
ਅੱਜਕੱਲ੍ਹ ਸਭ ਪਾਸੇ ਪੰਜਾਬ ਦੇ ਡੁੱਬ ਜਾਣ ਦੀਆਂ ਗੱਲਾ ਪਰਚੱਲਤ ਹਨ। ਸਭ ਪਾਸੇ ਪੰਜਾਬ ਦੇ ਕਰਜ਼ਾਈ ਹੋ ਜਾਣ ਦੀ ਗੱਲ ਹੁੰਦੀ ਹੈ। ਹਰ ਸੂਝਵਾਨ ਇਸ ਲਈ ਚਿੰਤਤ ਹੈ। ਪੰਜਾਬ ਸਿਰ ਸਾਢੇ ਤਿੰਨ ਲੱਖ ਕਰੋੜ ਦਾ ਕਰਜ਼ਾ ਹੋਣਾ ਬਿਨਾ ਸ਼ੱਕ ਚਿੰਤਾ ਦਾ ਵਿਸ਼ਾ ਹੈ। ਇਸ ਲਈ ਹਰ ਬੁੱਧੀਜੀਵੀ ਨੂੰ ਸੋਚਣ ਦੀ ਲੋੜ ਹੈ। ਮਸਲਾ ਸਿਰਫ਼ ਕਰਜੇ ਦਾ ਨਹੀ। ਸਭ ਪਾਸੇ ਲੁੱਟ ਖੋਹ, ਭਰਿਸ਼ਟਾਚਾਰ ਅਤੇ ਡਕੈਤੀ/ਫਿਰੋਤੀਆਂ ਦੀਆਂ ਗੱਲਾਂ ਆਮ ਹਨ। ਇਸ ਸਭ ਦਾ ਕੌਈ ਸਾਰਥਕ ਹੱਲ ਲੱਭਣ ਦੀ ਇਕ ਆਮ ਆਦਮੀ, ਸਿਆਸਤਦਾਨਾ ਅਤੇ ਬੁੱਧੀਜੀਵੀਆਂ ਤੋਂ ਮੰਗ ਕਰਦਾ ਹੈ। ਆਪਣੀ ਤੁਸ਼ਬੁੱਧੀ ਦੀ ਵਰਤੋਂ ਕਰਦਾ ਹੋਇਆ, ਵਿਭਾਗੀ ਤਜਰਬੇ ਅਤੇ ਦੇਸ਼ ਵਿਦੇਸ਼ਾਂ ਨੂੰ ਦੇਖਣ ਬਾਅਦ, ਦਾਸ ਇਸ ਸਮੱਸਿਆ ਦੇ ਹੱਲ ਵਜੋਂ ਕੁਝ ਵਿਚਾਰ ਪੇਸ਼ ਕਰ ਰਿਹਾ ਹੈ।
ਪੰਜਾਬ ਬਚਾੳਣ ਲਈ ਕੁੱਝ ਸੁਹਿਰਦ ਲੋਕਾਂ ਦਾ ਸੰਗਠਨ ਤਿਆਰ ਕੀਤਾ ਜਾਵੇ ਜਿਸ ਵਿੱਚ ਹਰ ਸਿਆਸੀ ਪਾਰਟੀ ਵਿੱਚੋ, ਗੈਰ ਸਿਆਸੀ ਪਾਰਟੀਆਂ ਜੋ ਇਲੈਕਸ਼ਨ ਵਿਚ ਭਾਗ ਨਹੀ ਲੈਂਦੀਆਂ, ਮੁਲਾਜ਼ਮਾ ਜਥੇਬੰਦੀਆਂ, ਕਿਸਾਨ ਮਜ਼ਦੂਰ ਯੂਨੀਅਨਾ, ਬੁੱਧੀਜੀਵੀਆਂ, ਪੱਤਰਕਾਰਾਂ ਨੂੰ ਰਾਜ ਪੱਧਰੀ ਸਲਾਹਕਾਰ ਬੋਰਡ ਵਿੱਚ ਸਾਮਲ ਹੋਣ ਦਾ ਸੱਦਾ ਦਿੱਤਾ ਜਾਵੇ। ਕਿਸੇ ਬਦਨਾਮ ਸਿਆਸੀ ਵਿਅਕਤੀ ਨੂੰ ਇਸ ਸਲਾਹਕਾਰ ਬੋਰਡ ਵਿੱਚ ਨਾ ਲਿਆ ਜਾਵੇ। ਇਸ ਕੰਮ ਲਈ ਸੁਹਿਰਦ ਅਤੇ ਇਮਾਨਦਾਰ ਲੋਕ ਸਲਾਹਕਾਰ ਬੋਰਡ ਵਜੋ ਕੰਮ ਕਰਨ ਅਤੇ ਕੋਈ ਵੀ ਅਹੁਦਾ ਨਾ ਲੈਣ ਦਾ ਵਾਆਦਾ ਕਰਨ।
ਸਾਰੀਆਂ ਸਿਆਸੀ ਪਾਰਟੀਆਂ ਆਪਣੀ ਪਿਛਲੇ ਦਸ ਸਾਲ ਦੀ ਲੋਕ ਪ੍ਰਤੀਨਿਧਤਾ ਦੇ ਆਧਾਰ ‘ਤੇ ਇਕ ਸਿਆਸੀ ਫਰੰਟ ਬਨਾਉਣ। ਪੰਜਾਬ ਬਚਾਉਣ ਦਾ ਵਾਰ-ਵਾਰ ਨਾਹਰਾ ਦੇ ਕੇ ਇਮਾਨਦਾਰ ਲੋਕਾਂ ਨੂੰ ਅੱਗੇ ਆਉਣ ਲਈ ਕਿਹਾ ਜਾਵੇ। ਦਿੱਲੀ ਕਿਸਾਨ ਸੰਘਰਸ਼ ਸਮੇਂ ਕਿਸਾਨ ਲੀਡਰਾਂ ਵੱਲੋਂ ਅਜਿਹਾ ਨਾਹਰਾ ਦਿੱਤਾ ਗਿਆ ਸੀ। ਲੋਕਾਂ ਨੂੰ ਇਹ ਸੱਚ ਲੱਗਿਆਂ ਅਤੇ ਉਨ੍ਹਾਂ ਨੇ ਅੰਦੋਲਨ ਨੂੰ ਵੱਡਾ ਸਮਰਥਨ ਦਿੱਤਾ। ਇਹ ਕਿਸਾਨ ਸੰਘਰਸ਼ ਦੀ ਸਫਲਤਾ ਦਾ ਆਧਾਰ ਬਣਿਆ। ਸ਼ੁਰੂ ਵਿੱਚ ਇਸ ਫਰੰਟ ਨੂੰ ਪ੍ਰੈਸ਼ਰ ਗਰੁੱਪ ਵਜੋ ਵਰਤਿਆ ਜਾਵੇ ਬਾਅਦ ਵਿੱਚ ਲੋਕਾਂ ਦੇ ਸਮਰਥਨ ਨੂੰ ਦੇਖਦੇ ਹੋਏ, ਇਸ ਨੂੰ ਸਿਆਸੀ ਪਾਰਟੀ ਦਾ ਰੂਪ ਦਿੱਤਾ ਜਾਵੇ। ਇਸ ਫਰੰਟ ਵਿੱਚ ਸ਼ਾਮਲ ਹੋਣ ਲਈ ਹਰ ਮੈਂਬਰ ਲਈ ਹੇਠ ਅਨੁਸਾਰ ਸ਼ਰਤਾ ਦੀ ਪਾਲਣਾ ਕਰਨ ਨੂੰ ਜ਼ਰੂਰੀ ਬਣਾਈ ਜਾਵੇ:
1 ਇਸ ਫਰੰਟ ਵਿੱਚ ਸ਼ਾਮਿਲ ਹੋਣ ਵਾਲਾ ਕੋਈ ਵੀ ਮੈਂਬਰ ਸਰਕਾਰੀ ਸਕਿਉਰਟੀ ਨਹੀਂ ਲਵੇਗਾ।
2 ਕੋਈ ਵੀ ਮੈਂਬਰ ਆਰਥਿਕ ਤੌਰ ‘ਤੇ ਪਛੜੇ ਹੋਣ ਨੂੰ ਛੱਡ ਕੇ ਕਿਸੇ ਵੀ ਮੁਫ਼ਤ ਸਰਕਾਰੀ ਸਕੀਮ ਦਾ ਲਾਹਾ ਨਹੀਂ ਲਵੇਗਾ।
3 ਕੋਈ ਵੀ ਭ੍ਰਿਸ਼ਟ ਸਰਕਾਰੀ ਅਧਿਕਾਰੀ ਜਾਂ ਕਰਮਚਾਰੀ ਫਰੰਟ ਦਾ ਮੈਂਬਰ ਨਹੀਂ ਹੋਵੇਗਾ।
4 ਫਰੰਟ ਦੇ ਕਿਸੇ ਵੀ ਅਹੁਦੇ ਲਈ ਮੈਂਬਰ ਦੀ ਯੋਗਤਾ ਅਤੇ ਫਰੰਟ ਵਿੱਚ ਕੀਤੇ ਗਏ ਕੰਮ ਨੂੰ ਆਧਾਰ ਮੰਨਿਆ ਜਾਵੇ।
5 ਫਰੰਟ ਦਾ ਕੋਈ ਵੀ ਮੈਂਬਰ ਨਸ਼ਿਆਂ ਦੀ ਵਰਤੋਂ ਨਹੀ ਕਰੇਗਾ, ਨਾ ਹੀ ਨਸ਼ਿਆਂ ਦੀ ਤਸਕਰੀ ਵਿਚ ਭਾਗ ਲਵੇਗਾ। ਉਹ ਨਸ਼ਿਆਂ ਦੀ ਵਰਤੋਂ ਨਾ ਕਰਨ ਦੇ ਪ੍ਰਚਾਰ ਵਿਚ ਭਾਗ ਲਵੇਗਾ।
6 ਸਾਰੇ ਮੈਂਬਰ ਸਮਾਜਿਕ ਬਰਾਬਰੀ ਲਈ ਕੰਮ ਕਰਨਗੇ। ਉਹ ਜਾਤਪਾਤ ਅਤੇ ਧਾਰਮਿਕ ਬੰਧਨਾਂ ਤੋ ਉਪਰ ਉਠ ਕੇ ਕੰਮ ਕਰਨਗੇ।
7 ਸਾਰੇ ਮੈਂਬਰ ਵਾਤਾਵਰਣ ਨੂੰ ਬਚਾਉਣ ਲਈ ਪ੍ਰਦੂਸ਼ਣ ਵਿਰੁਧ ਕੰਮ ਕਰਨਗੇ, ਉਹ ਕੁਦਰਤੀ ਸੰਤੁਲਣ ਬਣਾਈ ਰੱਖਣ ਦੇ ਪਾਬੰਦ ਹੋਣਗੇ ਅਤੇ ਇਸ ਨੂੰ ਆਧਾਰ ਬਣਾ ਕੇ ਪਾਲਸੀਆਂ ਬਨਾਉਣਗੇ।
8 ਸਾਰੇ ਫਰੰਟ ਮੈਂਬਰ ਨਿਯਮਾਂ ਨੂੰ ਮੰਨਦੇ ਹੋਏ ਉਕਤ ਨਿਯਮਾ ਦੀ ਪਾਲਣਾ ਲਈ ਸਰਕਾਰੀ ਅਤੇ ਪ੍ਰਾਈਵੇਟ ਮੁਲਾਜ਼ਮਾਂ ਦੀ ਭਰਤੀ ਸਬੰਧੀ ਫਰੰਟ ਵੱਲੋਂ ਤਿਆਰ ਕੀਤੀ ਪਾਲਸੀ ਦੀ ਪਾਲਣਾ ਕਰਨਗੇ।
9 ਸਰਕਾਰੀ ਕੰਮਾਂ ਵਿਚ ਮੌਜੂਦਾ ਸਿਸਟਮ ਵਾਂਗੂ ਸਰਕਾਰ ਦੀ ਕੋਈ ਦਖਲਅੰਦਾਜ਼ੀ ਨਹੀਂ ਹੋਵੇਗੀ। ਸਰਕਾਰ ਕਾਨੂੰਨ ਅਤੇ ਫਰੰਟ ਵੱਲੋਂ ਪਾਸ ਕੀਤੇ ਨਿਯਮਾ ਨੂੰ ਲਾਗੂ ਕਰਾਉਣ ਲਈ ਹੀ ਦਖ਼ਲ ਦੇ ਸਕੇਗੀ।
10 ਫਰੰਟ ਸਰਕਾਰੀ ਮੁਲਾਜ਼ਮਾਂ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਨਿਯੁਕਤੀ ਸਬੰਧੀ ਪਰਪੋਜ਼ਲ ਲੋਕਾਂ ਸਾਹਮਣੇ ਰੱਖੇਗਾ। ਮੌਜੂਦਾ ਸਿਸਟਮ ਵਿੱਚ ਕੰਮ ਕਰ ਰਹੇ ਸਰਕਾਰੀ ਅਤੇ ਪ੍ਰਾਈਵੇਟ ਕਰਮਚਾਰੀਆਂ ਦੇ ਸੇਵਾ ਨਿਯਮਾਂ ਵਿੱਚ ਜਮੀਨ ਅਸਮਾਨ ਦਾ ਫਰਕ ਹੈ। ਫਰੰਟ ਨੂੰ ਸਰਕਾਰ ਸਾਹਮਣੇ ਦੋਹਾਂ ਦੇ ਸੇਵਾ ਨਿਯਮਾ ਵਿੱਚ ਇਕਸਾਰਤਾ ਲਿਆਉਣ ਲਈ ਦਬਾਅ ਪਾਉਣਾ ਹੋਵੇਗਾ। ਆਪਣੀ ਸਰਕਾਰ ਬਣਨ ‘ਤੇ ਸਭ ਗੱਲਾਂ ਅਸੈਂਬਲੀ ਵਿੱਚ ਪਾਸ ਕਰਵਾ ਕੇ ਲਾਗੂ ਕੀਤੀਆਂ ਜਾਣ। ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਇਕਸਾਰ ਸੇਵਾ ਨਿਯਮ ਦੀ ਪਰਪੋਜ਼ਲ ਰੱਖ ਕੇ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੇ ਕਰਮਚਾਰੀਆਂ ਦੇ ਕੰਮ ਵੇਖਣ ਲਈ ਨਿਰਧਾਰਤ ਗਿਣਤੀ ਉਪਰ ਮੈਨੇਜਰ ਨਿਯੁਕਤ ਕੀਤਾ ਜਾਵੇ, ਜੋ ਹਰ ਤਰ੍ਹਾਂ ਕਰਮਚਾਰੀਆਂ ਦੀ ਆਊਟਪੁੱਟ ਲਈ ਜਿੰਮੇਵਾਰ ਹੋਵੇਗਾ।
11 ਉਕਤ ਤੋਂ ਬਿਨਾ ਹੋਰ ਸ਼ਰਤਾ ਵੀ ਫਰੰਟ ਆਪਣੀਆਂ ਮੀਟਿੰਗਾਂ ਕਰਕੇ ਨਿਰਧਾਰਤ ਕਰ ਸਕਦਾ ਹੈ। ਏਹੋ ਜਿਹੀਆਂ ਕਮੇਟੀਆਂ ਸੂਬਾ ਪੱਧਰ, ਜਿਲਾ ਪੱਧਰ, ਤਹਿਸੀਲ ਪੱਧਰ, ਬਲਾਕ ਪੱਧਰ ਅਤੇ ਪਿੰਡ ਪੱਧਰ ‘ਤੇ ਬਨਾਉਣ ਲਈ ਮੁਢਲੇ ਪੱਧਰ ‘ਤੇ ਕੰਮ ਕੀਤਾ ਜਾਵੇ।
