ਇਸਲਾਮਾਬਾਦ – ਪਾਕਿਸਤਾਨ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ। ਇਸ ਦੇ ਮੱਦੇਨਜ਼ਰ ਸਰਕਾਰ ਨੇ ਵੀਰਵਾਰ ਨੂੰ ਅਧਿਕਾਰਤ ਤੌਰ ‘ਤੇ ਰਾਸ਼ਟਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ।
ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨਡੀਐਮਏ) ਦੇ ਤਾਜ਼ਾ ਅੰਕੜਿਆਂ ਅਨੁਸਾਰ ਇੱਥੇ ਮੀਂਹ ਅਤੇ ਹੜ੍ਹਾਂ ਕਾਰਨ 343 ਬੱਚਿਆਂ ਸਮੇਤ 937 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਸ ਸਮੇਂ ਦੇਸ਼ ਵਿਚ ਘੱਟੋ-ਘੱਟ ਤਿੰਨ ਕਰੋੜ ਲੋਕ ਅਜਿਹੇ ਹਨ, ਜਿਨ੍ਹਾਂ ਦੇ ਸਿਰ ‘ਤੇ ਛੱਤ ਨਹੀਂ ਹੈ, ਭੁੱਖ ਮਿਟਾਉਣ ਲਈ ਭੋਜਨ ਨਹੀਂ ਹੈ ਅਤੇ ਇਹ ਗਿਣਤੀ ਵਧਦੀ ਜਾ ਰਹੀ ਹੈ।
ਐੱਨਡੀਐੱਮਏ ਦੇ ਹਵਾਲੇ ਨਾਲ ਆਪਣੀ ਰਿਪੋਰਟ ‘ਚ ਕਿਹਾ ਹੈ ਕਿ ਪਾਕਿਸਤਾਨ ‘ਚ 14 ਜੂਨ ਤੋਂ ਮਾਨਸੂਨ ਦੀ ਭਾਰੀ ਬਾਰਿਸ਼ ਜਾਰੀ ਹੈ, ਜੋ ਕਿ ਅਚਾਨਕ ਹੜ੍ਹਾਂ ਦਾ ਕਾਰਨ ਹੈ। ਇਸ ਕਾਰਨ ਸਿੰਧ ਸੂਬੇ ਵਿੱਚ ਸਭ ਤੋਂ ਵੱਧ 306 ਮੌਤਾਂ ਦਰਜ ਕੀਤੀਆਂ ਗਈਆਂ ਹਨ।
ਬਲੋਚਿਸਤਾਨ ਵਿੱਚ ਇਹੀ ਅੰਕੜਾ 234 ਹੈ, ਜਦੋਂ ਕਿ ਖੈਬਰ ਪਖਤੂਨਖਵਾ ਅਤੇ ਪੰਜਾਬ ਵਿੱਚ ਕ੍ਰਮਵਾਰ 185 ਅਤੇ 165 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਸ ਦੌਰਾਨ ਗਿਲਗਿਤ-ਬਾਲਟਿਸਤਾਨ ਵਿੱਚ 9 ਅਤੇ ਇਸਲਾਮਾਬਾਦ ਵਿੱਚ ਇੱਕ ਦੀ ਮੌਤ ਹੋਈ ਹੈ।
ਪਾਕਿਸਤਾਨ ਵਿੱਚ ਮੀਂਹ ਦੇ ਇਸ ਕਹਿਰ ਦੇ ਮੱਦੇਨਜ਼ਰ ਸਿੰਧ ਦੇ 23 ਜ਼ਿਲ੍ਹਿਆਂ ਨੂੰ ਆਫ਼ਤ ਪ੍ਰਭਾਵਿਤ ਘੋਸ਼ਿਤ ਕੀਤਾ ਗਿਆ ਹੈ। ਇੰਨਾ ਹੀ ਨਹੀਂ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਨੇ ਵੀ ਅੰਤਰਰਾਸ਼ਟਰੀ ਭਾਈਚਾਰੇ ਤੋਂ ਮਦਦ ਦੀ ਅਪੀਲ ਕੀਤੀ ਹੈ।
ਉਧਰ, ਪਾਕਿਸਤਾਨ ਦੀ ਜਲਵਾਯੂ ਪਰਿਵਰਤਨ ਮੰਤਰੀ ਸ਼ੈਰੀ ਰਹਿਮਾਨ ਨੇ ਮੰਨਿਆ ਕਿ ਮੀਂਹ ਕਾਰਨ ਰਾਹਤ ਕਾਰਜਾਂ ਵਿੱਚ ਵੀ ਮੁਸ਼ਕਲਾਂ ਆ ਰਹੀਆਂ ਹਨ ਕਿਉਂਕਿ ਖ਼ਰਾਬ ਮੌਸਮ ਕਾਰਨ ਹੈਲੀਕਾਪਟਰ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸਲਾਮਾਬਾਦ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼ੈਰੀ ਨੇ ਕਿਹਾ, ”ਪਾਕਿਸਤਾਨ ਇਸ ਸਮੇਂ ਮਾਨਸੂਨ ਦੇ ਅੱਠਵੇਂ ਚੱਕਰ ਵਿੱਚੋਂ ਗੁਜ਼ਰ ਰਿਹਾ ਹੈ। ਆਮ ਤੌਰ ‘ਤੇ ਇੱਥੇ ਸਿਰਫ਼ ਤੀਜਾ ਜਾਂ ਚੌਥਾ ਚੱਕਰ ਹੀ ਰਹਿੰਦਾ ਹੈ। ਅੰਕੜੇ ਦੱਸਦੇ ਹਨ ਕਿ ਸਤੰਬਰ ਮਹੀਨੇ ਵਿੱਚ ਪਾਕਿਸਤਾਨ ਵਿੱਚ ਇੱਕ ਹੋਰ ਚੱਕਰ ਆਉਣ ਦੀ ਸੰਭਾਵਨਾ ਹੈ।