ਵਿਕਾਸ ਬਹਿਲ ਵਲੋਂ ਨਿਰਦੇਸ਼ਿਤ ਥਿ੍ਰਲਰ-ਕਾਮੇਡੀ ਵੈੱਬ ਸੀਰੀਜ਼ ‘ਸਨਫਲਾਵਰ’ ਵਿਚ ਸਿਮਰਨ ਨੇਰੂਰਕਰ ਵਲੋਂ ਗੁਰਲੀਨ ਦਾ ਕਿਰਦਾਰ ਨਿਭਾਇਆ ਗਿਆ ਹੈ। ਗੁਰਲੀਨ ਇਕ ਇਸ ਤਰ੍ਹਾਂ ਦੀ ਕੁੜੀ ਹੈ ਜਿਸ ਦਾ ਸੁਪਨਾ ਗਾਇਕਾ ਬਣਨਾ ਹੈ ਪਰ ਅਸਲ ਵਿਚ ਉਹ ਬੇਸੁਰੀ ਹੈ। ਇਸ ਕਿਰਦਾਰ ਰਾਹੀਂ ਇਥੇ ਕਾਮੇਡੀ ਪੇਸ਼ ਕੀਤੀ ਗਈ ਹੈ। ਆਮ ਤੌਰ ‘ਤੇ ਬੇਸੁਰਾ ਕਿਰਦਾਰ ਨਿਭਾਉਣ ਲਈ ਖ਼ਾਸ ਮਿਹਨਤ ਨਹੀਂ ਕਰਨੀ ਪੈਂਦੀ ਹੈ ਕਿਉਂਕਿ ਆਵਾਜ਼ ਵਿਚ ਮਿਠਾਸ ਨਾ ਹੋਵੇ ਅਤੇ ਰਾਗ-ਰਾਗਨੀ ਬਾਰੇ ਜਾਣਕਾਰੀ ਨਾ ਹੋਵੇ ਤਾਂ ਬੇਸੁਰਾਪਨ ਛਲਕ ਹੀ ਆਉਂਦਾ ਹੈ। ਪਰ ਸਿਮਰਨ ਦੇ ਮਾਮਲੇ ਵਿਚ ਮਾਮਲਾ ਉਲਟਾ ਹੀ ਰਿਹਾ ਸੀ। ਅਸਲ ਵਿਚ ਉਸ ਦੀ ਆਵਾਜ਼ ਬਹੁਤ ਮਿੱਠੀ ਹੈ ਅਤੇ ਉਸ ਨੇ ਸ਼ਾਸਤਰੀ ਸੰਗੀਤ ਦੀ ਸਿੱਖਿਆ ਵੀ ਲਈ ਹੈ। ਉਹ ਹਿੰਦੀ, ਪੰਜਾਬੀ ਤੇ ਅੰਗਰੇਜ਼ੀ ਗੀਤ ਬਹੁਤ ਸੁਰ ਵਿਚ ਗਾਉਂਦੀ ਹੈ। ਸੁਰ ਫੜਨਾ ਉਹ ਬਾਖ਼ੂਬੀ ਜਾਣਦੀ ਹੈ। ਇਸ ਤਰ੍ਹਾਂ ਬੇਸੁਰੀ ਦਾ ਕਿਰਦਾਰ ਨਿਭਾਉਣਾ ਉਸ ਲਈ ਚੁਣੌਤੀਪੂਰਨ ਰਿਹਾ ਸੀ। ਉਹ ਕਹਿੰਦੀ ਹੈ, ‘ਜਦੋਂ ਮੈਨੂੰ ਇਹ ਵੈੱਬ ਸੀਰੀਜ਼ ਦੀ ਪੇਸ਼ਕਸ਼ ਹੋਈ ਅਤੇ ਕਿਹਾ ਗਿਆ ਕਿ ਇਸ ਵਿਚ ਗਾਇਕਾ ਬਣਨ ਦੀ ਇੱਛਾ ਰੱਖਣ ਵਾਲੀ ਕੁੜੀ ਦੀ ਭੂਮਿਕਾ ਹੈ ਤਾਂ ਮੈਂ ਬਹੁਤ ਖੁਸ਼ ਹੋਈ ਸੀ। ਸੋਚਿਆ ਕਿ ਇਹ ਭੂਮਿਕਾ ਨਿਭਾਉਣਾ ਸੌਖਾ ਰਹੇਗਾ ਪਰ ਜਦੋਂ ਕਿਹਾ ਗਿਆ ਕਿ ਇਹ ਬੇਸੁਰੀ ਕੁੜੀ ਦੀ ਭੂਮਿਕਾ ਹੈ ਤਾਂ ਮੇਰੇ ਪਸੀਨੇ ਛੁੱਟਣ ਲੱਗੇ। ਬੇਸੁਰੀ ਹੋਣ ਲਈ ਵੀ ਮੈਨੂੰ ਮਿਹਨਤ ਕਰਨੀ ਪਈ ਸੀ। ਸਭ ਤੋਂ ਪਹਿਲਾਂ ਤਾਂ ਮੈਨੂੰ ਰਾਗ-ਰਾਗਨੀ ਨੂੰ ਭੁੱਲਣਾ ਪਿਆ ਅਤੇ ਬੇਸੁਰੀ ਹੋਣ ਦੀ ਪ੍ਰੈਕਟਿਸ ਕਰਨੀ ਪਈ। ਮੈਂ ਸੁਪਨੇ ਵਿਚ ਵੀ ਨਹੀਂ ਸੋਚ ਸਕਦੀ ਸੀ ਕਿ ਕਦੀ ਮੈਨੂੰ ਬੇਸੁਰੀ ਹੋਣ ਦੀ ਪ੍ਰੈਕਟਿਸ ਵੀ ਕਰਨੀ ਪਵੇਗੀ। ਇਹ ਮੇਰੀ ਪਹਿਲੀ ਵੈੱਬ ਸੀਰੀਜ਼ ਹੈ। ਸੋ, ਆਪਣੇ ਕਿਰਦਾਰ ਨੂੰ ਅਸਲ ਬਣਾਉਣ ਲਈ ਇਹ ਕਰਨਾ ਪਿਆ।