Articles Australia & New Zealand Sport

37ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ: ਸਿਡਨੀ ‘ਚ ਸਿੱਖ ਖਿਡਾਰੀਆਂ ਦਾ ਮਹਾਂਕੁੰਭ ਅੱਜ ਤੋਂ ਸ਼ੁਰੂ !

ਆਸਟ੍ਰੇਲੀਅਨ ਨੈਸ਼ਨਲ ਸਿੱਖ ਸਪੋਰਟਸ ਐਂਡ ਕਲਚਰਲ ਕੌਂਸਲ ਦੇ ਵਲੋਂ 37ਵੀਆਂ ਆਸਟ੍ਰੇਲੀਅਨ ਸਿੱਖ-ਖੇਡਾਂ 18, 19 ਅਤੇ 20 ਅਪ੍ਰੈਲ, 2025 ਨੂੰ ਇਸ ਵਾਰ ਸਿਡਨੀ ਵਿੱਚ ਆਯੋਜਿਤ ਕੀਤੀਆਂ ਜਾ ਰਹੀਆਂ ਹਨ।

ਆਸਟ੍ਰੇਲੀਅਨ ਨੈਸ਼ਨਲ ਸਿੱਖ ਸਪੋਰਟਸ ਐਂਡ ਕਲਚਰਲ ਕੌਂਸਲ ਦੇ ਵਲੋਂ 37ਵੀਆਂ ਆਸਟ੍ਰੇਲੀਅਨ ਸਿੱਖ-ਖੇਡਾਂ ਈਸਟਰ ਲੰਬੇ ਵੀਕਐਂਡ ਦੌਰਾਨ ਅੱਜ 18, 19 ਅਤੇ 20 ਅਪ੍ਰੈਲ, 2025 ਨੂੰ ਇਸ ਵਾਰ ਸਿਡਨੀ ਵਿੱਚ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਇਹ ਤਿੰਨ ਦਿਨਾਂ ਦਾ ਸਮਾਗਮ ਸਿੱਖ ਸੱਭਿਆਚਾਰ ਅਤੇ ਖੇਡ-ਭਾਵਨਾ ਨੂੰ ਪ੍ਰਦਰਸ਼ਿਤ ਕਰੇਗਾ, ਜਿਸ ਵਿੱਚ ਕਈ ਤਰ੍ਹਾਂ ਦੀਆਂ ਖੇਡਾਂ ਅਤੇ ਗਤੀਵਿਧੀਆਂ ਸ਼ਾਮਲ ਹਨ। ਇਹਨਾਂ ਖੇਡਾਂ ਦੇ ਵਿੱਚ 5 ਸਾਲ ਜਾਂ ਹੇਠਾਂ ਦੀ ਉਮਰ ਤੋਂ ਲੈਕੇ 80 ਸਾਲ ਜਾਂ ਉਸਤੋਂ ਵੱਧ ਉਮਰ ਦੇ ਖਿਡਾਰੀਆਂ ਨੂੰ ਆਪਣਾ ਖੇਡ ਹੁਨਰ ਦਿਖਾਉਣ ਦਾ ਮੌਕਾ ਮਿਲਦਾ ਹੈ। ਐਤਵਾਰ ਨੂੰ ਸੈਮੀ-ਫਾਇਨਲ ਅਤੇ ਫਾਇਨਲ ਮੁਕਾਬਲੇ ਹੋਣਗੇ ਅਤੇ ਜੇਤੂ ਖਿਡਾਰੀਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਜਾਵੇਗਾ। ਆਸਟ੍ਰੇਲੀਅਨ ਸਿੱਖ ਖੇਡਾਂ ਦਾ ਮੁੱਖ-ਮਕਸਦ ਛੁੱਟੀਆਂ ਦੇ ਸਮੇਂ ਦੇ ਦੌਰਾਨ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਹੋਰ ਦੇਸ਼ਾਂ ਦੇ ਖਿਡਾਰੀਆਂ ਅਤੇ ਦਰਸ਼ਕਾਂ ਨੂੰ ਖੇਡ ਭਾਵਨਾ ਤੇ ਸਿੱਖ ਵਿਰਾਸਤ ਦੇ ਜਸ਼ਨਾਂ ਲਈ ਇਕੱਠਾ ਕਰਨ ਦੇ ਨਾਲ-ਨਾਲ, ਆਸਟ੍ਰੇਲੀਆ ਵਸਦੇ ਸਿੱਖ ਭਾਈਚਾਰੇ ਨੂੰ ਦਰਪੇਸ਼ ਚੁਣੌਤੀਆਂ, ਅਤੇ ਉਹਨਾਂ ਦੇ ਹੱਲ ਸਬੰਧੀ ਗੰਭੀਰ ਚਰਚਾ ਕਰਨਾ ਸ਼ਾਮਿਲ ਹੁੰਦਾ ਹੈ।

