ਟੋਰਾਂਟੋ – ਕੈਨੇਡਾ ਨਾਟੋ ਦੇ 32 ਮੈਂਬਰ ਦੇਸ਼ਾਂ ਵਿੱਚੋਂ ਅਲੱਗ-ਥਲੱਗ ਪੈ ਗਿਆ ਹੈ। ਇੱਕ ਅਮਰੀਕੀ ਮੀਡੀਆ ਚੈਨਲ ਨੇ ਇਹ ਦਾਅਵਾ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਕੈਨੇਡਾ ਆਪਣਾ ਘਰੇਲੂ ਰੱਖਿਆ ਖਰਚਾ ਨਿਰਧਾਰਤ ਸੀਮਾ ਤੱਕ ਨਹੀਂ ਕਰ ਪਾ ਰਿਹਾ ਹੈ। ਇਸ ਕਾਰਨ ਕੈਨੇਡੀਅਨ ਫੌਜ ਦੇ ਬਹੁਤ ਸਾਰੇ ਸਾਜ਼ੋ-ਸਾਮਾਨ ਪੁਰਾਣੇ ਹੋ ਗਏ ਹਨ ਅਤੇ ਰੱਖਿਆ ਖਰਚ ਕਰਨਾ ਫਿਲਹਾਲ ਕੈਨੇਡੀਅਨ ਸਰਕਾਰ ਦੀ ਤਰਜੀਹ ਨਹੀਂ ਹੈ। ਇਹ ਰਿਪੋਰਟ ਅਜਿਹੇ ਸਮੇਂ ‘’ਚ ਸਾਹਮਣੇ ਆਈ ਹੈ, ਜਦੋਂ ਕੈਨੇਡੀਅਨ ਪੀ.ਐੱਮ ਜਸਟਿਨ ਟਰੂਡੋ ਨਾਟੋ ਦੀ ਬੈਠਕ ’ਚ ਸ਼ਾਮਲ ਹੋਣ ਲਈ ਵਾਸ਼ਿੰਗਟਨ ਡੀਸੀ ਪਹੁੰਚੇ ਹਨ। ਵਾਸ਼ਿੰਗਟਨ ਵਿੱਚ ਰਾਸ਼ਟਰਪਤੀ ਜੋਅ ਬਾਈਡੇਨ ਦੀ ਪ੍ਰਧਾਨਗੀ ਵਿੱਚ ਨਾਟੋ ਦੀ ਇੱਕ ਅਹਿਮ ਬੈਠਕ ਹੋ ਰਹੀ ਹੈ। ਨਾਟੋ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਟਰੂਡੋ ਕੈਨੇਡਾ ਦੇ ਯੋਗਦਾਨ ‘’ਤੇ ਬੋਲਣਗੇ, ਜਿਸ ਵਿਚ ਓਪਰੇਸ਼ਨ ਰੀ-ਅਸ਼ੋਰੈਂਸ ਵੀ ਸ਼ਾਮਲ ਹੈ ਜੋ ਕੈਨੇਡਾ ਦੀ ਸਭ ਤੋਂ ਵੱਡੀ ਸਰਗਰਮ ਵਿਦੇਸ਼ੀ ਫੌਜੀ ਤਾਇਨਾਤੀ ਹੈ, ਨਾਲ ਹੀ ਟਰੂਡੋ ਯੂਰੋ-ਐਟਲਾਂਟਿਕ ਖੇਤਰ ਦੀ ਸੁਰੱਖਿਆ ਅਤੇ ਸਥਿਰਤਾ ਲਈ ਕੈਨੇਡਾ ਦੀ ਵਚਨਬੱਧਤਾ ਵੀ ਪ੍ਰਗਟ ਕਰਨਗੇ। ਰਿਪੋਰਟ ਵਿੱਚ ਕਿਹਾ ਗਿਆ, ‘ਪਿਛਲੇ ਕਈ ਸਾਲਾਂ ਵਿੱਚ ਕੈਨੇਡਾ 32 ਮੈਂਬਰੀ ਗੱਠਜੋੜ ਵਿੱਚੋਂ ਅਲੱਗ-ਥਲੱਗ ਹੋ ਗਿਆ ਹੈ। ਇਹ ਘਰੇਲੂ ਫੌਜੀ ਖਰਚਿਆਂ ਦੇ ਟੀਚਿਆਂ ਨੂੰ ਪੂਰਾ ਕਰਨ ਵਿੱਚ ਅਸਫਲ ਰਿਹਾ ਹੈ ਅਤੇ ਨਾਲ ਹੀ ਨਵੇਂ ਉਪਕਰਨਾਂ ਨੂੰ ਫੰਡ ਦੇਣ ਲਈ ਨਿਰਧਾਰਤ ਮਾਪਦੰਡਾਂ ਤੋਂ ਵੀ ਘੱਟ ਹੈ। ਫਿਲਹਾਲ ਕੈਨੇਡਾ ਤੋਂ ਉਨ੍ਹਾਂ ਟੀਚਿਆਂ ਦੀ ਪ੍ਰਾਪਤੀ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ।