ਮੁੰਬਈ – ਬਿੱਗ ਬੀ ਅਮਿਤਾਭ ਬੱਚਨ ਅਤੇ ਉਨ੍ਹਾਂ ਦੀ ਜਾਇਦਾਦ ਅੱਜਕੱਲ ਸੋਸ਼ਲ ਮੀਡੀਆ ’ਤੇ ਟਰੈਂਡ ਕਰ ਰਹੀ ਹੈ। ਹੁਣੇ ਜਿਹੇ ਇਕ ਪ੍ਰੋਗਰਾਮ ਵਿਚ ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਦੀ ਲਗਭਗ 3,000 ਕਰੋੜ ਰੁਪਏ ਦੀ ਜਾਇਦਾਦ ਉਨ੍ਹਾਂ ਦੇ ਦੋ ਬੱਚਿਆਂ 43 ਸਾਲਾ ਪੁੱਤਰ ਅਭਿਸ਼ੇਕ ਬੱਚਨ ਅਤੇ 45 ਸਾਲਾ ਬੇਟੀ ਸ਼ਵੇਤਾ ਬੱਚਨ ’ਚ ਬਰਾਬਰ ਵੰਡੀ ਜਾਵੇਗੀ।ਇਸ ਵਿਚ ਉਨ੍ਹਾਂ ਆਪਣੀ ਨੂੰਹ ਐਸ਼ਵਰਿਆ ਰਾਏ ਦਾ ਜ਼ਿਕਰ ਨਹੀਂ ਕੀਤਾ ਸੀ। ਪਿਛਲੇ ਹਫ਼ਤੇ ਸੋਸ਼ਲ ਮੀਡੀਆ ’ਤੇ ਖ਼ਬਰਾਂ ਜ਼ੋਰਾਂ ’ਤੇ ਸਨ ਕਿ ਅਮਿਤਾਭ ਤੇ ਉਨ੍ਹਾਂ ਦੀ ਪਤਨੀ ਜਯਾ ਬੱਚਨ ਨੇ ਆਪਣਾ ਜੁਹੂ ਵਾਲਾ ਬੰਗਲਾ ‘ਪ੍ਰਤੀਕਸ਼ਾ’ ਧੀ ਸ਼ਵੇਤਾ ਨੂੰ ਤੋਹਫੇ ਵਿਚ ਦਿੱਤਾ ਹੈ। ਸ਼ਵੇਤਾ ਦਾ ਵਿਆਹ ਐਸਕਾਰਟਸ ਇੰਡੀਆ ਦੇ ਹੈੱਡ ਅਤੇ ਮੈਨੇਜਿੰਗ ਡਾਇਰੈਕਟਰ ਨਿਖਿਲ ਨੰਦਾ ਨਾਲ ਹੋਇਆ ਹੈ। ਦਸਤਾਵੇਜ਼ਾਂ ਵਿਚ ਵਿਖਾਇਆ ਗਿਆ ਹੈ ਕਿ ਦੋਵੇਂ ਪਲਾਟ ਵਿੱਠਲ ਨਗਰ ਕੋਆਪ੍ਰੇਟਿਵ ਹਾਊਸਿੰਗ ਸੁਸਾਇਟੀ ਲਿਮਟਿਡ ਦਾ ਹਿੱਸਾ ਹਨ ਅਤੇ ਇਹ ਬੰਗਲਾ ਅਮਿਤਾਭ ਬੱਚਨ ਤੇ ਜਯਾ ਬੱਚਨ ਨੇ ਆਪਣੀ ਬੇਟੀ ਸ਼ਵੇਤਾ ਬੱਚਨ ਨੂੰ ਦਿੱਤਾ ਹੈ।ਉਂਝ ਤਾਂ ਬਿੱਗ ਬੀ ਕੋਲ ‘ਪ੍ਰਤੀਕਸ਼ਾ’ ਤੋਂ ਇਲਾਵਾ ‘ਜਲਸਾ’, ‘ਵਤਸ’ ਤੇ ‘ਜਨਕ’ ਵਰਗੇ ਘਰ ਵੀ ਹਨ।