12 ਸਰਕਾਰੀ ਪਾਲਸੀਆਂ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਲਾਗੂ ਕੀਤੀਆਂ ਜਾਦੀਆਂ ਹਨ। ਇਸ ਲਈ ਜਿਥੇ ਰਾਜਨੀਤਕ ਲੋਕਾਂ ਦੀ ਭਾਵਨਾ, ਸਾਫ ਨੀਤ ਅਤੇ ਇਮਾਨਦਾਰੀ ਦੀ ਲੋੜ ਹੈ, ਉਥੇ ਕਰਮਚਾਰੀਆਂ ਅਤੇ ਅਧਿਕਾਰੀਆਂ ਦੀ ਵੀ ਬਰਾਬਰ ਭਾਗੀਦਾਰੀ ਦੀ ਲੋੜ ਹੈ। ਆਮ ਲੋਕਾਂ ਦੀ ਲੁੱਟ ਉਸ ਸਮੇਂ ਹੁੰਦੀ ਹੈ ਜਦੋਂ ਮੁਲਾਜ਼ਮਾ ਅਤੇ ਰਾਜਨੀਤਕ ਲੋਕ ਰਲ ਜਾਂਦੇ ਹਨ। ਦਾਸ ਨੇ ਸਿਖਿਆ ਵਿਭਾਗ ਵਿੱਚ ਹੇਠਲੇ ਪੱਧਰ ਤੋ ਸ਼ੁਰੂ ਕਰ ਕੇ ਵਿਭਾਗ ਦੀ ਸਿਖਰਲੀ ਪੋਸਟ ਤੱਕ ਕੰਮ ਕੀਤਾ ਹੈ। ਸਿਖਿਆ ਵਿਭਾਗ ਨੂੰ ਜਦੋਂ ਇਮਾਨਦਾਰ ਉਚ ਅਧਿਕਾਰੀ ਮਿਲਿਆ ਤਾਂ ਵਿਭਾਗ ਵਿੱਚ ਭਰਿਸ਼ਟਾਚਾਰ ਖਤਮ ਹੋ ਗਿਆ। ਇਹ ਅਧਿਕਾਰੀ ਜਿਸ ਵੀ ਮਹਿਕਮੇ ਵਿੱਚ ਗਿਆ, ਭਰਿਸ਼ਟਾਚਾਰ ਨੂੰ ਨੱਥ ਪਈ। ਆਮ ਲੋਕਾਂ ਦਾ ਵਾਹ ਹੇਠਲੇ ਪੱਧਰ ਦੇ ਕਰਮਚਾਰੀਆਂ ਨਾਲ ਪੈਂਦਾ ਹੈ, ਜਿਸ ਤੋਂ ਆਮ ਲੋਕ ਜਿਆਦਾ ਦੁੱਖੀ ਹੁੰਦੇ ਹਨ। ਜੇਕਰ ਇਹਨਾਂ ਉਪਰਲੇ ਅਧਿਕਾਰੀ ਇਮਾਨਦਾਰ ਹੋਣ ਤਾਂ ਇਥੇ ਵੀ ਬੀਮਾਰੀ ਨੂੰ ਠੱਲ ਪਾਈ ਜਾ ਸਕਦੀ ਹੈ।
14 ਫਰੰਟ ਜਦੋਂ ਭਰਿਸ਼ਟਾਚਾਰ ਵਿਰੋਧੀ ਏਜੰਡਾ ਬਣਾ ਕੇ ਮੈਦਾਨ ਵਿੱਚ ਨਿਕਲੇਗਾ ਤਾ ਲੋਕ ਆਪ ਮੁਹਾਰੇ ਸਮਰਥਨ ਦੇਣਗੇ।
