਨੇਜ਼ਮੈਂਟ ਦੇ ਜਿਨ੍ਹਾਂ ਦੀ ਯੋਗ ਅਗਵਾਈ ’ਚ ਕਾਲਜ ਇਸ ਅਵੱਲ ਦਰਜੇ ਦਾ ਮੁਕਾਮ ਪ੍ਰਾਪਤ ਕਰਨ ’ਚ ਸਫ਼ਲ ਹੋਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਮਿਹਨਤ ਤੋਂ ਇਲਾਵਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਅਸ਼ੀਰਵਾਦ ਜਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਇਹ ਕਾਲਜ ਉਤਰੀ ਭਾਰਤ ਦਾ ਪਹਿਲਾਂ ਅਜਿਹਾ ਐਜ਼ੂਕੇਸ਼ਨ ਕਾਲਜ ਹੈ, ਜਿਸ ਨੇ ‘ਏ++ ਗ੍ਰੇਡ’ ਹਾਸਲ ਕਰਨ ਦਾ ਮਾਣ ਹਾਸਲ ਕੀਤਾ ਹੈ।
ਇਸ ਮੌਕੇ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਖ਼ਾਲਸਾ ਕਾਲਜ ਫ਼ਿਜੀਕਲ ਐਜ਼ੂਕੇਸ਼ਨ ਪ੍ਰਿੰਸੀਪਲ ਡਾ. ਕੰਵਲਜੀਤ ਸਿੰਘ, ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ, ਵਾਈਸ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ, ਡਾ. ਨਿਰਮਲਜੀਤ ਕੌਰ, ਪ੍ਰੋ: ਦੀਪਿਕਾ, ਪ੍ਰੋ: ਮਨਿੰਦਰ ਕੌਰ, ਪ੍ਰੋ: ਰਾਜਵਿੰਦਰ ਕੌਰ, ਪੂਨਮਪ੍ਰੀਤ ਕੌਰ ਆਦਿ ਸਮੇਤ ਸਮੂਹ ਕਾਲਜ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸੀ।