ਸਾਹਿਬਜ਼ਾਦਾ ਅਜੀਤ ਸਿੰਘ ਨਗਰ – ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ੍ਰ.ਹਰਜੋਤ ਸਿੰਘ ਬੈਂਸ ਵੱਲੋਂ ਅੱਜ ਮੁਹਾਲੀ ਦੇ ਫੇਸ 11 ਵਿੱਚ ਸਥਿਤ ਸਕੂਲ ਆਫ਼ ਐਮੀਨੈਂਸ ਦਾ ਦੌਰਾ ਕੀਤਾ।
ਇਸ ਦੌਰੇ ਦੌਰਾਨ ਸਕੂਲ ਸਿੱਖਿਆ ਮੰਤਰੀ ਨੇ ਸਕੂਲ ਵਿੱਚ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਤੋਂ ਸਕੂਲ ਦੇ ਵਿਦਿਅਕ ਮਾਹੌਲ ਸਬੰਧੀ ਜਾਣਕਾਰੀ ਹਾਸਲ ਕੀਤੀ।ਮੁਲਾਕਾਤ ਦੌਰਾਨ ਉਨ੍ਹਾਂ ਵਿਦਿਆਰਥੀਆਂ ਨੂੰ ਭਵਿੱਖੀ ਟੀਚੇ ਸਰ ਕਰਨ ਲਈ ਪੂਰੀ ਇਮਾਨਦਾਰੀ ਅਤੇ ਲਗਨ ਨਾਲ ਮਿਹਨਤ ਕਰਨ ਦੀ ਸਲਾਹ ਵੀ ਦਿੱਤੀ।
ਇਸ ਦੌਰੇ ਦੌਰਾਨ ਉਨ੍ਹਾਂ ਸਕੂਲ ਦੀ ਇਮਾਰਤ, ਖੇਡ ਮੈਦਾਨ, ਲੈਬ ਅਤੇ ਕਲਾਸ ਰੂਮਾਂ ਦਾ ਵੀ ਦੌਰਾ ਕੀਤਾ। ਇਸ ਸਕੂਲ ਵਿੱਚ ਤਿਆਰ ਕੀਤੀ ਗਈ ਆਰਟੀਫਿਸ਼ਲ ਇੰਟੈਲੀਜੈਂਸ (ਏ.ਆਈ) ਸਬੰਧੀ ਤਿਆਰ ਕਰਵਾਈ ਜਾ ਰਹੀ ਲੈਬ ਦਾ ਵੀ ਦੌਰਾ ਕੀਤਾ ਅਤੇ ਆਸ ਪ੍ਰਗਟਾਈ ਕਿ ਇਹ ਲੈਬ ਇਸ ਸਕੂਲ ਵਿੱਚ ਸਿਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਲਈ ਬਹੁਤ ਲਾਭਕਾਰੀ ਹੋਵੇਗੀ ਕਿਉਂਕਿ ਭਵਿੱਖ ਵਿੱਚ ਜ਼ਿਆਦਾਤਰ ਕੰਮ ਏ.ਆਈ ਦੇ ਦੁਆਰਾ ਹੀ ਹੋਵੇਗਾ।
ਸ੍ਰ.ਹਰਜੋਤ ਸਿੰਘ ਬੈਂਸ ਨੇ ਇਸ ਮੌਕੇ ਸਕੂਲ ਸਟਾਫ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਤੇ ਹੋਣ ਵਾਲੇ ਵੱਖ-ਵੱਖ ਮੁਕਾਬਲਿਆਂ ਲਈ ਤਿਆਰ ਕੀਤਾ ਜਾਵੇ ਤਾਂ ਜੋ ਪੰਜਾਬ ਰਾਜ ਦਾ ਨਾਮ ਰੋਸ਼ਨ ਹੋ ਸਕੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ ਅਤੇ ਸਿੱਖਿਆ ਵਿਭਾਗ ਇਸ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਿਹਾ ਹੈ।