
ਅਬਿਆਣਾਂ ਕਲਾਂ
ਸਮਾਜ ਵਿੱਚ ਸੱਸ ਨੂੰਹ ਦਾ ਰਿਸ਼ਤਾ ਵੱਖਰੀ ਪਹਿਚਾਣ ਰੱਖਦਾ ਹੈ। ਇਸ ਰਿਸ਼ਤੇ ਵਿੱਚੋਂ ਸ਼ੀਤ ਯੁੱਧ ਆਮ ਹੀ ਚੱਲਦਾ ਰਹਿੰਦਾ ਹੈ। ਇਹ ਵਰਤਾਰਾ ਅਤੀਤ ਤੋਂ ਅੱਜ ਤੱਕ ਚੱਲਦਾ ਹੈ। ਸ਼ੀਤ ਯੁੱਧ ਨੂੰ ਦੋ ਵੱਡੀਆਂ ਸ਼ਕਤੀਆਂ ਦੇ ਬਿਨ੍ਹਾਂ ਹਥਿਆਰਾ ਤੋਂ ਬੋਲੀ ਚਾਲੀ ਨਾਲ ਲੜੇ ਜਾਣ ਨੂੰ ਪਰਿਭਾਸ਼ਿਤ ਕੀਤਾ ਜਾਂਦਾ ਹੈ। ਇਹ ਸ਼ਕਤੀਆਂ ਕੋਈ ਵੀ ਰਾਜਨੀਤਿਕ ਮੁੱਦਾ ਅਤੇ ਮੌਕਾ ਸ਼ੀਤ ਯੁੱਧ ਤੋਂ ਬਿਨਾਂ ਖੁੰਝਣ ਨਹੀਂ ਦਿੰਦੀਆਂ। ਦੁਨਿਆਵੀ ਆਲਮੀ ਸ਼ਕਤੀਆਂ ਦੇ ਸ਼ੀਤ ਯੁੱਧ ਨੂੰ ਘਰ ਵਿੱਚ ਸੱਸ ਨੂੰਹ ਪਰਿਭਾਸ਼ਿਤ ਕਰਦੀਆਂ ਹਨ। ਬਹੁਤੇ ਘਰਾਂ ਵਿੱਚ ਬਿਨਾਂ ਮੌਕਿਆਂ ਅਤੇ ਮੁੱਦਿਆ ਤੋਂ ਰਹਿਤ ਹੀ ਸ਼ੀਤ ਯੁੱਧ ਚੱਲਦਾ ਰਹਿੰਦਾ ਹੈ। ਸੱਸ ਨੂੰਹ ਹੀ ਅਸਲ ਵਿੱਚ ਇਸਦਾ ਕਿਰਦਾਰ ਨਿਭਾਉਂਦੀਆਂ ਹਨ। ਹਾਂ, ਇੱਕ ਗੱਲ ਹੋਰ ਹੈ ਜੇ ਕੀਤੇ ਸੱਸ ਨਿੰਮ ਅਤੇ ਨਣਦ ਕਰੇਲਾ ਹੋ ਨਿਬੜੇ ਫੇਰ ਯੁੱਧ ਸ਼ੀਤ ਦੀ ਬਜਾਏ ਭਾਂਬੜ ਮਚਾ ਦਿੰਦਾ ਹੈ। ਸੱਸ ਦਾ ਆਮ ਸੁਭਾਅ ਹੋ ਜਾਂਦਾ ਹੈ ਕਿ ਉਹ ਭੁੱਲ ਜਾਂਦੀ ਹੈ ਕਿ ਉਹ ਵੀ ਕਦੇ ਬਹੂ ਸੀ। ਕਾਰਨ ਇਸ ਪਿੱਛੇ ਡੂੰਘੇ ਅਧਿਆਨ ਦਾ ਵਿਸ਼ਾ ਹੈ ਕਿ ਜੋ ਮਿਲਿਆ ਓਹੀ ਦੇਵਾਂ ਦੇ ਸਿਧਾਂਤ ਅਨੁਸਾਰ ਸੱਸ ਨੂੰ ਜੋ ਉਸਦੀ ਸੱਸ ਨੇ ਦਿੱਤਾ ਓਹੀ ਆਪਣੀ ਬਹੂ ਨੂੰ ਦੇਣ ਦੀ ਕੋਸ਼ਿਸ਼ ਕਰਦੀਆਂ ਹਨ। ਕਈ ਨੂੰਹਾਂ ਸੱਸ ਦੀ ਮਾਰ ਝੱਲਦੀਆਂ ਹੀ ਸੋਚਣ ਲੱਗ ਪੈਂਦੀਆਂ ਹਨ ਕਿ ਆਪਣੀ ਬਹੂ ਨਾਲ ਵੀ ਇਸੇ ਤਰ੍ਹਾਂ ਕਰਨਗੀਆਂ । ਇਸੇ ਲਈ ਸੱਸ ਨੂੰਹ ਦਾ ਰਿਸ਼ਤਾ ਖੱਟਾਸ ਅਤੇ ਗੈਰ ਸੱਭਿਅਕ ਦਾ ਪਰਛਾਵਾਂ ਪਾਉਂਦਾ ਹੈ। ਘਰਵਾਲਾ ਵੀ ਮਾਂ ਅਤੇ ਘਰਵਾਲਿਆ ਦੇ ਪਿਛੇ ਲੱਗ ਕੇ ਉਹਨਾਂ ਦੀ ਬੋਲੀ ਬੋਲਣ ਲਈ ਮਜਬੂਰ ਹੋ ਜਾਂਦਾ ਹੈ। ਘਰਵਾਲੀ ਦਾ ਪੱਖ ਘੱਟ ਹੀ ਲੈਂਦਾ ਹੈ। ਮਾਂ ਦੀ ਬੋਲੀ ਬੋਲਣਾ ਉਸਦੀ ਆਦਤ ਹੀ ਬਣ ਜਾਂਦੀ ਹੈ। ਇਸੇ ਲਈ ਕਹਾਵਤ ਵੀ ਸੀ , “ ਲਾਈ ਲੱਗ ਨਾ ਹੋਵੇ ਕਿਸੇ ਦਾ ਘਰਵਾਲਾ ਚੰਦਰਾ ਗਵਾਂਢ ਨਾ ਹੋਵੇ “