Articles India Technology Travel

ਹੈਲੋ ਦੋਸਤੋ, ਮੈਂ ਪੁਲਾੜ ਤੋਂ ਸ਼ੁਭਾਂਸ਼ੂ ਸ਼ੁਕਲਾ ਬੋਲ ਰਿਹਾ : ਪੁਲਾੜ ਸਟੇਸ਼ਨ ‘ਤੇ ਪੁੱਜਣ ਵਾਲਾ ਪਹਿਲਾ ਭਾਰਤੀ !

ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਪੁੱਜੇ ਪਾਇਲਟ ਸ਼ੁਭਾਂਸ਼ੂ ਸ਼ੁਕਲਾ ਆਪਣੇ ਸਾਥੀਆਂ ਮਿਸ਼ਨ ਕਮਾਂਡਰ ਪੈਗੀ ਵਿਟਸਨ, ਮਿਸ਼ਨ ਸਪੈਸ਼ਲਿਸਟ ਸਲਾਵੋਸ਼ ਉਜਨਸਕੀ-ਵਿਸਨੀਵਸਕੀ ਅਤੇ ਮਿਸ਼ਨ ਸਪੈਸ਼ਲਿਸਟ ਟਿਬੋਰ ਕਾਪੂ।

26 ਜੂਨ ਪੁਲਾੜ ਦੇ ਖੇਤਰ ਵਿੱਚ ਭਾਰਤ ਲਈ ਇੱਕ ਇਤਿਹਾਸਕ ਦਿਨ ਬਣ ਗਿਆ ਜਦੋਂ ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ ‘ਤੇ ਕਦਮ ਰੱਖਿਆ। ਸ਼ੁਭਾਂਸ਼ੂ ਸ਼ੁਕਲਾ ਆਪਣੇ ਤਿੰਨ ਹੋਰਨਾਂ ਸਾਥੀਆਂ ਨਾਲ ਅਮਰੀਕਾ ਦੇ ਫਲੋਰੀਡਾ ਸਥਿਤ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਦੇ ਲਾਂਚ ਕੰਪਲੈਕਸ ਤੋਂ ‘ਸਪੇਸਐਕਸ ਫਾਲਕਨ 9’ ਰਾਕੇਟ ‘ਤੇ ਸਵਾਰ ਹੋਇਆ ਸੀ।

