ਮੁੰਬਈ – ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਬਾਂਦਰਾ ਸਥਿਤ ਰਿਹਾਇਸ਼ ’ਤੇ ਸੁਰੱਖਿਆ ਵਧਾਉਂਦੇ ਹੋਏ ਇਸ ਦੀ ਬਾਲਕਨੀ ’ਚ ਬੁਲਟਪਰੂਫ ਗਲਾਸ ਲਗਾਇਆ ਗਿਆ ਹੈ ਤੇ ਸੜਕ ’ਤੇ ਨਜ਼ਰ ਰੱਖਣ ਲਈ ਹਾਈਟੈਕ ਸੀਸੀਟੀਵੀ ਕੈਮਰਾ ਲਗਾਇਆ ਗਿਆ ਹੈ। ਪੁਲਿਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੁਲਟਪਰੂਫ ਗਲਾਸ ਲਗਾਏ ਜਾਣ ਨਾਲ ਅਦਾਕਾਰ ਦੀ ਉਸ ਸਮੇਂ ਸੁਰੱਖਿਆ ਯਕੀਨੀ ਬਣੇਗੀ, ਜਦੋਂ ਉਹ ਆਪਣੇ ਪ੍ਰਸ਼ੰਸਕਾਂ ਦਾ ਸਵਾਗਤ ਕਬੂਲਣ ਲਈ ਗੈਲੇਕਸੀ ਅਪਾਰਟਮੈਂਟ ਸਥਿਤ ਆਪਣੇ ਫਲੈਟ ਦੀ ਬਾਲਕਨੀ ’ਚ ਆਉਣਗੇ। ਇਕ ਨਿੱਜੀ ਠੇਕੇਦਾਰ ਵਲੋਂ ਇਹ ਸਾਰਾ ਅਪਗ੍ਰੇਡੇਸ਼ਨ ਦਾ ਕੰਮ ਕੀਤਾ ਜਾ ਰਿਹਾ ਹੈ। ਸਲਮਾਨ ਨੇ ਉਨ੍ਹਾਂ ਨੂੰ ਇਹ ਕੰਮ ਸੌਂਪਿਆ ਸੀ।
ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨਾਲ ਸਬੰਧ ਰੱਖਣ ਵਾਲੇ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਵਲੋਂ ਅਪ੍ਰੈਲ 2024 ’ਚ ਇਮਾਰਤ ਦੇ ਬਾਹਰ ਗੋਲ਼ੀਬਾਰੀ ਕਰਨ ਦੇ ਕੁੱਝ ਮਹੀਨਿਆਂ ਬਾਅਦ ਇਹ ਸੁਰੱਖਿਆ ਉਪਾਅ ਕੀਤੇ ਗਏ ਹਨ। ਪੁਲਿਸ ਅਧਿਕਾਰੀ ਨੇ ਕਿਹਾ ਕਿ ਕਿਸੇ ਵੀ ਸ਼ੱਕੀ ਸਰਗਰਮੀ ਦਾ ਪਤਾ ਲਗਾਉਣ ਲਈ ਇਮਾਰਤ ਦੇ ਸਾਹਮਣੇ ਇਕ ਹਾਈਟੈਕ ਸੀਸੀਟੀਵੀ ਕੈਮਰਾ ਲਗਾਇਆ ਗਿਆ ਹੈ ਤੇ ਇਸ ਦੇ ਚਾਰੋ ਪਾਸੇ ਕੰਡੀਲੀ ਤਾਰ ਵੀ ਲਗਾਈ ਜਾ ਰਹੀ ਹੈ।
ਅਦਾਕਾਰ ਨੂੰ ਪਹਿਲਾਂ ਲਾਰੈਂਸ ਗਿਰੋਹ ਤੋਂ ਧਮਕੀਆਂ ਮਿਲੀਆਂ ਹਨ। ਨਵੀ ਮੁੰਬਈ ਪੁਲਿਸ ਨੇ ਜੂਨ 2024 ’ਚ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਅਦਾਕਾਰ ਦੀ ਹੱਤਿਆ ਦੀ ਸਾਜ਼ਿਸ਼ ਦਾ ਉਸ ਸਮੇਂ ਪਤਾ ਲੱਗਾ ਸੀ, ਜਦੋਂ ਉਹ ਮੁੰਬਈ ਦੇ ਨਜ਼ਦੀਕ ਪਨਵੇਲ ’ਚ ਆਪਣੇ ਫਾਰਮਹਾਊਸ ’ਤੇ ਗਏ ਸਨ। ਸਲਮਾਨ ਨੂੰ ਪਹਿਲਾਂ ਤੋਂ ਹੀ 24 ਘੰਟੇ ਦੀ ਪੁਲਸ ਸੁਰੱਖਿਆ ਮਿਲੀ ਹੋਈ ਹੈ।