Literature Australia & New Zealand

ਪੰਜਾਬੀ ਟੈਲੀ ਫਿਲਮ ‘ਇਕ ਲੰਬਾ ਜਿਹਾ ਹਉਕਾ’ ਦਾ ਪਹਿਲਾ ਪ੍ਰਦਰਸ਼ਨ ਮੈਲਬੌਰਨ ਵਿਖੇ ਹੋਇਆ !

ਪੰਜਾਬੀ ਟੈਲੀ ਫਿਲਮ ‘ਇਕ ਲੰਬਾ ਜਿਹਾ ਹਉਕਾ’ ਦਾ ਪਰੀਮੀਅਰ ਸੋਅ ਮੈਲਬੌਰਨ ਸਥਿਤ ਚਰਚ ਆਫ ਸਾਇਨਟੌਲੋਜੀ ਵਿਖੇ ਬੀਤੇ ਐਤਵਾਰ ਨੂੰ ਹੋਇਆ।
ਮੈਲਬੌਰਨ – ਕੈਨੇਡਾ ਰਹਿੰਦੇ ਪੰਜਾਬੀ ਲੇਖਕ ਰਵਿੰਦਰ ਸਿੰਘ ਸੋਢੀ ਦੀ ਪੰਜਾਬੀ ਕਹਾਣੀ ‘ਤੇ ਬਣੀ ਪੰਜਾਬੀ ਟੈਲੀ ਫਿਲਮ ‘ਇਕ ਲੰਬਾ ਜਿਹਾ ਹਉਕਾ’ ਦਾ ਪਰੀਮੀਅਰ ਸੋਅ ਮੈਲਬੌਰਨ ਸਥਿਤ ਚਰਚ ਆਫ ਸਾਇਨਟੌਲੋਜੀ ਵਿਖੇ ਬੀਤੇ ਐਤਵਾਰ ਨੂੰ ਹੋਇਆ। ਤਕਰੀਬਨ 200 ਮਹਿਮਾਨ ਹਾਜ਼ਰ ਸਨ। 45 ਮਿੰਟ ਦੀ ਇਸ ਫਿਲਮ ਵਿਚ ਇਹ ਦਿਖਾਉਣ ਦਾ ਯਤਨ ਕੀਤਾ ਗਿਆ ਕਿ ਇਨਸਾਨ ਦੀ ਜ਼ਿੰਦਗੀ ਵਿਚ ਕੁਝ ਵੀ ਨਿਸ਼ਚਿਤ ਨਹੀਂ ਹੈ। ਅਗਲੇ ਪਲ ਕੀ ਹੋਣਾ ਹੈ, ਇਸਦਾ ਅੰਦਾਜ਼ਾ ਕੋਈ ਨਹੀਂ ਲਾ ਸਕਦਾ। ਫਿਲਮ ਦੇ ਪਰਦਰਸ਼ਨ ਦੇ ਦੌਰਾਨ ਔਰਤਾਂ ਦੇ ਮਰਦਾਂ ਦੀਆਂ ਸਿਸਕੀਆਂ ਦੀ ਆਵਾਜ਼ ਆਉਂਦੀ ਰਹੀ।
ਕਹਾਣੀ ਦੇ ਮੁੱਖ ਪਾਤਰ ਸਤਪਾਲ ਅਤੇ ਉਸਦੀ ਪਤਨੀ ਜੱਸੀ ਭਾਰਤ ਤੋਂ ਆਸਟ੍ਰੇਲੀਆ ਇਸ ਕਰਕੇ ਆਉਂਦੇ ਹਨ ਕਿ ਉਹ ਆਪਣਾ ਭਵਿੱਖ ਸੁਧਾਰ ਸਕਣ। ਨਵੀਂ ਥਾਂ ਤੇ ਪੈਰ ਜਮਾਉਣ ਲਈ ਸਤਪਾਲ ਨੂੰ ਕਈ ਪਾਪੜ ਵੇਲਣੇ ਪੈਂਦੇ ਹਨ, ਕਈ ਤਰਾਂ ਦੀਆਂ ਛੋਟੀਆਂ-ਛੋਟੀਆਂ ਨੌਕਰੀਆਂ ਕਰਨੀਆਂ ਪੈਂਦੀਆਂ ਹਨ। ਲੰਬੀ ਜਦੋ-ਜਹਿਦ ਤੋਂ ਬਾਅਦ ਉਹ ਸੀ ਪੀ ਏ ਕਰਕੇ ਚਾਰਟਿਡ ਅਕਾਉਂਟੈਂਟ ਬਣ ਜਾਂਦਾ ਹੈ ਅਤੇ ਆਪਣੀ ਫਰਮ ਖੋਲ ਲੈਂਦਾ ਹੈ। ਉਸਦੀ ਪਤਨੀ ਜੱਸੀ ਨਰਸਿੰਗ ਦੀ ਪੜਾਈ ਕਰਕੇ ਨਰਸ ਬਣ ਜਾਂਦੀ ਹੈ। ਉਹਨਾਂ ਦੀ ਇਕ ਹੀ ਬੇਟੀ ਹੈ ਪ੍ਰੀਤੀ। ਇਹ ਸਾਰਾ ਪਰਿਵਾਰ ਅਰਾਮ ਦੀ ਜ਼ਿੰਦਗੀ ਬਸਰ ਕਰ ਰਿਹਾ ਹੈ।
