ਮੁੰਬਈ – ਸੋਨਾਕਸ਼ੀ ਸਿਨਹਾ ਪਿਛਲੇ ਕੁਝ ਸਮੇਂ ਤੋਂ ਜ਼ਹੀਰ ਇਕਬਾਲ ਨਾਲ ਆਪਣੇ ਵਿਆਹ ਨੂੰ ਲੈ ਕੇ ਸੁਰਖੀਆਂ ਚ ਹੈ। 23 ਜੂਨ ਨੂੰ, ਅਦਾਕਾਰਾ ਨੇ ਜ਼ਹੀਰ ਨਾਲ ਰਜਿਸਟਰਡ ਵਿਆਹ ਕੀਤਾ ਹੈ ਅਤੇ ਫਿਰ ਇੱਕ ਸ਼ਾਨਦਾਰ ਰਿਸੈਪਸ਼ਨ ਦੇ ਨਾਲ ਇਸ ਮੌਕੇ ਦਾ ਆਨੰਦ ਮਾਣਿਆ।ਆਪਣੀ ਨਿੱਜੀ ਜ਼ਿੰਦਗੀ ਚ ਨਵੀਂ ਸ਼ੁਰੂਆਤ ਕਰਨ ਤੋਂ ਬਾਅਦ ਨਵੀਂ ਵਿਆਹੀ ਲਾੜੀ ਸੋਨਾਕਸ਼ੀ ਸਿਨਹਾ ਆਪਣੇ ਕੰਮ ਤੇ ਵਾਪਸ ਆ ਗਈ ਹੈ।
ਵਿਆਹ ਤੋਂ ਬਾਅਦ ਪਹਿਲੀ ਵਾਰ ਉਸ ਦਾ ਸਾਹਮਣਾ ਕਿਸੇ ਭੂਤ ਨਾਲ ਹੋਵੇਗਾ। ਅਦਾਕਾਰਾ ਦੀ ਆਉਣ ਵਾਲੀ ਫ਼ਿਲਮ ਕਾਕੂਡਾ ਦਾ ਐਲਾਨ ਕੁਝ ਦਿਨ ਪਹਿਲਾਂ ਹੀ ਹੋਇਆ ਹੈ। ਮੁੰਜਿਆ ਨਾਲ ਬਾਕਸ ਆਫਿਸ ਤੇ ਤੂਫਾਨ ਲਿਆਉਣ ਤੋਂ ਬਾਅਦ ਆਦਿਤਿਆ ਸਰਪੋਤਦਾਰ ਇਕ ਹੋਰ ਡਰਾਉਣੀ-ਕਾਮੇਡੀ ਫ਼ਿਲਮ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨ ਜਾ ਰਹੇ ਹਨ। ਮੁੰਜਿਆ ਨੂੰ ਸਿਨੇਮਾਘਰਾਂ ਚ ਰਿਲੀਜ਼ ਕੀਤਾ ਗਿਆ ਸੀ ਪਰ ਕਾਕੂਡਾ ਓਟੀਟੀ ਉੱਤੇ ਰਿਲੀਜ਼ ਹੋਵੇਗੀ।ਇਸ ਚ ਸੋਨਾਕਸ਼ੀ ਸਿਨਹਾ ਵੀ ਨਜ਼ਰ ਆਉਣ ਵਾਲੀ ਹੈ। ਫ਼ਿਲਮ ਦਾ ਪੋਸਟਰ ਵੀ ਸਾਹਮਣੇ ਆਇਆ ਹੈ। ਕਾਕੂਡਾ ਚ ਸੋਨਾਕਸ਼ੀ ਸਿਨਹਾ ਇੰਦਰਾ ਦੇ ਕਿਰਦਾਰ ਚ ਨਜ਼ਰ ਆਵੇਗੀ। ਫ਼ਿਲਮ ਦੇ ਤਾਜ਼ਾ ਪੋਸਟਰ ਚ ਸੋਨਾਕਸ਼ੀ ਦੇ ਚਿਹਰੇ ਤੇ ਡਰ ਨਜ਼ਰ ਆ ਰਿਹਾ ਹੈ। ਪੋਸਟਰ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕਰਦੇ ਹੋਏ ਉਸ ਨੇ ਕੈਪਸ਼ਨ ਚ ਲਿਖਿਆ, “ਇੰਦਰਾ ਭੂਤਾਂ ਤੇ ਵਿਸ਼ਵਾਸ ਨਹੀਂ ਕਰਦੀ, ਪਰ ਕਾਕੂਡਾ ਦਾ ਗੁੱਸਾ ਬਹੁਤ ਨਿੱਜੀ ਹੋਣ ਵਾਲਾ ਹੈ। ਕੀ ਉਹ ਇਸ ਤਬਾਹੀ ਤੋਂ ਬਚ ਸਕੇਗੀ?” ਪੋਸਟਰ ਤੋਂ ਲੱਗਦਾ ਹੈ ਕਿ ਅਦਾਕਾਰਾ ਨੂੰ ਇੱਕ ਭੂਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੋ ਉਸਦੀ ਜ਼ਿੰਦਗੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।