ਸਿੱਖ ਖੇਡਾਂ ਦੇ ਪਹਿਲੇ ਦਿਨ ਸ਼ੁੱਕਰਵਾਰ 18 ਅਪ੍ਰੈਲ ਨੂੰ ਸਿੱਖ-ਫੋਰਮ ਕਰਵਾਇਆ ਜਾਵੇਗਾ। ਸਿੱਖ ਫੋਰਮ ਐਥਲੈਟਿਕ ਗਰਾਉਂਡ ਦੇ ਨੇੜੇ ਐਡਮਿਨ ਬਿਲਡਿੰਗ ਦੇ ਵਿੱਚ, ਕਰੈਸਟ ਸਪੋਰਟਿੰਗ ਕੰਪਲੈਕਸ, ਮੈਕਲੀਨ ਸਟਰੀਟ, ਬਾਸ ਹਿੱਲ ਵਿਖੇ ਸਵੇਰੇ 9:30 ਵਜੇ ਹੋਵੇਗਾ। ਸਿੱਖ ਫੋਰਮ ਦਾ ਟੀਚਾ ਆਸਟ੍ਰੇਲੀਅਨ ਸਿੱਖ ਭਾਈਚਾਰੇ ਦੇ ਕੰਮ ਨੂੰ ਸਾਂਝਾ ਕਰਨਾ, ਪੇਸ਼ ਅਤੇ ਪ੍ਰਦਰਸ਼ਿਤ ਕਰਨਾ ਹੁੰਦਾ ਹੈ। ਸਿੱਖ ਫੋਰਮ 2025 ਦੇ ਦੌਰਾਨ, ਪੱਛਮੀ ਸਮਾਜ ਵਿੱਚ ਸਿੱਖ ਬੱਚਿਆਂ ਲਈ ਚੁਣੌਤੀਆਂ – ਵਿਲੱਖਣ ਸਰੂਪ ਅਤੇ ਸਿੱਖੀ ਨਾਲ ਸਾਂਝ, ਇਸ ਸਬੰਧੀ ਮਾਪਿਆਂ ਦਾ ਦ੍ਰਿਸ਼ਟੀਕੋਣ ਅਤੇ ਨੌਜਵਾਨਾਂ ਦੇ ਵਿਚਾਰ, ਗੁਰਦੁਆਰੇ – ਸਿੱਖੀ ਦਾ ਕੇਂਦਰ, ਇਸ ਸਬੰਧੀ ਭਾਈਚਾਰੇ ਦੇ ਵਿੱਚ ਸ਼ਾਂਤੀ ਅਤੇ ਸਦਭਾਵਨਾ ਬਹਾਲ ਕਰਨ ਲਈ ਰਣਨੀਤੀਆਂ, ਹੋਰ ਭਾਈਚਾਰਿਆਂ ਨਾਲ ਸਬੰਧ ਵਧਾਉਣ ਲਈ ਪਹੁੰਚ ਆਦਿ ਵਿਸਿ਼ਆਂ ਉਪਰ ਬੁਲਾਰਿਆਂ ਵਲੋਂ ਆਪਣੇ ਵਿਚਾਰ ਰੱਖੇ ਜਾਣਗੇ। ਨਿਊਜ਼ੀਲੈਂਡ ਦੇ ਨਾਗਰਿਕਾਂ ਤੋਂ ਇਲਾਵਾ ਵਿਦੇਸ਼ਾਂ ਤੋਂ ਹੋਰ ਕਿਸੇ ਵੀ ਬੁਲਾਰੇ ਨੂੰ ਸਿੱਖ ਫੋਰਮ ਵਿੱਚ ਆਪਣੇ ਵਿਚਾਰ ਰੱਖਣ ਦੀ ਇਜਾਜ਼ਤ ਨਹੀਂ ਹੋਵੇਗੀ।

