ਮੁੰਬਈ – ਬਾਲੀਵੁੱਡ ਐਕਟਰ ਅਤੇ ਸ਼ਿਵ ਸੈਨਾ ਦੇ ਨੇਤਾ ਗੋਵਿੰਦਾ ਨੂੰ ਬੀਤੇ ਦਿਨ ਮੁੰਬਈ ਵਿੱਚ ਖੁਦ ਦੀ ਗੋਲੀ ਨਾਲ ਜ਼ਖਮੀ ਹੋਣ ਤੋਂ ਬਾਅਦ ਕ੍ਰਿਟੀਕੇਅਰ ਏਸ਼ੀਆ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।
ਬਾਲੀਵੁੱਡ ਐਕਟਰ ਅਤੇ ਸ਼ਿਵ ਸੈਨਾ ਦੇ ਨੇਤਾ ਗੋਵਿੰਦਾ ਦੀ ਲੱਤ ‘ਚ 1 ਅਕਤੂਬਰ ਨੂੰ ਤੜਕੇ 5 ਵਜੇ ਆਪਣੇ ਹੀ ਰਿਵਾਲਵਰ ਦੀ ਗੋਲੀ ਲੱਗ ਗਈ ਸੀ ਅਤੇ ਉਸ ਨੂੰ ਕ੍ਰਿਟੀਕੇਅਰ ਏਸ਼ੀਆ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਸੀ। ਜਦੋਂ ਇਹ ਘਟਨਾ ਵਾਪਰੀ ਤਾਂ ਉਸ ਵੇਲੇ ਗੋਵਿੰਦਾ ਦੀ ਪਤਨੀ ਸੁਨੀਤਾ ਆਹੂਜਾ ਜੈਪੁਰ ਵਿੱਚ ਸੀ ਅਤੇ ਖ਼ਬਰ ਸੁਣ ਕੇ ਉਹ ਮੁੰਬਈ ਆ ਗਈ। ਇਸ ਦੌਰਾਨ ਡਾਕਟਰਾਂ ਦੀ ਦੇਖਰੇਖ ਹੇਠ ਗੋਵਿੰਦਾ ਦਾ ਇਲਾਜ ਕੀਤਾ ਗਿਆ ਅਤੇ 4 ਅਕਤੂਬਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ।
ਇਸ ਸਾਰੀ ਘਟਨਾ ਦਾ ਜਿ਼ਕਰ ਕਰਦਿਆਂ ਗੋਵਿੰਦਾ ਨੇ ਦੱਸਿਆ ਕਿ, “ਮੈਂ ਵਿਸ਼ਵਾਸ ਨਹੀਂ ਕਰ ਸਕਦਾ ਸੀ ਕਿ ਕੀ ਹੋਇਆ। ਮੈਂ ਇੱਕ ਸ਼ੋਅ ਲਈ ਕੋਲਕਾਤਾ ਜਾ ਰਿਹਾ ਸੀ। ਸਵੇਰ ਦੇ 5 ਵਜੇ ਦਾ ਸਮਾਂ ਸੀ। ਮੈਂ ਰਿਵਾਲਵਰ ਸਾਫ਼ ਕਰਨ ਲੱਗਾ। ਗਲਤੀ ਨਾਲ ਟਰਿੱਗਰ ਚਲ ਗਿਆ। ਮੈਂ ਅਜਿਹੀ ਹਾਲਤ ਵਿੱਚ ਸੀ ਕਿ ਗੋਲੀ ਸਿੱਧੀ ਮੇਰੀ ਲੱਤ ਵਿੱਚ ਲੱਗੀ। ਲੱਤ ਵਿੱਚੋਂ ਖੂਨ ਦਾ ਫੁਹਾਰਾ ਵਹਿਣ ਲੱਗਾ। ਮੈਂ ਖੁਦ ਵੀਡੀਓ ਰਿਕਾਰਡ ਕੀਤੀ ਅਤੇ ਆਪਣੇ ਡਾਕਟਰ ਨੂੰ ਭੇਜ ਦਿੱਤੀ। ਹੁਣ ਮੈਂ ਕਹਾਂਗਾ ਕਿ ਅਜਿਹੇ ਮਾਮਲੇ ਵਿੱਚ ਸਾਵਧਾਨੀ ਵਰਤਣੀ ਚਾਹੀਦੀ ਹੈ। ਮੈਂ ਯਕੀਨੀ ਬਣਾਵਾਂਗਾ ਕਿ ਅਜਿਹਾ ਕਿਸੇ ਨਾਲ ਨਾ ਹੋਵੇ। ਮੈਂ ਮੁੱਖ ਮੰਤਰੀ ਏਕਨਾਥ ਸ਼ਿੰਦੇ, ਪੁਲਿਸ ਪ੍ਰਸ਼ਾਸਨ, ਪ੍ਰੈਸ ਅਤੇ ਆਪਣੇ ਸਾਰੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਾ ਹਾਂ। ਤੁਹਾਡੀਆਂ ਸਾਰਿਆਂ ਦੀਆਂ ਦੁਆਵਾਂ ਸਦਕਾ ਮੈਂ ਠੀਕ ਹੋ ਕੇ ਵਾਪਸ ਆ ਗਿਆ ਹਾਂ। ਜਿੱਥੇ ਕਿਤੇ ਵੀ ਮੇਰੇ ਲਈ ਅਰਦਾਸਾਂ ਕੀਤੀਆਂ ਗਈਆਂ, ਮੈਂ ਉਨ੍ਹਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ।