ਵਾਸ਼ਿੰਗਟਨ – ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵਾਸ਼ਿੰਗਟਨ ’ਚ ਆਸਟ੍ਰੇਲੀਆ ਤੇ ਜਪਾਨ ਦੇ ਵਿਦੇਸ਼ ਮੰਤਰੀਆਂ ਨਾਲ ਮੀਟਿੰਗਾਂ ਕੀਤੀਆਂ ਤੇ ਇਸ ਦੌਰਾਨ ਉਨ੍ਹਾਂ ਦੁਵੱਲੇ ਸਬੰਧਾਂ ਤੇ ਕੁਆਡ (ਚਹੁੰ-ਪੱਖੀ ਸੁਰੱਖਿਆ ਸੰਵਾਦ) ਨਾਲ ਸਬੰਧਤ ਮੁੱਦਿਆਂ ਬਾਰੇ ਚਰਚਾ ਕੀਤੀ। ਕੁਆਡ ਟਰੰਪ ਪ੍ਰਸ਼ਾਸਨ ਦੇ ਪਹਿਲੇ ਕਾਰਜਕਾਲ ਦੀ ਪਹਿਲ ਹੈ ਤੇ ਇਸ ਵਿੱਚ ਆਸਟ੍ਰੇਲੀਆ, ਭਾਰਤ, ਜਪਾਨ ਤੇ ਅਮਰੀਕਾ ਸ਼ਾਮਲ ਹਨ।
ਅਮਰੀਕੀ ਕਾਂਗਰਸ ਵੱਲੋਂ ਪੁਸ਼ਟੀ ਕੀਤੇ ਜਾਣ ਤੇ ਵਿਦੇਸ਼ ਮੰਤਰੀ ਵਜੋਂ ਸਹੁੰ ਚੁੱਕਣ ਮਗਰੋਂ ਮਾਰਕੋ ਰੂਬੀਓ ਦੀਆਂ ਕੌਮਾਂਤਰੀ ਮੀਟਿੰਗਾਂ ਦੌਰਾਨ ‘ਕੁਆਡ’ ਮੰਤਰੀ ਪੱਧਰੀ ਮੀਟਿੰਗ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੌਂਗ ਨਾਲ ਮੁਲਾਕਾਤ ਤੋਂ ਬਾਅਦ ਜੈਸ਼ੰਕਰ ਨੇ ਕਿਹਾ ਕਿ, ‘ਵਾਸ਼ਿੰਗਟਨ ’ਚ ਕੁਆਡ ਦੀ ਸਹਿਯੋਗੀ ਵਿਦੇਸ਼ ਮੰਤਰੀ ਸੈਨੇਟਰ ਵੌਂਗ ਨੂੰ ਮਿਲ ਕੇ ਖੁਸ਼ੀ ਹੋਈ। ਹਮੇਸ਼ਾ ਦੀ ਤਰ੍ਹਾਂ ਦੁਨੀਆ ਦੇ ਹਾਲਾਤ ’ਤੇ ਅਸੀਂ ਚਰਚਾ ਕੀਤੀ।’ ਜਪਾਨ ਦੇ ਵਿਦੇਸ਼ ਮੰਤਰੀ ਨਾਲ ਆਪਣੀ ਮੀਟਿੰਗ ਮਗਰੋਂ ਉਨ੍ਹਾਂ ਕਿਹਾ, ‘ਜਪਾਨ ਦੇ ਵਿਦੇਸ਼ ਮੰਤਰੀ ਤਾਕੇਸ਼ੀ ਇਵਾਯਾ ਨੂੰ ਮਿਲ ਕੇ ਚੰਗਾ ਲੱਗਾ। ਅਸੀਂ ਦੁਵੱਲੇ ਸਹਿਯੋਗ ’ਚ ਪ੍ਰਗਤੀ ਦੀ ਸਮੀਖਿਆ ਕੀਤੀ। ‘ਕੁਆਡ’ ਨਾਲ ਸਬੰਧਤ ਘਟਨਾਕ੍ਰਮਾਂ ’ਤੇ ਵੀ ਚਰਚਾ ਕੀਤੀ।’