ਆਸਟ੍ਰੇਲੀਅਨ ਸਿੱਖ ਖੇਡਾਂ ਭਾਈਚਾਰੇ ਲਈ ਇੱਕ ਮਹੱਤਵਪੂਰਨ ਸਮਾਗਮ ਹੁੰਦਾ ਹੈ ਜਿਸ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਅਤੇ ਦਰਸ਼ਕ ਆਸਟ੍ਰੇਲੀਆ ਤੋਂ ਇਲਾਵਾ ਵਿਦੇਸ਼ਾਂ ਤੋਂ ਵੀ ਆਉਂਦੇ ਹਨ। 37ਵੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਦੌਰਾਨ ਇੱਕ ਲੱਖ ਤੋਂ ਵੱਧ ਦਰਸ਼ਕਾਂ ਦੀ ਉਮੀਦ ਪ੍ਰਗਟਾਈ ਗਈ ਹੈ। ਇਸ ਤਿੰਨ ਦਿਨਾਂ ਸਿੱਖ ਖੇਡ ਮੇਲੇ ਦੇ ਲਈ 8 ਲੱਖ ਡਾਲਰ ਦਾ ਬੱਜਟ ਰੱਖਿਆ ਗਿਆ, ਜਿਸਨੂੰ ਪੂਰਾ ਕਰਨ ਦੇ ਲਈ ਇਕੱਲਿਆਂ 100 ਡਾਲਰ, ਪ੍ਰੀਵਾਰਾਂ ਨੂੰ 500 ਡਾਲਰ ਜਾਂ ਇਸ ਤੋਂ ਜਿਆਦਾ ਦਾਨ ਕਰਨ ਦੀ ਅਪੀਲ ਕੀਤੀ ਗਈ ਸੀ। ਇਸ ਤੋਂ ਇਲਾਵਾ ਸਰਕਾਰੀ ਗਰਾਂਟ, ਸਪਾਂਸਰਸਿ਼ਪ ਅਤੇ ਵਪਾਰਕ ਸਟਾਲ ਫੀਸ ਦੁਆਰਾ ਬੱਜਟ ਦੇ ਇਸ ਟੀਚੇ ਨੂੰ ਪੂਰਾ ਕੀਤਾ ਜਾਵੇਗਾ।

37ਵੀਆਂ ਆਸਟ੍ਰੇਲੀਅਨ ਸਿੱਖ-ਖੇਡਾਂ ਲਈ ਬੈਂਕਸਟਾਊਨ ਇਲਾਕੇ ਵਿੱਚ ਬਾਸ ਹਿੱਲ ਦੇ ਮੈਕਲੀਨ ਸਟਰੀਟ ‘ਤੇ ਕਰੈਸਟ ਸਪੋਰਟਿੰਗ ਕੰਪਲੈਕਸ ਤੋਂ ਇਲਾਵਾ ਕਈ ਹੋਰ ਖੇਡ ਸਥਾਨਾਂ ਦੀ ਵਰਤੋਂ ਕੀਤੀ ਜਾਵੇਗੀ। ਗੁਰਦੁਆਰਿਆਂ ਅਤੇ ਆਪਣੇ ਰਿਸ਼ਤੇਦਾਰਾਂ ਤੋਂ ਇਲਾਵਾ ਮੁੱਖ ਖੇਡ ਸਥਾਨ ਕਰੈਸਟ ਸਪੋਰਟਿੰਗ ਕੰਪਲੈਕਸ ਦੇ 2 ਕਿਲੋਮੀਟਰ ਤੋਂ ਵੀ ਨੇੜੇ ਦੇ ਕਈ ਹੋਟਲਾਂ/ਮੋਟਲਾਂ ਦੇ ਵਿੱਚ ਖਿਡਾਰੀ ਅਤੇ ਖੇਡ ਪ੍ਰੇਮੀ ਠਹਿਰਨਗੇ। ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਦੀ ਸਹੂਲਤ ਦੇ ਲਈ ਉਹਨਾਂ ਨੂੰ ਖੇਡ ਸਟੇਡੀਅਮਾਂ ਤੱਕ ਪਹੁੰਚਾਉਣ ਲਈ ਸਵੇਰੇ 7 ਵਜੇ ਤੋਂ 1 ਵਜੇ ਤੱਕ ਅਤੇ ਉਹਨਾਂ ਨੂੰ ਵਾਪਸ ਲਿਆਉਣ ਦੇ ਲਈ ਦੁਪਹਿਰ ਬਾਅਦ 3 ਵਜੇ ਤੋਂ 6 ਵਜੇ ਤੱਕ ਫਰੀ ਸ਼ਟਲ ਟਰਾਂਸਪੋਰਟ ਸਰਵਿਸ ਚੱਲਦੀ ਰਹੇਗੀ ਪਰ ਇਸਦਾ ਟਾਇਮ ਵੱਖਰਾ ਹੋ ਸਕਦਾ ਹੈ। ਫਰੀ ਸ਼ਟਲ ਟਰਾਂਸਪੋਰਟ ਸਰਵਿਸ ਦੇ ਲਈ ਗੁਰਦਆਰਿਆਂ, ਹੋਟਲਾਂ ਅਤੇ ਖੇਡ ਸਟੇਡੀਅਮਾਂ ਦੇ ਵੱਖ-ਵੱਖ ਰੂਟ ਨੰਬਰ ਬਣਾਏ ਗਏ ਹਨ। ਫਰੀ ਸ਼ਟਲ ਟਰਾਂਸਪੋਰਟ ਸਰਵਿਸ ਦਾ ਲਾਭ ਲੈਣ ਦੇ ਲਈ ਜਾਂ ਹੋਰ ਵਧੇਰੇ ਜਾਣਕਾਰੀ, ਫਰੀ ਟੈਲੀਫ਼ੋਨ ਨੰਬਰ 1800 697 454 ਤੋਂ ਲਈ ਜਾ ਸਕਦੀ ਹੈ।