ਇਸ ਦੇ ਨਾਲ ਸ਼ੁਭਾਂਸ਼ੂ ਸ਼ੁਕਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਪਹੁੰਚਣ ਵਾਲਾ ਪਹਿਲਾ ਭਾਰਤੀ ਬਣ ਗਿਆ ਅਤੇ 41 ਸਾਲਾਂ ਬਾਅਦ ਕਿਸੇ ਭਾਰਤੀ ਵਲੋਂ ਇਹ ਪੁਲਾੜ ਯਾਤਰਾ ਕੀਤੀ ਗਈ ਹੈ। ਸ਼ੁਭਾਂਸ਼ੂ ਸ਼ੁਕਲਾ ਪੁਲਾੜ ਵਿੱਚ ਪਹੁੰਚਣ ਵਾਲੇ ਭਾਰਤ ਦੇ ਦੂਜੇ ਨਾਗਰਿਕ ਹਨ। ਉਸ ਤੋਂ ਪਹਿਲਾਂ 1984 ਵਿੱਚ ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਨੇ ਸੋਵੀਅਤ ਯੂਨੀਅਨ ਦੇ ‘ਸੋਯੂਜ਼ ਟੀ-11’ ਰਾਹੀਂ ਪੁਲਾੜ ਦੀ ਯਾਤਰਾ ਕੀਤੀ ਸੀ ਜਦਕਿ ਸ਼ੁਭਾਂਸ਼ੂ ਸ਼ੁਕਲਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੱਕ ਪਹੁੰਚਣ ਵਾਲੇ ਪਹਿਲੇ ਭਾਰਤੀ ਬਣੇ ਹਨ। ਸ਼ੁਭਾਂਸ਼ੂ ਤੋਂ ਪਹਿਲਾਂ ਭਾਰਤੀ ਮੂਲ ਦੀਆਂ (ਸਵਰਗੀ) ਕਲਪਨਾ ਚਾਵਲਾ ਤੇ ਸੁਨੀਤਾ ਵਿਲੀਅਮਜ਼ ਕੌਮਾਂਤਰੀ ਪੁਲਾੜ ਕੇਂਦਰ ਵਿੱਚ ਜਾ ਚੁੱਕੀਆਂ ਹਨ ਪਰ ਉਨ੍ਹਾਂ ਦੀ ਨਾਗਰਿਕਤਾ ਅਮਰੀਕਨ ਸੀ। ਸ਼ੁਭਮ ਸ਼ੁਕਲਾ ਐਕਸੀਓਮ ਸਪੇਸ ਦੇ ਨਿੱਜੀ ਮਿਸ਼ਨ ਐਕਸੀਓਮ-4 (Axiom Mission 4) ਦੇ ਤਹਿਤ ਅਮਰੀਕੀ ਕੰਪਨੀ ਸਪੇਸਐਕਸ ਦੇ ਡਰੈਗਨ ਪੁਲਾੜ ਯਾਨ ‘ਗ੍ਰੇਸ’ ‘ਤੇ ਪੁਲਾੜ ਵਿੱਚ ਪਹੁੰਚਿਆ। Axiom Mission 4 ਵਿੱਚ ਪਾਇਲਟ ਸ਼ੁਭਾਂਸ਼ੂ ਸ਼ੁਕਲਾ ਦੇ ਨਾਲ ਤਿੰਨ ਹੋਰ ਸਾਥੀ ਵੀ ਸਨ, ਜਿਨ੍ਹਾਂ ਵਿੱਚ ਮਿਸ਼ਨ ਕਮਾਂਡਰ ਪੈਗੀ ਵਿਟਸਨ, ਮਿਸ਼ਨ ਸਪੈਸ਼ਲਿਸਟ ਪੋਲੈਂਡ ਦੇ ਪੁਲਾੜ ਯਾਤਰੀ ਸਲਾਵੋਸ਼ ਉਜਨਸਕੀ-ਵਿਸਨੀਵਸਕੀ ਅਤੇ ਮਿਸ਼ਨ ਸਪੈਸ਼ਲਿਸਟ ਹੰਗਰੀ ਦੇ ਟਿਬੋਰ ਕਾਪੂ ਸ਼ਾਮਲ ਸਨ। ਇਸ ਮਿਸ਼ਨ ਦੀ ਮੁਖੀ ਪੈਗੀ ਵਿਟਸਨ ਇੱਕ ਅਮਰੀਕਨ ਹੈ ਜੋ ਪਹਿਲਾਂ ਵੀ ਚਾਰ ਵਾਰ ਪੁਲਾੜ ਯਾਤਰਾ ਕਰ ਚੁੱਕੀ ਹੈ। ਸ਼ੁਭਾਂਸ਼ੂ ਸ਼ੁਕਲਾ ਦੇ ਪੋਲੈਂਡ ਤੇ ਹੰਗਰੀ ਤੋਂ ਦੋ ਸਾਥੀ ਪਹਿਲੀ ਵਾਰ ਪੁਲਾੜ ਯਾਤਰਾ ਕਰ ਰਹੇ ਹਨ। ਲਾਂਚਿੰਗ ਤੋਂ ਬਾਅਦ ਇਸ ਪੁਲਾੜ ਯਾਨ ਨੇ 418 ਕਿਲੋਮੀਟਰ ਦੀ ਉਚਾਈ ‘ਤੇ 28,000 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਲਗਭਗ 26 ਘੰਟਿਆਂ ਵਿੱਚ ਪੁਲਾੜ ਸਟੇਸ਼ਨ ਦੀ ਯਾਤਰਾ ਪੂਰੀ ਕੀਤੀ। ਇਹ ਉਡਾਣ ਬੁੱਧਵਾਰ 25 ਜੂਨ 2025 ਨੂੰ ਅਮਰੀਕਾ ਵਿੱਚ ਫਲੋਰੀਡਾ ਵਿਖੇ ਸਥਿਤ ਨਾਸਾ ਦੇ ਕੈਨੇਡੀ ਸਪੇਸ ਸੈਂਟਰ ਤੋਂ ਤੜਕੇ ਸਵੇਰੇ 2:31 ਵਜੇ ਸ਼ੁਰੂ ਹੋਈ ਅਤੇ ਲਗਭਗ 14 ਘੰਟਿਆਂ ਦੀ ਯਾਤਰਾ ਤੋਂ ਬਾਅਦ, ਇਹ ਵੀਰਵਾਰ 26 ਜੂਨ 2025 ਨੂੰ 6:31 ਵਜੇ ਪੁਲਾੜ ਸਟੇਸ਼ਨ ਦੇ ‘ਹਾਰਮਨੀ’ ਮਾਡਿਊਲ ਨਾਲ ਜੁੜ ਗਈ ਅਤੇ ਸਾਰੇ ਯਾਤਰੀ 8:14 ਵਜੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਅੰਦਰ ਦਾਖਲ ਹੋ ਕੇ ਨਵਾਂ ਇਤਿਹਾਸ ਦੇ ਪੰਨਿਆਂ ਉਪਰ ਆਪਣਾ ਨਾਮ ਦਰਜ ਕਰਾ ਦਿੱਤਾ।

ਸ਼ੁਭਾਂਸ਼ੂ ਸ਼ੁਕਲਾ ਦਾ ਜਨਮ 10 ਅਕਤੂਬਰ 1985 ਨੂੰ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਸ਼ੰਭੂ ਦਿਆਲ ਸ਼ੁਕਲਾ, ਜੋ ਹੁਣ ਇੱਕ ਸੇਵਾਮੁਕਤ ਸਰਕਾਰੀ ਅਧਿਕਾਰੀ ਹੈ ਅਤੇ ਆਸ਼ਾ ਸ਼ੁਕਲਾ ਜੋ ਇੱਕ ਘਰੇਲੂ ਔਰਤ ਹੈ, ਦੇ ਘਰ ਹੋਇਆ ਸੀ। ਸ਼ੁਭਾਂਸ਼ੂ ਸ਼ੁਕਲਾ ਆਪਣੇ ਤਿੰਨ ਭੈਣ-ਭਰਾਵਾਂ ਵਿੱਚੋਂ ਸਭ ਤੋਂ ਛੋਟਾ ਹੈ। ਉਸਨੇ ਆਪਣੀ ਸਕੂਲੀ ਪੜ੍ਹਾਈ ਅਲੀਗੰਜ ਦੇ ਸਿਟੀ ਮੋਂਟੇਸਰੀ ਸਕੂਲ ਤੋਂ ਪੂਰੀ ਕੀਤੀ। ਸੁਭਾਂਸ਼ੂ ਸ਼ੁਕਲਾ ਦਾ ਵਿਆਹ ਆਪਣੇ ਬਚਪਨ ਦੀ ਹਮਜਮਾਤਣ ਕਾਮਨਾ ਮਿਸ਼ਰਾ ਨਾਲ ਹੋਇਆ ਜੋ ਇੱਕ ਡੈਂਟਿਸਟ ਵਜੋਂ ਸੇਵਾਵਾਂ ਨਿਭਾਅ ਰਹੀ ਹੈ ਅਤੇ ਉਹਨਾਂ ਦਾ ਇੱਕ ਪੁੱਤਰ ਹੈ। ਸੁਭਾਂਸ਼ੂ ਆਪਣੇ ਵਿਹਲੇ ਸਮੇਂ ਵਿੱਚ ਸਰੀਰਕ ਕਸਰਤ ਕਰਨ ਅਤੇ ਵਿਗਿਆਨ ਨਾਲ ਸਬੰਧਤ ਕਿਤਾਬਾਂ ਪੜ੍ਹਨ ਦਾ ਸ਼ੌਕ ਰੱਖਦਾ ਹੈ।

ਸ਼ੁਭਾਂਸ਼ੂ ਨੇ 1999 ਦੇ ਕਾਰਗਿਲ ਯੁੱਧ ਤੋਂ ਪ੍ਰੇਰਿਤ ਹੋ ਕੇ ਉਸਨੇ ਸੁਤੰਤਰ ਤੌਰ ‘ਤੇ ਐਨਡੀਏ ਪ੍ਰੀਖਿਆ ਲਈ ਅਰਜ਼ੀ ਦਿੱਤੀ ਅਤੇ ਪਾਸ ਕੀਤੀ। ਉਸਨੇ ਆਪਣੀ ਫੌਜੀ ਸਿਖਲਾਈ ਪੂਰੀ ਕੀਤੀ ਅਤੇ 2005 ਵਿੱਚ ਰਾਸ਼ਟਰੀ ਰੱਖਿਆ ਅਕੈਡਮੀ ਤੋਂ ਕੰਪਿਊਟਰ ਵਿਗਿਆਨ ਵਿੱਚ ਬੈਚਲਰ ਆਫ਼ ਸਾਇੰਸ ਦੀ ਡਿਗਰੀ ਪ੍ਰਾਪਤ ਕੀਤੀ। ਫਿਰ ਉਸਨੂੰ ਫਲਾਇੰਗ ਬ੍ਰਾਂਚ ਲਈ ਚੁਣਿਆ ਗਿਆ ਅਤੇ ਭਾਰਤੀ ਹਵਾਈ ਸੈਨਾ ਅਕੈਡਮੀ ਵਿੱਚ ਸਿਖਲਾਈ ਲਈ ਗਈ। ਉਸਨੂੰ ਫਲਾਇੰਗ ਅਫਸਰ ਵਜੋਂ ਜੂਨ 2006 ਵਿੱਚ ਭਾਰਤੀ ਹਵਾਈ ਸੈਨਾ ਦੇ ਫਾਈਟਰ ਸਟ੍ਰੀਮ ਵਿੱਚ ਕਮਿਸ਼ਨ ਦਿੱਤਾ ਗਿਆ। ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਇੱਕ ਭਾਰਤੀ ਹਵਾਈ ਸੈਨਾ ਦਾ ਟੈਸਟ ਪਾਇਲਟ ਅਤੇ ਇੰਜੀਨੀਅਰ ਹੈ ਜਿਸ ਕੋਲ ਵੱਖ-ਵੱਖ ਕਿਸਮ ਦੇ ਲੜਾਕੂ ਜਹਾਜ਼ਾਂ ਨੂੰ 2,000 ਘੰਟੇ ਚਲਾਉਣ ਦਾ ਤਜਰਬਾ ਹੈ।

ਸ਼ੁਭਾਂਸ਼ ਸ਼ੁਕਲਾ ਨੂੰ 2019 ਵਿੱਚ ਇੰਸਟੀਚਿਊਟ ਆਫ਼ ਏਰੋਸਪੇਸ ਮੈਡੀਸਨ ਦੁਆਰਾ ਪੁਲਾੜ ਯਾਤਰੀ ਚੋਣ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਗਿਆ ਸੀ, ਜੋ ਕਿ ਭਾਰਤੀ ਮਨੁੱਖੀ ਪੁਲਾੜ ਉਡਾਣ ਪ੍ਰੋਗਰਾਮ ਲਈ ਭਾਰਤੀ ਹਵਾਈ ਸੈਨਾ ਦੇ ਅਧੀਨ ਇੱਕ ਸੰਗਠਨ ਹੈ। ਬਾਅਦ ਵਿੱਚ ਉਸਨੂੰ ਅੰਤਿਮ ਚਾਰ ਵਿੱਚ ਸ਼ਾਰਟਲਿਸਟ ਕੀਤਾ ਗਿਆ। 2020 ਵਿੱਚ ਉਹ ਯੂਰੀ ਗਾਗਰਿਨ ਕੌਸਮੋਨੌਟ ਸਿਖਲਾਈ ਕੇਂਦਰ ਵਿੱਚ ਤਿੰਨ ਹੋਰ ਚੁਣੇ ਗਏ ਪੁਲਾੜ ਯਾਤਰੀਆਂ ਨਾਲ ਮੁੱਢਲੀ ਸਿਖਲਾਈ ਲਈ ਰੂਸ ਗਿਆ ਸੀ। ਮੁੱਢਲੀ ਸਿਖਲਾਈ 2021 ਵਿੱਚ ਪੂਰੀ ਹੋਈ ਸੀ। ਫਿਰ ਉਹ ਭਾਰਤ ਵਾਪਸ ਆਇਆ ਅਤੇ ਬੰਗਲੌਰ ਵਿੱਚ ਪੁਲਾੜ ਯਾਤਰੀ ਸਿਖਲਾਈ ਸਹੂਲਤ ਵਿੱਚ ਸਿਖਲਾਈ ਲਈ ਗਿਆ। ਇਸ ਸਮੇਂ ਦੌਰਾਨ ਉਸਨੇ ਭਾਰਤੀ ਵਿਗਿਆਨ ਸੰਸਥਾਨ ਤੋਂ ਏਰੋਸਪੇਸ ਇੰਜੀਨੀਅਰਿੰਗ ਵਿੱਚ ਆਪਣੀ ਮਾਸਟਰ ਆਫ਼ ਇੰਜੀਨੀਅਰਿੰਗ ਡਿਗਰੀ ਪੂਰੀ ਕੀਤੀ। ਭਾਰਤ ਦੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ਲਈ ਪੁਲਾੜ ਯਾਤਰੀ ਟੀਮ ਦੇ ਮੈਂਬਰ ਵਜੋਂ ਉਸ ਦੇ ਨਾਮ ਦਾ ਐਲਾਨ ਪਹਿਲੀ ਵਾਰ 27 ਫਰਵਰੀ 2024 ਨੂੰ ਤਿਰੂਵਨੰਤਪੁਰਮ ਵਿੱਚ ਇਸਰੋ ਦੇ ਵਿਕਰਮ ਸਾਰਾਭਾਈ ਪੁਲਾੜ ਕੇਂਦਰ ਵਿੱਚ ਕੀਤਾ ਗਿਆ ਸੀ।