ਇਹਨਾਂ ਦੀ ਜ਼ਿੰਦਗੀ ਵਿਚ ਅਚਾਨਕ ਇਕ ਵੱਡਾ ਬਦਲ ਆਉਂਦਾ ਹੈ ਜਦੋਂ ਪ੍ਰੀਤੀ ਆਪਣੀ ਉੱਚ ਪੜਾਈ ਕਰਨ ਲਈ ਸਿਡਨੀ ਜਾਣਾ ਚਾਹੁੰਦੀ ਹੈ। ਪਹਿਲਾਂ ਤਾਂ ਸਤਪਾਲ ਅਤੇ ਜੱਸੀ ਇਸ ਲਈ ਮੰਨਦੇ ਨਹੀਂ, ਪਰ ਅਖੀਰ ਇਕਲੌਤੀ ਬੇਟੀ ਦੀ ਜਿਦ ਮੰਨਣੀ ਹੀ ਪੈਂਦੀ ਹੈ। ਪ੍ਰੀਤੀ ਦੇ ਸਿਡਨੀ ਜਾਣ ਤੋਂ ਬਾਅਦ ਹੀ ਜੱਸੀ ਨੂੰ ਬਲੱਡ ਕੈਂਸਰ ਹੋ ਜਾਂਦਾ ਹੈ। ਇਲਾਜ਼ ਦੇ ਦੌਰਾਨ ਹੀ ਜੱਸੀ ਨੂੰ ਇਹ ਮਹਿਸੂਸ ਹੋ ਜਾਂਦਾ ਹੈ ਕਿ ਉਸਦੇ ਰੁਖ਼ਸਤ ਹੋਣ ਦਾ ਵਕਤ ਜਲਦੀ ਹੀ ਆਉਣ ਵਾਲਾ ਹੈ। ਇਕ ਦਿਨ ਉਹ ਬਹੁਤ ਭਾਵੁਕ ਹੋ ਕੇ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਉਸਦੀ ਮੌਤ ਤੋਂ ਬਾਅਦ ਹੋਰ ਵਿਆਹ ਕਰਵਾ ਲਏ ਕਿਉਂ ਕਿ ਅਜੇ ਉਸਦੀ ਉਮਰ ਕੋਈ ਬਹੁਤੀ ਵੱਡੀ ਨਹੀਂ ਅਤੇ ਦੂਜਾ ਉਸ ਤੋਂ ਇਕੱਲੇ ਰਿਹਾ ਨਹੀਂ ਜਾਣਾ। ਇਹ ਕਹਿ ਕੇ ਹੀ ਉਹ ਪ੍ਰਾਣ ਤਿਆਗ ਦਿੰਦੀ ਹੈ। ਪਤਨੀ ਦੀ ਮੌਤ ਤੋਂ ਕੁਝ ਦੇਰ ਬਾਅਦ ਹੀ ਸਤਪਾਲ ਵੀ ਇਸ ਫ਼ਾਨੀ ਦੁਨੀਆਂ ਤੋਂ ਕੂਚ ਕਰ ਜਾਂਦਾ ਹੈ।
ਜਸਵਿੰਦਰ ਕੌਰ ਚਾਵਲਾ ਨੇ ਜੱਸੀ ਦਾ ਕਿਰਦਾਰ ਬਹੁਤ ਲਹੀ ਪ੍ਰਵੀਣਤਾ ਨਾਲ ਨਿਭਾਇਆ। ਕੈਂਸਰ ਦੀ ਮਰੀਜ਼ ਦੇ ਰੋਲ ਵਿਚ ਉਸਦੇ ਗੱਲਬਾਤ ਕਰਨ ਦਾ ਲਹਿਜਾ, ਤੁਰਨ ਫਿਰਨ ਦਾ ਢੰਗ, ਚਿਹਰੇ ਦੇ ਹਾਵ-ਭਾਵ ਸਾਰੇ ਹੀ ਇਕ ਅਸਲੀ ਮਰੀਜ਼ ਵਾਲੇ ਲੱਗ ਰਹੇ ਸੀ। ਸਤਿੰਦਰ ਸਿੰਘ ਚਾਵਲਾ, ਸਤਪਾਲ ਦੇ ਰੂਪ ਵਿਚ ਆਪਣੇ ਕਿਰਦਾਰ ਨੂੰ ਪਰਦੇ ‘ਤੇ ਸਜੀਵ ਕੀਤਾ। ਜਦੋਂ ਉਹ ਕਿਸੇ ਵਰਕਸ਼ਾਪ ਵਿਚ ਤਰਖਾਣ ਦਾ ਕੰਮ ਕਰਦੇ ਦਿਖਾਈ ਦਿੰਦੇ ਤਾਂ ਅਸਲ ਵਿਚ ਹੀ ਮਿਸਤਰੀ ਲੱਗਦੇ, ਜਦੋਂ ਚਾਰਟੇਡ ਅਰਾਉਂਟੈਂਟ ਬਣ ਕੇ ਦਫਤਰ ਵਿਚ ਬੈਠਦੇ ਤਾਂ ਉਹਨਾਂ ਦਾ ਚਿਹਰਾ ਹੀ ਉਹਨਾਂ ਦੇ ਅਹੁਦੇ ਦੀ ਹਾਮੀ ਭਰਦਾ ਅਤੇ ਜਦੋਂ ਆਪਣੀ ਕੈਂਸਰ ਪੀੜਤ ਪਤਨੀ ਦੀ ਦੇਖ-ਭਾਲ ਕਰਦੇ ਤਾਂ ਉਹਨਾਂ ਦੇ ਚਿਹਰੇ ਤੋਂ ਉਹਨਾਂ ਦਾ ਅੰਦਰਲਾ ਦੁੱਖ ਆਪ ਹੀ ਬਾਹਰ ਆਉਂਦਾ। ਫਿਲਮ ਦੇ ਨਿਰਦੇਸ਼ਕ ਦੇ ਤੌਰ ‘ਤੇ ਵੀ ਉਹਨਾਂ ਨੇ ਬਾਕੀ ਕਲਾਕਾਰਾਂ ਤੋਂ ਵਧੀਆ ਅਦਾਕਾਰੀ ਕਰਵਾਈ।
ਦੂਜੇ ਕਲਾਕਾਰਾਂ ਵਿਚੋਂ ਸ਼ਮਾ ਭੰਗੂ ਨੇ ਪ੍ਰੀਤੀ ਦੇ ਕਿਰਦਾਰ ਨੂੰ ਦਮਦਾਰ ਢੰਗ ਨਾਲ ਪੇਸ਼ ਕੀਤਾ। ਡਾ ਭਜਨ ਪ੍ਰੀਤ, ਜਤਨ, ਬੂਟਾ ਸਿੰਘ, ਆਦਿ ਵੀ ਆਪਣੀ ਪਹਿਚਾਣ ਬਣਾਉਣ ਵਿਚ ਸਫਲ ਹੋਏ।
ਫਿਲਮ ਦੀ ਤਕਨੀਕੀ ਟੀਮ ਨੇ ਵੀ ਫਿਲਮ ਨੂੰ ਤਕਨੀਕੀ ਤੌਰ ਤੇ ਯਾਦਗਾਰੀ ਬਣਾ ਦਿੱਤਾ। ਮਨਦੀਪ ਢੀਂਡਸਾ (ਨਿਰਦੇਸ਼ਕ ਅਤੇ ਫ਼ੋਟੋਗ੍ਰਾਫ਼ੀ), ਪਟ ਕਥਾ (ਸਤਿੰਦਰ ਚਾਵਲਾ ਅਤੇ ਮਨਦੀਪ ਢੀਂਡਸਾ), ਐਡੀਟਰ (ਪਾਰਸ ਨਾਗਪਾਲ), ਆਰਟ ਡਾਇਰੈਕਟਰ ( ਜਸਵਿੰਦਰ ਚਾਵਲਾ), ਗੀਤ (ਪਾਵੀ), ਸੰਗੀਤ (ਗੁਰ ਹਰਮੀਤ ਅਤੇ ਵਿਕਾਸ ਢੱਲ)। ਫਿਲਮ ਦਾ ਨਿਰਮਾਣ ਸਤਿੰਦਰ ਸਿੰਘ ਚਾਵਲਾ ਨੇ ਕੀਤਾ। ਕਹਾਣੀਕਾਰ ਰਵਿੰਦਰ ਸਿੰਘ ਸੋਢੀ ਨੇ ਸਾਰੀ ਟੀਮ ਨੂੰ ਮੁਬਾਰਕ ਬਾਦ ਦਿੱਤੀ ਹੈ।

Related posts

ਇੰਟਰਨੈਸ਼ਨਲ ਸਟੂਡੈਂਟਸ ਨੂੰ ਆਸਟ੍ਰੇਲੀਆ ‘ਚ ਪੜ੍ਹਣ ਲਈ ਜਿ਼ਆਦਾ ਫੀਸ ਦੇਣੀ ਪਵੇਗੀ !

admin

New Paramedic Recruits On The Road As Winter Demand Rises !

admin

ਆਸਟ੍ਰੇਲੀਆ-ਚੀਨ ਸਬੰਧਾਂ ‘ਚ ਬਦਲਾਅ ਲੋਕਾਂ ਦੀਆਂ ਉਮੀਦਾਂ ਦਾ ਪ੍ਰਗਟਾਵਾ: ਪ੍ਰਧਾਨ ਮੰਤਰੀ

admin