ਆਸਟ੍ਰੇਲੀਅਨ ਨੈਸ਼ਨਲ ਸਿੱਖ ਸਪੋਰਟਸ ਐਂਡ ਕਲਚਰਲ ਕੌਂਸਲ ਦੀ ਕਾਰਜਕਾਰੀ ਕਮੇਟੀ ਵਲੋਂ ਹਰ ਸਾਲ ਆਸਟ੍ਰੇਲੀਅਨ ਸਿੱਖ ਖੇਡਾਂ ਕਰਵਾਈਆਂ ਜਾਂਦੀਆਂ ਹਨ ਅਤੇ ਆਸਟ੍ਰੇਲੀਆ ਭਰ ਦੇ ਮੈਂਬਰ ਖੇਡ ਕਲੱਬਾਂ ਦੇ ਵਲੋਂ ਹਰ ਸਾਲ ਕਾਰਜਕਾਰੀ ਕਮੇਟੀ ਨੂੰ ਚੁਣਿਆ ਜਾਂਦਾ ਹੈ। ਕਾਰਜਕਾਰੀ ਕਮੇਟੀ ਸਿੱਖ ਖੇਡਾਂ ਨੂੰ ਆਸਟ੍ਰੇਲੀਆ ਦੇ ਇੱਕ ਨਵੇਂ ਸ਼ਹਿਰ ਵਿੱਚ ਕਰਾਉਣ ਲਈ ਉਥੋਂ ਦੇ ਇੱਕ ਜਾਂ ਵੱਧ ਕਲੱਬਾਂ ਨੂੰ ਅਗਲੀਆਂ ਸਿੱਖ ਖੇਡਾਂ ਦੇ ਮੇਜ਼ਬਾਨ ਵਜੋਂ ਨਾਮਜ਼ਦ ਕਰਦੀ ਹੈ। ਇਸਨੂੰ ਆਸਟ੍ਰੇਲੀਅਨ ਸਿੱਖ-ਖੇਡਾਂ ਦੀ ਲੋਕਲ ਪ੍ਰਬੰਧਕ ਕਮੇਟੀ ਵਜੋਂ ਜਾਣਿਆ ਜਾਂਦਾ ਹੈ। ਸਿੱਖ-ਖੇਡਾਂ ਦੀ ਲੋਕਲ ਪ੍ਰਬੰਧਕ ਕਮੇਟੀ ਦੀਆਂ ਮੁੱਖ ਜ਼ਿੰਮੇਵਾਰੀਆਂ ਵਿੱਚ ਕਮਿਊਨਿਟੀ ਫੰਡ ਇਕੱਠਾ ਕਰਨਾ, ਕਾਰਪੋਰੇਟ ਸਪਾਂਸਰਸ਼ਿਪ, ਮਾਰਕੀਟਿੰਗ, ਸਥਾਨ ਪ੍ਰਬੰਧਨ, ਖੇਡ ਪ੍ਰਸ਼ਾਸਨ ਅਤੇ ਉਪਕਰਣ ਸਪਲਾਈ ਸ਼ਾਮਲ ਹੁੰਦਾ ਹੈ।

ਆਸਟ੍ਰੇਲੀਅਨ ਨੈਸ਼ਨਲ ਸਿੱਖ ਸਪੋਰਟਸ ਐਂਡ ਕਲਚਰਲ ਕੌਂਸਲ ਦੇ ਵਿੱਚ ਪ੍ਰਧਾਨ ਸਰਬਜੋਤ ਸਿੰਘ ਢਿੱਲੋਂ ਵਿਕਟੋਰੀਅਨ ਸਿੱਖ ਐਸੋਸੀਏਸ਼ਨ, ਉਪ ਪ੍ਰਧਾਨ ਦਲਜੀਤ (ਹੈਪੀ) ਧਾਮੀ ਬੀਪੀਸੀਸੀ ਕੈਲਮਵੇਲ, ਖੇਤਰੀ ਪ੍ਰਧਾਨ ਅਵਤਾਰ ਸਿੱਧੂ ਏਐਨਐਸਐਸਏਸੀਸੀ ਐਨਐਸਡਬਲਯੂ, ਖੇਤਰੀ ਪ੍ਰਧਾਨ ਜਗ ਚੁਘਾ ਏਐਨਐਸਐਸਏਸੀਸੀ ਵੀਆਈਸੀ, ਸਕੱਤਰ ਮਾਈਕਲ-ਸਿੰਘ ਮਾਈਕਲ ਸਿੰਘ ਸਿਡਨੀ ਸਿੱਖ ਸਪੋਰਟਸ ਕਲੱਬ, ਖਜ਼ਾਨਚੀ ਜਗਦੀਪ ਭਿੰਡਰ ਇੰਡੀਅਨ ਕਲਚਰਲ ਐਂਡ ਸਪੋਰਟਸ ਕਲੱਬ ਬ੍ਰਿਸਬੇਨ, ਸਪੋਰਟਸ ਲੀਡ ਹਰਪ੍ਰੀਤ (ਪ੍ਰਿੰਸ) ਸਿੰਘ ਸਿਡਨੀ ਸਿੱਖ ਸਪੋਰਟਸ ਕਲੱਬ, ਵੋਮੈਨਜ਼ ਰੈੱਪ ਲੀਡ ਸਿਮਰਪ੍ਰੀਤ ਕੌਰ ਸੋਹੀ ਵੂਲਗੂਲਗਾ ਸਪੋਰਟਸ ਕਲੱਬ, ਵੋਮੈਨਜ਼ ਰੈੱਪ ਲੀਡ ਜੈਸਿਕਾ ਕੌਰ ਸਰਨਾਹ ਬ੍ਰਿਸਬੇਨ ਸਿੱਖ ਯੂਨਾਈਟਿਡ ਅਤੇ ਕਲਚਰਲ ਲੀਡ ਜੋਤੀ-ਅਮਰਜੋਤ ਗੋਰਾਇਆ ਬ੍ਰਿਸਬੇਨ ਸਿੱਖ ਯੂਨਾਈਟਿਡ ਸ਼ਾਮਿਲ ਹਨ।

