ਖੰਡਵਾ (ਮੱਧ ਪ੍ਰਦੇਸ਼) – ਮੱਧ ਪ੍ਰਦੇਸ਼ ਦੇ ਖੰਡਵਾ ‘ਚ ਮਸ਼ਾਲ ਜਲੂਸ ਦੌਰਾਨ ਔਰਤਾਂ ਅਤੇ ਬੱਚਿਆਂ ਸਮੇਤ 30 ਲੋਕ ਜ਼ਖ਼ਮੀ ਹੋ ਗਏ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਖੰਡਵਾ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਮਨੋਜ ਕੁਮਾਰ ਰਾਏ ਨੇ ਫੋਨ ‘ਤੇ ਦੱਸਿਆ ਕਿ ਇਹ ਘਟਨਾ ਵੀਰਵਾਰ ਅੱਧੀ ਰਾਤ ਦੇ ਕਰੀਬ ਵਾਪਰੀ, ਜਦੋਂ ਜਲੂਸ ਸ਼ਹਿਰ ਦੇ ਕਲਾਕ ਟਾਵਰ ‘ਤੇ ਸਮਾਪਤ ਹੋ ਰਿਹਾ ਸੀ। ਉਨ੍ਹਾਂ ਦੱਸਿਆ ਕਿ ਬਲਦੀਆਂ ਮਸ਼ਾਲਾਂ ਨੂੰ ਉਲਟਾ ਕੇ ਬੁਝਾਉਣ ਲਈ ਪਾਣੀ ਨਾਲ ਭਰੇ ਕੰਟੇਨਰ ਵਿੱਚ ਰੱਖਿਆ ਜਾ ਰਿਹਾ ਸੀ ਕਿ ਅਚਾਨਕ ਅੱਗ ਦੀਆਂ ਲਪਟਾਂ ਭੜਕ ਗਈਆਂ। ਇਸ ਦੌਰਾਨ ਕੁਝ ਸਕਿੰਟਾਂ ਤੱਕ ਸੜਦੀਆਂ ਇਨ੍ਹਾਂ ਲਪਟਾਂ ਦੀ ਲਪੇਟ ‘ਚ ਆਲੇ-ਦੁਆਲੇ ਦੇ ਲੋਕ ਆ ਗਏ। ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਦੌਰਾਨ ਔਰਤਾਂ ਅਤੇ ਬੱਚਿਆਂ ਸਣੇ 30 ਲੋਕਾਂ ਨੂੰ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਹੈ। ਇਨ੍ਹਾਂ ਵਿਚੋਂ 18 ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਘਰ ਭੇਜ ਦਿੱਤਾ ਗਿਆ। ਰਾਏ ਨੇ ਦੱਸਿਆ ਕਿ ਬਾਕੀ 12 ਲੋਕਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਸਾਰੇ ਖ਼ਤਰੇ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਪਾਬੰਦੀਸ਼ੁਦਾ ‘ਸਟੂਡੈਂਟ ਇਸਲਾਮਿਕ ਮੂਵਮੈਂਟ ਆਫ਼ ਇੰਡੀਆ’ (ਸਿਮੀ) ਦੇ ਮੈਂਬਰਾਂ ਵੱਲੋਂ 28 ਨਵੰਬਰ 2009 ਨੂੰ ਮਾਰੇ ਗਏ ਪੁਲਸ ਮੁਲਾਜ਼ਮ ਸੀਤਾਰਾਮ ਬਾਥਮ ਸਮੇਤ ਤਿੰਨ ਲੋਕਾਂ ਦੀ ਯਾਦ ਵਿੱਚ ਹਰ ਸਾਲ ਮਸ਼ਾਲ ਜਲੂਸ ਕੱਢਿਆ ਜਾਂਦਾ ਹੈ। ਹੈਦਰਾਬਾਦ ਦੇ ਭਾਜਪਾ ਵਿਧਾਇਕ ਟੀ ਰਾਜਾ ਨੇ ਜਲੂਸ ਦੀ ਸ਼ੁਰੂਆਤ ਵਿੱਚ ਇਕੱਠ ਨੂੰ ਸੰਬੋਧਨ ਕੀਤਾ। ਜਲੂਸ ਨੇ 26/11 ਦੇ ਮੁੰਬਈ ਅੱਤਵਾਦੀ ਹਮਲਿਆਂ ਦੇ ਪੀੜਤਾਂ ਨੂੰ ਸ਼ਰਧਾਂਜਲੀ ਵੀ ਦਿੱਤੀ।