ਐਸ.ਏ.ਐਸ. ਨਗਰ – ਮੋਹਾਲੀ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਸਾਬਕਾ ਡੀ.ਐੱਸ.ਪੀ.ਕੇਆਈਪੀ ਸਿੰਘ ਨੂੰ ਜੂਨੀਅਰ ਇੰਜਨੀਅਰ ਬਲਵੰਤ ਸਿੰਘ ਮੁਲਤਾਨੀ ਨੂੰ ਕਰੀਬ 33 ਸਾਲ ਪਹਿਲਾਂ ਘਰੋਂ ਅਗਵਾ ਕਰਨ ਅਤੇ ਬਾਅਦ ਵਿੱਚ ਉਸ ਦੀ ਲਾਸ਼ ਖ਼ੁਰਦ ਬੁਰਦ ਕਰਨ ਦੇ ਮਾਮਲੇ ’ਚ ਮੁੱਖ ਚਲਾਨ ਅਤੇ ਸਪਲੀਮੈਂਟਰੀ ਚਲਾਨ ਦੀਆਂ ਕਾਪੀਆਂ ਦਿੱਤੀਆਂ। ਉਂਝ ਹਾਈ ਕੋਰਟ ਤੋਂ ਸੁਮੇਧ ਸੈਣੀ ਨੂੰ ਪੇਸ਼ੀ ਤੋਂ ਛੋਟ ਮਿਲਣ ਕਾਰਨ ਉਹ ਅਦਾਲਤ ’ਚ ਪੇਸ਼ ਨਹੀਂ ਹੋਏ ਜਿਸ ਕਾਰਨ ਅਦਾਲਤ ਵੱਲੋਂ ਸਾਬਕਾ ਡੀ.ਜੀ.ਪੀ. ਨੂੰ ਮੋਹਾਲੀ ਪੁਲਿਸ ਵੱਲੋਂ ਸੈਣੀ ਖ਼ਿਲਾਫ਼ ਪੇਸ਼ ਚਲਾਨ ਦੀਆਂ ਕਾਪੀਆਂ ਉਨ੍ਹਾਂ ਦੇ ਵਕੀਲ ਐੱਚ.ਐੱਸ. ਧਨੋਆ ਨੂੰ ਦਿੱਤੀਆਂ ਗਈਆਂ। ਕਰੀਬ ਚਾਰ ਸਾਲ ਬਾਅਦ ਇਸ ਕੇਸ ਦੀ ਅਗਲੀ ਸੁਣਵਾਈ 26 ਨਵੰਬਰ ਨੂੰ ਹੋਵੇਗੀ। ਪਹਿਲਾਂ ਸੁਮੇਧ ਸੈਣੀ ਨੇ ਉੱਚ ਅਦਾਲਤ ਤੋਂ ਹੇਠਲੀ ਅਦਾਲਤ ’ਚ ਸੁਣਵਾਈ ’ਤੇ ਸਟੇਅ ਹਾਸਲ ਕੀਤੀ ਹੋਈ ਸੀ। ਹੁਣ ਇਸ ਮਾਮਲੇ ਵਿੱਚ ਗਵਾਹੀਆਂ ਸ਼ੁਰੂ ਹੋਣ ਦੀ ਸੰਭਾਵਨਾ ਹੈ। ਉੱਚ ਅਦਾਲਤ ਦੇ ਦਖ਼ਲ ਤੋਂ ਬਾਅਦ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਹੋਰਨਾਂ ਵਿਰੁੱਧ ਮਟੌਰ ਥਾਣੇ ਵਿੱਚ ਧਾਰਾ 302, 384, 201, 344, 330, 219 ਅਤੇ 120-ਬੀ ਦੇ ਤਹਿਤ ਅਪਰਾਧਿਕ ਪਰਚਾ ਦਰਜ ਕੀਤਾ ਗਿਆ ਸੀ। ਇਸ ਸਬੰਧੀ ਸਿੱਟ ਦੀ ਰਿਪੋਰਟ ਦੇ ਆਧਾਰਿਤ ਦਸੰਬਰ 2020 ਵਿੱਚ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕੀਤੀ ਗਈ ਸੀ। ਐੱਸ.ਆਈ.ਟੀ. ਨੇ ਕਰੀਬ 500 ਪੰਨਿਆਂ ਦੀ ਚਾਰਜਸ਼ੀਟ ਵਿੱਚ 47 ਗਵਾਹ ਬਣਾਏ ਹਨ ਜਿਨ੍ਹਾਂ ਵਿੱਚ ਸਾਬਕਾ ਸਬ ਇੰਸਪੈਕਟਰ ਜਗੀਰ ਸਿੰਘ ਅਤੇ ਥਾਣੇਦਾਰ ਕੁਲਦੀਪ ਸਿੰਘ ਨੂੰ ਵਾਅਦਾ ਮੁਆਫ਼ ਗਵਾਹ ਬਣਾਇਆ ਗਿਆ ਹੈ, ਜਦੋਂਕਿ ਸਾਬਕਾ ਸਬ ਇੰਸਪੈਕਟਰ ਅਨੂਪ ਸਿੰਘ ਅਤੇ ਸਬ ਇੰਸਪੈਕਟਰ ਹਰ ਸਹਾਏ ਸ਼ਰਮਾ ਨੂੰ ਜਾਂਚ ਉਪਰੰਤ
ਬੇਗੁਨਾਹ ਕਰਾਰ ਦਿੱਤਾ ਜਾ ਚੁੱਕਾ ਹੈ। ਇਸ ਮਾਮਲੇ ਵਿੱਚ ਨਾਮਜ਼ਦ ਸਾਬਕਾ ਡੀ.ਐੱਸ.ਪੀ. ਬਲਦੇਵ ਸਿੰਘ ਸੈਣੀ ਅਤੇ ਇੰਸਪੈਕਟਰ ਸਤਵੀਰ ਸਿੰਘ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਬਾਅਦ ਵਿੱਚ ਪੁਲੀਸ ਨੇ ਸਾਬਕਾ ਡੀ.ਐੱਸ.ਪੀ. ਕੇਆਈਪੀ ਸਿੰਘ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕਰ ਲਿਆ ਸੀ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਸਟੇਅ ਹੋਣ ਕਾਰਨ ਮੁਹਾਲੀ ਅਦਾਲਤ ਵਿੱਚ ਸੁਣਵਾਈ ਸ਼ੁਰੂ ਨਹੀਂ ਸੀ ਹੋ ਸਕੀ।