37ਵੀਆਂ ਆਸਟ੍ਰੇਲੀਅਨ ਸਿੱਖ-ਖੇਡਾਂ ਦੀ ਲੋਕਲ ਪ੍ਰਬੰਧਕ ਕਮੇਟੀ ਦੇ ਵਿੱਚ ਪ੍ਰਧਾਨ ਅਵਤਾਰ ਐਸ ਸਿੱਧੂ, ਸੀਨੀਅਰ ਮੀਤ ਪ੍ਰਧਾਨ ਮਹਿੰਗਾ ਐਸ ਖੱਖ, ਮੀਤ ਪ੍ਰਧਾਨ ਅਨਿੰਦਰਪਾਲ ਐਸ ਬਨਵੈਤ, ਮੀਤ ਪ੍ਰਧਾਨ ਬਲਰਾਜ ਐਸ ਉਗਰਾ, ਜੁਆਇੰਟ ਸਕੱਤਰ ਜਸਬੀਰ ਐਸ ਰੰਧਾਵਾ, ਸੰਯੁਕਤ ਸਕੱਤਰ ਰਣਬੀਰ ਸਿੰਘ, ਸਹਾਇਕ ਸਕੱਤਰ ਕੁਲਵਿੰਦਰ ਐੱਸ ਬਾਜਵਾ, ਖਜ਼ਾਨਚੀ ਮਾਇਕਲ ਸਿੰਘ, ਸਹਾਇਕ ਖਜ਼ਾਨਚੀ ਬਲਕਾਰ ਐਸ ਕੰਗ, ਸਹਾਇਕ ਖਜ਼ਾਨਚੀ ਗੁਰਜੰਟ ਸਿੰਘ, ਸੱਭਿਆਚਾਰਕ ਕੋਆਰਡੀਨੇਟਰ ਰਣਜੀਤ ਐਸ ਖੇੜਾ, ਲੰਗਰ ਕੋਆਰਡੀਨੇਟਰ ਗੁਰਮੀਤ ਐਸ ਮਾਂਗਟ, ਲੰਗਰ ਕੋਆਰਡੀਨੇਟਰ ਮਹਿੰਦਰ ਸਿੰਘ (ਬਿੱਟਾ), ਔਰਤਾਂ ਦੀ ਸ਼ਮੂਲੀਅਤ ਇੰਦਰਜੀਤ ਕੇ ਤੱਖਰ, ਔਰਤਾਂ ਦੀ ਸ਼ਮੂਲੀਅਤ ਪਰਮਬੀਰ ਸੰਘਾ, ਮੈਡੀਕਲ ਕੋਆਰਡੀਨੇਟਰ ਡਾ: ਪਵਿਤਰ ਐਸ ਸੁਨੇਰ, ਵਲੰਟੀਅਰਜ਼ ਕੋਆਰਡੀਨੇਟਰ ਦਮਨਜੀਤ ਐਸ ਮੱਲ੍ਹੀ, ਵਲੰਟੀਅਰਜ਼ ਕੋਆਰਡੀਨੇਟਰ ਅਮਰ ਸਿੰਘ, ਸਿੱਖ ਫੋਰਮ ਮਨਿੰਦਰ ਐਸ ਬਨਵੈਤ ਅਤੇ ਟਰਾਂਸਪੋਰਟ ਕੋਆਰਡੀਨੇਟਰ ਨਰਿੰਦਰ ਸਿੰਘ ਸ਼ਾਮਿਲ ਹਨ।

37ਵੀਆਂ ਆਸਟ੍ਰੇਲੀਅਨ ਸਿੱਖ-ਖੇਡਾਂ ਦੇ ਲੋਕਲ ਖੇਡ ਕੋਆਰਡੀਨੇਟਰਾਂ ਦੇ ਵਿੱਚ, ਅਥਲੈਟਿਕਸ-ਪੁਰਸ਼: ਸਤਨਾਮ ਐਸ ਬਾਜਵਾ (ਕੋਆਰਡੀਨੇਟਰ) ਤੇ ਗੁਰਸ਼ੇਰ ਐਸ ਮਾਨ। ਅਥਲੈਟਿਕਸ-ਮਹਿਲਾ: ਭਾਵਨਾ ਕੋਹਲੀ। ਬੈਡਮਿੰਟਨ: ਹੈਰੀ ਸੇਖੋਂ। ਬਾਸਕਿਟਬਾਲ: ਸਿਮਰਨਪ੍ਰੀਤ ਸਿੰਘ ਤੇ ਹਰਪ੍ਰੀਤ ਐਸ ਬੱਲ। ਬੌਕਸਿੰਗ: ਸਤਿੰਦਰ ਕੌਰ। ਕ੍ਰਿਕਟ: ਜਗਜੀਤ ਭੁੱਲਰ। ਗੋਲਫ: ਮਨਵਿੰਦਰ ਐਸ ਮਾਵੀ ਤੇ ਗੁਰਦੀਪ ਐਸ ਭਾਰਜ। ਹਾਕੀ: ਰਘਬੀਰ ਐਸ ਬੱਲ। ਕਬੱਡੀ: ਡਿੰਪੀ ਸੰਧੂ (ਕੋਆਰਡੀਨੇਟਰ) ਤੇ ਰਾਜਮਹਿੰਦਰ ਐਸ ਮੰਡ। ਨੈੱਟਬਾਲ: ਦਿਲਪ੍ਰੀਤ ਹੇਅਰ। ਪਾਵਰ ਲਿਫਟਿੰਗ: ਨਵਪ੍ਰੀਤ ਕੌਰ। ਫੱੁਟਬਾਲ-ਪੁਰਸ਼: ਨਵਜੋਤ ਸਿੰਘ। ਫੁੱਟਬਾਲ-ਮਹਿਲਾ: ਅਲੀਨਾ ਭੱਠਲ। ਟੈਨਿਸ: ਹਰਮਿੰਦਰ ਐਸ ਮਾਨ। ਟੱਚ ਫੁੱਟਬਾਲ: ਡਾਲਾਸ ਐਸ ਡੀਓ। ਟੱਗ ਆਫ ਼ਵਾਰ: ਬਲਰਾਜ ਐਸ ਸੰਘਾ ਅਤੇ ਵਾਲੀਬਾਲ: ਲਵਦੀਪ ਸਿੰਘ ਸ਼ਾਮਿਲ ਹਨ।

