ਅੰਕਾਰਾ: ਹਮਾਸ ਦੇ ਮੁਖੀ ਇਸਮਾਈਲ ਹਾਨੀਆ ਦੀ ਬੁੱਧਵਾਰ ਤੜਕੇ ਤਹਿਰਾਨ ਸਥਿਤ ਉਨ੍ਹਾਂ ਦੇ ਅੱਡੇ ‘ਤੇ ਹੱਤਿਆ ਕਰ ਦਿੱਤੀ ਗਈ। ਹਮਾਸ ਨੇ ਇਸ ਕਤਲ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹੁਣ ਤੁਰਕੀ ਨੇ ਹਮਾਸ ਮੁਖੀ ਦੀ ਹੱਤਿਆ ਦੀ ਸਖ਼ਤ ਨਿੰਦਾ ਕੀਤੀ ਹੈ ਅਤੇ ਕਿਹਾ ਹੈ ਕਿ ਇਸਰਾਈਲੀ ਹਮਲੇ ਦਾ ਮਕਸਦ ਗਾਜ਼ਾ ਵਿਚ ਚੱਲ ਰਹੀ ਜੰਗ ਨੂੰ ਖੇਤਰੀ ਪੱਧਰ ਤੱਕ ਵਧਾਉਣਾ ਹੈ। ਹਾਨੀਆ ਨੂੰ ਸ਼ਹੀਦ ਦੱਸਦੇ ਹੋਏ ਤੁਰਕੀ ਨੇ ਕਿਹਾ ਹੈ ਕਿ ਅਸੀਂ ਉਨ੍ਹਾਂ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਦੇ ਹਾਂ ਜੋ ਆਪਣੀ ਮਾਤ ਭੂਮੀ ‘ਚ ਸ਼ਾਂਤੀ ਨਾਲ ਰਹਿਣ ਲਈ ਸ਼ਹੀਦ ਹੋਏ ਹਨ।ਹਾਨੀਆ ਦੀ ਹੱਤਿਆ ‘ਤੇ ਤੁਰਕੀ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਅਸੀਂ ਤਹਿਰਾਨ ‘ਚ ਹੋਏ ਘਿਨਾਉਣੇ ਹਮਲੇ ‘ਚ ਹਮਾਸ ਦੇ ਸਿਆਸੀ ਬਿਊਰੋ ਦੇ ਮੁਖੀ ਇਸਮਾਈਲ ਹਾਨੀਆ ਦੀ ਹੱਤਿਆ ਦੀ ਨਿੰਦਾ ਕਰਦੇ ਹਾਂ। ਅਸੀਂ ਫਲਸਤੀਨੀ ਲੋਕਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕਰਦੇ ਹਾਂ, ਜਿਨ੍ਹਾਂ ਵਿੱਚੋਂ ਹਜ਼ਾਰਾਂ, ਹਾਨੀਆ ਵਾਂਗ ਆਪਣੇ ਦੇਸ਼ ਦੀ ਛੱਤ ਹੇਠਾਂ ਆਪਣੇ ਵਤਨ ਵਿਚ ਸ਼ਾਂਤੀ ਨਾਲ ਰਹਿਣ ਲਈ ਆਪਣੀਆਂ ਜਾਨਾਂ ਗੁਆ ਚੁੱਕੇ ਹਨ ਅਤੇ ਸ਼ਹੀਦ ਹੋਏ ਹਨ।ਬਿਆਨ ‘ਚ ਇਜ਼ਰਾਈਲ ਦੀ ਬੈਂਜਾਮਿਨ ਨੇਤਨਯਾਹੂ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਗਿਆ ਹੈ ਕਿ ਇਸ ਘਟਨਾ ਨੇ ਇਕ ਵਾਰ ਫਿਰ ਸ਼ਾਂਤੀ ਹਾਸਲ ਕਰਨ ਲਈ ਨੇਤਨਯਾਹੂ ਸਰਕਾਰ ਦੀ ਬੇਚੈਨੀ ਦਾ ਪਰਦਾਫਾਸ਼ ਕਰ ਦਿੱਤਾ ਹੈ। ਤੁਰਕੀ ਦੇ ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਇਸ ਹਮਲੇ ਦਾ ਮਕਸਦ ਗਾਜ਼ਾ ਵਿਚ ਜੰਗ ਨੂੰ ਖੇਤਰੀ ਪੱਧਰ ਤੱਕ ਫੈਲਾਉਣਾ ਹੈ।