15 ਲੋਕਾਂ ਅਤੇ ਬੱਚਿਆਂ ਵਿੱਚ ਇਮਾਨਦਾਰ ਦੀ ਭਾਵਨਾ ਭਰਨ ਲਈ ਸਿਖਿਆ ਅਤੇ ਮਨੁੱਖੀ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਆਸਟ੍ਰੇਲੀਆ ਰਹਿੰਦੇ ਹੋਏ ਮੇਰੇ ਇਕ ਬਜ਼ੁਰਗ ਦੋਸਤ ਨੇ ਆਪਣੇ ਨਾਲ ਵਾਪਰੀ ਇਕ ਕਹਾਣੀ ਸੁਣਾਈ। ਇਕ ਦਿਨ ਪਬਲਿਕ ਸਕੂਲ ਵਿੱਚ ਚੌਥੀ ਜਮਾਤ ਵਿੱਚ ਆਪਣੇ ਪੋਤੇ ਦੇ ਸਕੂਲ ਨੇ ਪੁਸਕਤ ਮੇਲਾ ਦੇਖਣ ਲਈ ਬੱਚਿਆਂ ਅਤੇ ਮਾਪਿਆਂ ਨੂੰ ਬੁਲਾਇਆ। ਬੱਚੇ ਦੇ ਪਿਤਾ ਨੇ ਖਰੀਦਣ ਲਈ ਚਾਰ ਕਿਤਾਬਾਂ ਚੁੱਕੀਆਂ ਪਰ ਪੈਮੈਂਟ ਸਿਰਫ਼ ਦੋ ਦੀ ਹੀ ਕੀਤੀ। ਇਹ ਸਭ ਬੱਚਾ ਦੇਖ ਰਿਹਾ ਸੀ। ਉਸ ਨੇ ਪਿਤਾ ਨੂੰ ਚਾਰ ਕਿਤਾਬਾਂ ਦੀ ਪੈਮੈਂਟ ਦੇਣ ਲਈ ਕਿਹਾ। ਪਿਤਾ ਨਾ ਮੰਨਿਆ ਅਤੇ ਛੇਤੀ ਨਿਕਲਣ ਲਈ ਦਬਾਅ ਪਾਇਆ। ਬੱਚਾ ਬੇਵੱਸ ਹੋਕੇ ਉੱਚੀ ਸ਼ੋਰ ਮਚਾਉਣ ਲੱਗਾ, ਮੇਰਾ ਪਿਤਾ ਵੀ ਚੋਰ, ਮੇਰਾ ਦਾਦਾ ਵੀ ਚੋਰ। ਸਾਡੀ ਇਸ ਤਰ੍ਹਾਂ ਦੀ ਮਾਨਸਿਕਤਾ ਨੂੰ ਟੀਚਰ ਵੀ ਆਪ ਰੋਲਮਾਡਲ ਬਣ ਕੇ ਬਦਲ ਸਕਦੇ ਹਨ। ਉਮੀਦ ਹੈ ਪੰਜਾਬ ਨੂੰ ਪਿਆਰ ਕਰਨ ਵਾਲੇ ਜਰੂਰ ਮੈਦਾਨ ਵਿੱਚ ਨਿਤਰਗੇ। ਪੰਜਾਬ ਦੀ ਧਰਤੀ ਸਦੀਆਂ ਤੋਂ ਪੰਜਾਬ ਦੇ ਹਿੱਤਾਂ ਲਈ ਕੁਰਬਾਨ ਹੋਣ ਵਾਲੇ ਯੋਧੇ ਪੈਦਾ ਕਰਦੀ ਰਹੀ ਹੈ ਅਤੇ ਇਸ ਕੰਮ ਲਈ ਵੀ ਇਮਾਨਦਾਰ ਯੋਧੇ ਜ਼ਰੂਰ ਅੱਗੇ ਆਉਣਗੇ!