ਇਸ ਵਾਰ ਖੇਡਾਂ ਦਾ ਮੁੱਖ ਸਥਾਨ ਬੈਂਕਸਟਾਊਨ ਇਲਾਕੇ ਵਿੱਚ, ਬਾਸ ਹਿੱਲ ਦੀ ਮੈਕਲੀਨ ਸਟਰੀਟ ‘ਤੇ ਕਰੈਸਟ ਸਪੋਰਟਿੰਗ ਕੰਪਲੈਕਸ ਹੈ ਅਤੇ ਬੈਂਕਸਟਾਊਨ ਖੇਤਰ ਵਿੱਚ ਹੀ ਕਈ ਹੋਰ ਨੇੜਲੀਆਂ ਖੇਡ ਸਹੂਲਤਾਂ ਦੀ ਵੀ ਵਰਤੋਂ ਕੀਤੀ ਜਾਵੇਗੀ, ਜਿਸਦਾ ਵੇਰਵਾ ਇਸ ਪ੍ਰਕਾਰ ਹੈ:

ਐਥਲੈਟਿਕਸ: ਦ ਕਰੈਸਟ ਐਥਲੈਟਿਕਸ ਟ੍ਰੈਕ, ਕਰੈਸਟ ਸਪੋਰਟਿੰਗ ਕੰਪਲੈਕਸ, ਮੈਕਕਲੀਨ ਸਟ੍ਰੀਟ, ਬਾਸ ਹਿੱਲ।
ਬੈਡਮਿੰਟਨ: ਪ੍ਰੋ1 ਬੈਡਮਿੰਟਨ ਸੈਂਟਰ, 11/202-214 ਮਿਲਪੇਰਾ ਰੋਡ, ਮਿਲਪੇਰਾ।
ਬਾਸਕਟਬਾਲ: ਬੈਂਕਸਟਾਊਨ ਬਾਸਕਟਬਾਲ ਸਟੇਡੀਅਮ, 2 ਥਰਡ ਐਵੇਨਿਊ, ਕੌਂਡੇਲ ਪਾਰਕ।
ਬਾਕਸਿੰਗ: ਡੰਕ ਗ੍ਰੇ ਵੇਲਡਰੋਮ (ਕ੍ਰੈਸਟ ਸਪੋਰਟਿੰਗ ਕੰਪਲੈਕਸ), ਮੈਕਕਲੀਨ ਸਟ੍ਰੀਟ, ਬਾਸ ਹਿੱਲ।
ਕ੍ਰਿਕਟ: ਕੇਲਸੋ ਪਾਰਕ ਸਾਊਥ (ਮਾਰਕੋ ਐਵੇਨਿਊ, ਪੈਨਾਨੀਆ)। ਮਾਰਕੋ ਰਿਜ਼ਰਵ (ਮਾਰਕੋ ਐਵੇਨਿਊ, ਪੈਨਾਨੀਆ)। ਕਿਲਾਰਾ ਰਿਜ਼ਰਵ (ਕਿਲਾਰਾ ਐਵੇਨਿਊ, ਪੈਨਾਨੀਆ)।
ਗੋਲਫ: ਰਿਵਰਸਾਈਡ ਓਕਸ, 74 ਓ’ਬ੍ਰਾਇਨਜ਼ ਰੋਡ, ਕੈਟਾਈ।
ਹਾਕੀ: ਦਿਨ 1 ਅਤੇ 2: ਮੂਰਬੈਂਕ ਲਿਵਰਪੂਲ ਡਿਸਟ੍ਰਿਕਟ ਹਾਕੀ ਕਲੱਬ, 101 ਜੰਕਸ਼ਨ ਰੋਡ, ਮੂਰਬੈਂਕ। ਦਿਨ 3: ਕਰੈਸਟ ਸਪੋਰਟਿੰਗ ਕੰਪਲੈਕਸ, ਮੈਕਕਲੀਨ ਸਟ੍ਰੀਟ, ਬਾਸ ਹਿੱਲ।