ਸ਼ੁਭਾਂਸ਼ੂ ਸ਼ੁਕਲਾ ਦਾ ਤਾਜ਼ਾ ਮਿਸ਼ਨ ਭਾਰਤ ਲਈ ਬਹੁਤ ਮਹੱਤਵਪੂਰਨ ਹੈ। 14 ਦਿਨਾਂ ਵਿੱਚ ਉਨ੍ਹਾਂ ਦੀ ਟੀਮ ਪੁਲਾੜ ਵਿੱਚ 60 ਵੱਖ-ਵੱਖ ਪ੍ਰਯੋਗ ਕਰੇਗੀ। ਇਨ੍ਹਾਂ ਵਿੱਚੋਂ 7 ਪ੍ਰਯੋਗ ਭਾਰਤੀ ਵਿਗਿਆਨੀਆਂ ਦੁਆਰਾ ਬਣਾਏ ਗਏ ਹਨ। ਇਹ ਭਾਰਤ ਦੀ ਪੁਲਾੜ ਖੋਜ ਵਿੱਚ ਇੱਕ ਵੱਡੀ ਪ੍ਰਾਪਤੀ ਹੈ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਆਪਣੇ ਦੋ ਹਫ਼ਤਿਆਂ ਦੇ ਠਹਿਰਾਅ ਦੌਰਾਨ ਉਹ ਭੋਜਨ ਅਤੇ ਪੋਸ਼ਣ ਨਾਲ ਸਬੰਧਤ ਵਿਗਿਆਨਕ ਪ੍ਰਯੋਗ ਕਰੇਗਾ। ਉਸਦਾ ਪ੍ਰਯੋਗ ਖਾਸ ਤੌਰ ‘ਤੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਸੂਖਮ ਐਲਗੀ ‘ਤੇ ਕੇਂਦ੍ਰਿਤ ਹੋਵੇਗਾ, ਜਿਸਨੂੰ ਭਵਿੱਖ ਦੀਆਂ ਲੰਬੀਆਂ ਪੁਲਾੜ ਯਾਤਰਾਵਾਂ ਲਈ ਇੱਕ ਸੰਭਾਵੀ ਭੋਜਨ ਸਰੋਤ ਮੰਨਿਆ ਜਾ ਰਿਹਾ ਹੈ। ਇਹ ਖੋਜ ਇਸਰੋ, ਬਾਇਓਟੈਕਨਾਲੋਜੀ ਵਿਭਾਗ (ਡੀਬੀਟੀ) ਅਤੇ ਨਾਸਾ ਦੇ ਸਹਿਯੋਗ ਨਾਲ ਤਿਆਰ ਕੀਤੀ ਗਈ ਹੈ। ਇਹ ਅਧਿਐਨ ਕਰੇਗਾ ਕਿ ਪੁਲਾੜ ਦੀ ਸੂਖਮ ਗ੍ਰੈਵਿਟੀ ਅਤੇ ਰੇਡੀਏਸ਼ਨ ਐਲਗੀ ਦੇ ਜੀਨ ਪ੍ਰਗਟਾਵੇ, ਪ੍ਰੋਟੀਨ ਸੰਸਲੇਸ਼ਣ ਅਤੇ ਮੈਟਾਬੋਲਿਕ ਗਤੀਵਿਧੀ ਨੂੰ ਕਿਵੇਂ ਪ੍ਰਭਾਵਤ ਕਰਦੇ ਹਨ। ਸਪੇਸ ਵਿੱਚ ਉਗਾਏ ਗਏ ਐਲਗੀ ਦੀ ਤੁਲਨਾ ਧਰਤੀ ‘ਤੇ ਉਗਾਏ ਗਏ ਐਲਗੀ ਨਾਲ ਕੀਤੀ ਜਾਵੇਗੀ।

