ਨੂਹ – ਹਰਿਆਣਾ ਦੇ ਨੂੰਹ ’ਚ ’ਖੂਹ ਪੂਜਾ’ ਲਈ ਜਾ ਰਹੀਆਂ ਔਰਤਾਂ ’ਤੇ ਪਥਰਾਅ ਕਰਨ ਦੀ ਘਟਨਾ ’ਚ 3 ਬੱਚਿਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪਥਰਾਅ ’ਚ 8 ਔਰਤਾਂ ਜ਼ਖਮੀ ਹੋ ਗਈਆਂ ਸਨ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਫੜੇ ਗਏ ਬੱਚਿਆਂ ’ਚ 9 ਸਾਲਾ ਬੱਚੇ ਨੂੰ ਬਾਲ ਕਲਿਆਣ ਕਮੇਟੀ ਦੇ ਸਾਹਮਣੇ ਪੇਸ਼ ਕਰਨ ਤੋਂ ਬਾਅਦ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ, ਜਦੋਂ ਕਿ 2 ਹੋਰ ਨੂੰ ਕਿਸ਼ੋਰ ਨਿਆਂ ਬੋਰਡ ਦੇ ਸਾਹਮਣੇ ਪੇਸ਼ ਕਰਨ ਤੋਂ ਬਾਅਦ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਗਿਆ। ਬਾਲ ਸੁਧਾਰ ਗ੍ਰਹਿ ਭੇਜੇ ਗਏ ਦੋਹਾਂ ਬੱਚਿਆਂ ਦੀ ਉਮਰ 12 ਸਾਲ ਹੈ। ਨੂਹ ’ਚ ਵੀਰਵਾਰ ਰਾਤ ਇਕ ਮਸਜਿਦ ਅਤੇ ਮਦਰਸੇ ਤੋਂ ਕੁਝ ਅਣਪਛਾਤੇ ਵਿਅਕਤੀਆਂ ਨੇ ਪਥਰਾਅ ਕੀਤਾ ਸੀ, ਜਿਸ ’ਚ ਘੱਟੋ-ਘੱਟ 8 ਔਰਤਾਂ ਜ਼ਖ਼ਮੀ ਹੋ ਗਈਆਂ ਸਨ।
ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਮਾਮਲੇ ਦੀ ਡੂੰਘੀ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕਿਸੇ ਹੋਰ ਦੀ ਭੂਮਿਕਾ ਸਾਹਮਣੇ ਨਹੀਂ ਆਈ ਹੈ। ਇਸ ਘਟਨਾ ਦੇ ਸੰਬੰਧ ’ਚ ਪੁਲਸ ਨੇ ਸ਼ੁੱਕਰਵਾਰ ਨੂੰ ਅਣਪਛਾਤੇ ਲੋਕਾਂ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਸੀ। ਪੁਲਸ ਨੇ ਤਿੰਨ ਬੱਚਿਆਂ ਤੋਂ ਉਨ੍ਹਾਂ ਦੇ ਮਾਤਾ-ਪਿਤਾ ਦੀ ਮੌਜੂਦਗੀ ’ਚ ਪੁੱਛ-ਗਿੱਛ ਕੀਤੀ ਅਤੇ ਬਾਅਦ ’ਚ ਉਨ੍ਹਾਂ ਨੂੰ ਹਿਰਾਸਤ ’ਚ ਲੈ ਲਿਆ। ਨੂਹ ਪੁਲਸ ਦੇ ਬੁਲਾਰੇ ਕ੍ਰਿਸ਼ਨ ਕੁਮਾਰ ਨੇ ਕਿਹਾ,’’ਤਿੰਨੋਂ ਬੱਚੇ ਮਦਰਸੇ ਦੇ ਵਿਦਿਆਰਥੀ ਹਨ ਅਤੇ ਸੀ.ਸੀ.ਟੀ.ਵੀ. ਫੁਟੇਜ ’ਚ ਦਿਖਾਈ ਦੇਣ ਤੋਂ ਬਾਅਦ ਉਨ੍ਹਾਂ ਨੂੰ ਹਿਰਾਸਤ ’ਚ ਲਿਆ ਗਿਾ। ਹੋਰ ਲੋਕਾਂ ਦੀ ਸ਼ਮੂਲੀਅਤ ਅਜੇ ਸਾਹਮਣੇ ਨਹੀਂ ਆਈ ਹੈ ਪਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਸਾਨੂੰ ਜਾਂਚ ਦੌਰਾਨ ਕਿਸੇ ਹੋਰ ਵਿਅਕਤੀ ਦੀ ਸ਼ਮੂਲੀਅਤ ਮਿਲਦੀ ਹੈ ਤਾਂ ਉਸ ਖ਼ਿਲਾਫ਼ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।’’