Punjab

ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਦੇ ਦੋਸ਼ ਹੇਠ ਕਬੱਡੀ ਖਿਡਾਰੀ ਗ੍ਰਿਫਤਾਰ !

ਨਵੀਂ ਦਿੱਲੀ = ਇੰਦਰਾ ਗਾਂਧੀ ਕੌਮਾਂਤਰੀ (ਆਈਜੀਆਈ) ਹਵਾਈ ਅੱਡਾ ਪੁਲੀਸ ਨੇ ਲੋਕਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਵਿਦੇਸ਼ ਭੇਜਣ ਦੇ ਦੋਸ਼ ਹੇਠ ਕੌਮੀ ਪੱਧਰ ਦੇ ਸਾਬਕਾ ਕਬੱਡੀ ਖਿਡਾਰੀ ਨੂੰ ਮੋਗਾ ਤੋਂ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਮਨਦੀਪ ਸਿੰਘ (42) ਵਾਸੀ ਤਲਵੰਡੀ ਚੌਧਰੀਆਂ (ਕਪੂਰਥਲਾ) ਵਜੋਂ ਹੋਈ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਅਮਰੀਕਾ ਤੋਂ ਡਿਪੋਰਟ ਕੀਤੇ ਜਲੰਧਰ ਦੇ 20 ਸਾਲਾ ਮਨਿੰਦਰ ਪਾਲ ਸਿੰਘ ਨੂੰ 14 ਦਸੰਬਰ ਨੂੰ ਆਈਜੀਆਈ ਹਵਾਈ ਅੱਡੇ ’ਤੇ ਪਾਸਪੋਰਟ ਨਾਲ ਛੇੜਛਾੜ ਕਰਨ ਦੇ ਹੇਠ ਗ੍ਰਿਫਤਾਰ ਕੀਤਾ ਗਿਆ। ਪੁੱਛ-ਪੜਤਾਲ ਦੌਰਾਨ ਮਨਿੰਦਰ ਨੇ ਦੱਸਿਆ ਕਿ ਮਨਦੀਪ ਸਿੰਘ ਨੇ ਉਸ ਕੋਲੋਂ 41 ਲੱਖ ਰੁਪਏ ਲੈ ਕੇ ਗੈਰ-ਕਾਨੂੰਨੀ ਰੂਟਾਂ ਰਾਹੀਂ ਅਮਰੀਕਾ ਭੇਜਣ ਦਾ ਭਰੋਸਾ ਦਿੱਤਾ ਸੀ। ਉਸ ਨੇ ਕਜ਼ਾਖਸਤਾਨ, ਦੁਬਈ, ਸੈਨੇਗਲ, ਲੀਬੀਆ, ਨਿਕਾਰਾਗੁਆ, ਹੋਂਡੂਰਸ ਅਤੇ ਮੈਕਸੀਕੋ ਰਾਹੀਂ ਉਸ ਨੂੰ ਅਮਰੀਕਾ ਭੇਜਿਆ। ਉਸ ਦੇ ਕਹਿਣ ’ਤੇ ਮਨਿੰਦਰ ਨੇ ਪਾਸਪੋਰਟ ਤੋਂ ਛੇੜਛਾੜ ਕੀਤੇ ਪੰਨੇ ਹਟਾ ਦਿੱਤੇ ਪਰ ਅਮਰੀਕੀ ਅਧਿਕਾਰੀਆਂ ਨੂੰ ਇਸ ਬਾਰੇ ਪਤਾ ਲੱਗ ਗਿਆ ਅਤੇ ਉਸ ਨੂੰ ਵਾਪਸ ਭੇਜ ਦਿੱਤਾ ਗਿਆ। ਪੁਲੀਸ ਨੇ ਦੱਸਿਆ ਕਿ ਮਨਦੀਪ ਕਪੂਰਥਲਾ ਵਿੱਚ ਆਈਲੈਟਸ ਕੋਚਿੰਗ ਸੈਂਟਰ ਦੀ ਆੜ ਹੇਠ ਇਹ ਧੰਦਾ ਚਲਾ ਰਿਹਾ ਸੀ। ਉਂਜ ਉਹ ਸਰਕਾਰੀ ਸਕੂਲ ਵਿੱਚ ਅਧਿਆਪਕ ਹੈ ਪਰ ਜਲਦੀ ਪੈਸਾ ਕਮਾਉਣ ਲਈ ਉਸ ਨੇ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ। ਅਧਿਕਾਰੀ ਨੇ ਦੱਸਿਆ ਕਿ ਮਨਦੀਪ ਨੂੰ ਮੋਗਾ ਤੋਂ ਗ੍ਰਿਫਤਾਰ ਕਰਕੇ ਉਸ ਕੋਲੋਂ ਇਕ ਲਾਇਸੈਂਸੀ ਪਿਸਤੌਲ ਬਰਾਮਦ ਕੀਤਾ ਗਿਆ ਹੈ। ਉਸ ਨੇ ਦੋਸ਼ ਕਬੂਲ ਲਏ ਹਨ। ਪੁਲੀਸ ਅਨੁਸਾਰ ਮਨਦੀਪ ਸਕੂਲ ਪੜ੍ਹਦਿਆਂ ਕੌਮੀ ਪੱਧਰ ਦਾ ਕਬੱਡੀ ਅਤੇ ਹੈਂਡਬਾਲ ਖਿਡਾਰੀ ਰਿਹਾ ਹੈ।

Related posts

14 ਨੂੰ ਕੇਂਦਰ ਨਾਲ ਕੋਈ ਹੱਲ ਨਾ ਨਿਕਲਿਆ ਤਾਂ 25 ਨੂੰ ਕਰਾਂਗੇ ਦਿੱਲੀ ਕੂਚ: ਪੰਧੇਰ

admin

ਕਿਉਂ ਕੀਤੀਆਂ ਗਈਆਂ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਖਤਮ ?

admin

ਓ.ਪੀ.ਐਸ ਕਰੋ ਬਹਾਲ,ਨਹੀਂ ਤਾਂ ਦਿੱਲੀ ਵਰਗਾ ਹੋਵੇਗਾ ਹਾਲ: ਕੁਲਦੀਪ ਵਾਲੀਆ

admin