ਸ਼ੁਭਾਂਸ਼ੂ ਸ਼ੁਕਲਾ ਨੇ ਪੁਲਾੜ ਵਿੱਚ ਪਹੁੰਚਣ ਤੋਂ ਬਾਅਦ ਆਪਣਾ ਪਹਿਲਾ ਸੁਨੇਹਾ ਭੇਜਿਆ। ਉਸਨੇ ਕਿਹਾ, “ਹੈਲੋ ਦੋਸਤੋ, ਮੈਂ ਪੁਲਾੜ ਤੋਂ ਬੋਲ ਰਿਹਾ ਹਾਂ। ਇੱਥੇ ਆਪਣੇ ਸਾਥੀ ਪੁਲਾੜ ਯਾਤਰੀਆਂ ਨਾਲ ਹੋਣਾ ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ। ਲਾਂਚ ਦੇ ਸਮੇਂ ਮੈਨੂੰ ਸੀਟ ‘ਤੇ ਜ਼ੋਰਦਾਰ ਧੱਕਾ ਲੱਗਾ ਪਰ ਹੁਣ ਇੱਥੇ ਸਭ ਕੁਝ ਹਲਕਾ-ਹਲਕਾ ਲੱਗਦਾ ਹੈ। ਮੈਂ ਇੱਥੇ ਬੱਚਿਆਂ ਵਾਂਗ ਤੁਰਨਾ ਅਤੇ ਖਾਣਾ ਸਿੱਖ ਰਿਹਾ ਹਾਂ। ਵਾਹ, ਇਹ ਕਿੰਨੀ ਵਧੀਆ ਯਾਤਰਾ ਹੈ। ਜਦੋਂ ਮੈਂ ਲਾਂਚਪੈਡ ‘ਤੇ ਕੈਪਸੂਲ ਵਿੱਚ ਬੈਠਾ ਸੀ, ਤਾਂ ਮੇਰੇ ਮਨ ਵਿੱਚ ਇੱਕੋ ਵਿਚਾਰ ਸੀ: ਚਲੋ ਚੱਲੀਏ। ਬਹੁਤ ਸਾਰੇ ਲੋਕਾਂ ਨੇ ਇਸ ਯਾਤਰਾ ਵਿੱਚ ਯੋਗਦਾਨ ਪਾਇਆ ਹੈ। ਅਸੀਂ ਪੁਲਾੜ ਤੋਂ ਦੇਖੇ ਗਏ ਦ੍ਰਿਸ਼ ਨੂੰ ਕਦੇ ਨਹੀਂ ਭੁੱਲ ਸਕਦੇ। ਅਸੀਂ ਇਸ ਯਾਤਰਾ ਦੌਰਾਨ ਬਹੁਤ ਕੁਝ ਸਿੱਖਿਆ ਹੈ। ਅਸੀਂ ਸਿਰਫ਼ ਪੁਲਾੜ ਸਟੇਸ਼ਨ ‘ਤੇ ਪਹੁੰਚਣ ਦੀ ਉਡੀਕ ਕਰ ਰਹੇ ਹਾਂ। ਅਸੀਂ ਸਾਰੇ ਬਹੁਤ ਉਤਸ਼ਾਹਿਤ ਹਾਂ।” ਤੁਹਾਨੂੰ ਮੇਰੇ ਰਾਹੀਂ ਇਸ ਯਾਤਰਾ ਦਾ ਆਨੰਦ ਲੈਣਾ ਚਾਹੀਦਾ ਹੈ। ਸ਼ੁਭਾਂਸ਼ੂ ਸ਼ੁਕਲਾ ਨੇ ਹਿੰਦੀ ਵਿੱਚ ਆਪਣਾ ਅਨੁਭਵ ਵੀ ਸਾਂਝਾ ਕੀਤਾ। ਉਸਨੇ ਕਿਹਾ, ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਮੇਰੇ ਮੋਢੇ ‘ਤੇ ਇਹ ਤਿਰੰਗਾ ਮੈਨੂੰ ਦੱਸ ਰਿਹਾ ਹੈ ਕਿ ਮੈਂ ਇਕੱਲਾ ਨਹੀਂ ਹਾਂ। ਤੁਸੀਂ ਸਾਰੇ ਮੇਰੇ ਨਾਲ ਹੋ। ਇਹ ਪੁਲਾੜ ਵਿੱਚ ਭਾਰਤ ਦੀ ਵਧਦੀ ਸ਼ਮੂਲੀਅਤ ਨੂੰ ਵੀ ਦਰਸਾਉਂਦਾ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਲੋਕ ਮੇਰੇ ਰਾਹੀਂ ਇਸ ਯਾਤਰਾ ਦਾ ਆਨੰਦ ਮਾਣੋ। ਮੈਂ ਤੁਹਾਡੇ ਲਈ ਇੱਥੋਂ ਧਰਤੀ ਕਿਵੇਂ ਦਿਖਾਈ ਦਿੰਦੀ ਹੈ, ਇਸ ਦੀਆਂ ਵੀਡੀਓ ਅਤੇ ਫੋਟੋਆਂ ਲੈ ਰਿਹਾ ਹਾਂ। ਜਦੋਂ ਮੈਂ ਵਾਪਸ ਆਵਾਂਗਾ, ਤਾਂ ਮੈਂ ਇਹ ਸਭ ਤੁਹਾਡੇ ਨਾਲ ਸਾਂਝਾ ਕਰਾਂਗਾ।’