ਕਬੱਡੀ: ਕਰੈਸਟ ਸਪੋਰਟਿੰਗ ਕੰਪਲੈਕਸ, ਮੈਕਕਲੀਨ ਸਟ੍ਰੀਟ, ਬਾਸ ਹਿੱਲ।
ਨੈੱਟਬਾਲ: ਡੇਵਰਾਲ ਪਾਰਕ, ਯਾਂਡੇਰਾ ਸਟ੍ਰੀਟ, ਕੌਂਡੇਲ ਪਾਰਕ।
ਪਾਵਰਲਿਫਟਿੰਗ: ਡੰਕ ਗ੍ਰੇ ਵੇਲਡ੍ਰੋਮ (ਕ੍ਰੈਸਟ ਸਪੋਰਟਿੰਗ ਕੰਪਲੈਕਸ), ਮੈਕਕਲੀਨ ਸਟ੍ਰੀਟ, ਬਾਸ ਹਿੱਲ।
ਸੌਕਰ: ਕ੍ਰੈਸਟ ਸਪੋਰਟਿੰਗ ਕੰਪਲੈਕਸ (ਮੈਕਕਲੀਨ ਸਟ੍ਰੀਟ, ਬਾਸ ਹਿੱਲ), ਨੇਵਿਲ ਰਿਜ਼ਰਵ (ਕਲਾਰਕ ਸਟ੍ਰੀਟ, ਬਾਸ ਹਿੱਲ)। ਵਾਲਸ਼ਾ ਪਾਰਕ (ਹੈਕਟਰ ਸਟ੍ਰੀਟ, ਬਾਸ ਹਿੱਲ)। ਮਿਡਲਟਨ ਪਾਰਕ (41 ਸਮਿਥ ਰੋਡ, ਯਗੂਨਾ)।
ਟੈਨਿਸ: ਡੇਵਰਾਲ ਪਾਰਕ ਟੈਨਿਸ ਕੋਰਟ, 2 ਐਥਲ ਸਟ੍ਰੀਟ, ਕੌਂਡੇਲ ਪਾਰਕ।
ਟੱਚ ਫੁੱਟਬਾਲ: ਕਿੰਚ ਰਿਜ਼ਰਵ, ਥਰਡ ਐਵੇਨਿਊ, ਕੌਂਡੇਲ ਪਾਰਕ (ਬਾਸਕਟਬਾਲ ਸਟੇਡੀਅਮ ਦੇ ਅੱਗੇ)।
ਵਾਲੀਬਾਲ: ਬੈਂਕਸਟਾਊਨ ਬਾਸਕਟਬਾਲ ਸਟੇਡੀਅਮ, 2 ਥਰਡ ਐਵੇਨਿਊ, ਕੌਂਡੇਲ ਪਾਰਕ।

Related posts

ਉਪਰੇਸ਼ਨ ਸਿੰਧੂਰ ਦੁਆਰਾ ਤਬਾਹ ਕੀਤੇ ਗਏ ਪਾਕਿਸਤਾਨ ਦੇ ਅੱਤਵਾਦੀ ਟਰੇਨਿੰਗ ਸੈਂਟਰ !

admin

ਰਾਖਵਾਂਕਰਨ: ਪੀੜ੍ਹੀ ਦਰ ਪੀੜ੍ਹੀ ਦਾ ਵਿਸ਼ੇਸ਼ ਅਧਿਕਾਰ ਜਾਂ ਅਸਲੀ ਨਿਆਂ?

admin

ਭਾਰਤੀ ਯੂਟਿਊਬਰਾਂ ਨੂੰ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ਾਂ ਹੇਠ ਹੋ ਸਕਦੀ ਲੰਬੀ ਸਜ਼ਾ ?

admin