ਸ਼ੁਭਾਂਸ਼ੂ ਸ਼ੁਕਲਾ ਦੀ ਇਸ ਯਾਤਰਾ ਨੂੰ ਭਾਰਤ ਦੇ ਅਗਲੇ ਪੁਲਾੜ ਮਿਸ਼ਨ ‘ਗਗਨਯਾਨ’ ਤੋਂ ਪਹਿਲਾਂ ਇੱਕ ਮਹੱਤਵਪੂਰਨ ਤਿਆਰੀ ਮੰਨਿਆ ਜਾ ਰਿਹਾ ਹੈ। ਇਸਰੋ ਦਾ ਗਗਨਯਾਨ ਮਿਸ਼ਨ 2027 ਵਿੱਚ ਲਾਂਚ ਕਰਨ ਦੀ ਯੋਜਨਾ ਹੈ, ਜਿਸ ਵਿੱਚ ਭਾਰਤ ਆਪਣੇ ਪੁਲਾੜ ਯਾਤਰੀਆਂ ਨੂੰ ਪਜਿਲੀ ਵਾਰ ਸਵਦੇਸ਼ੀ ਤਕਨਾਲੋਜੀ ਨਾਲ ਪੁਲਾੜ ਵਿੱਚ ਭੇਜੇਗਾ।

Related posts

ਅੱਜ ਟਸਮਾਨੀਆ ਵਿੱਚ 16 ਮਹੀਨਿਆਂ ‘ਚ ਦੂਜੀ ਵਾਰ ਵੋਟਾਂ ਪੈ ਰਹੀਆਂ !

admin

ਜਿਸੁ ਡਿਠੇ ਸਭਿ ਦੁਖਿ ਜਾਇ !

admin

ਸਿੱਖੀ ਕੇਸਾਂ-ਸੁਆਸਾਂ ਨਾਲ ਨਿਭਾਉਣ ਵਾਲੇ ਸ਼ਹੀਦ ਭਾਈ ਤਾਰੂ ਸਿੰਘ ਜੀ !

admin