ਅੰਮਿ੍ਤਸਰ – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ 14ਵੇਂ ਮੁਖੀ ਜਥੇ. ਬਾਬਾ ਬਲਬੀਰ ਸਿੰਘ ਅਕਾਲੀ ਨੇ ਅਫਗਾਨਿਸਤਾਨ ਵਿਚ ਵਸਦੀਆਂ ਘੱਟ ਗਿਣਤੀਆਂ ਖਾਸ ਕਰ ਕੇ ਸਿੱਖਾਂ ਤੇ ਧਰਮ ਅਸਥਾਨਾਂ ਦੀ ਹੁੰਦੀ ਬੇਹੁਰਮਤੀ ਤੇ ਚਿੰਤਾ ਪ੍ਰਗਟਾਉਂਦਿਆਂ ਕਿਹਾ ਕਿ ਅਫ਼ਗਾਨਿਸਤਾਨ ਵਿਚ ਹੋਏ ਰਾਜ ਪਲਟੇ ਵਿੱਚ ਘੱਟ ਗਿਣਤੀਆਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਭਾਰਤ ਸਰਕਾਰ ਪੂਰੀ ਇਮਾਨਦਾਰੀ ਨਾਲ ਉੱਥੇ ਰਹਿੰਦੇ ਸਿੱਖਾਂ ਤੇ ਹੋਰ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਜ਼ਿੰਮੇਵਾਰੀ ਨਿਭਾਵੇ। ਉਨ੍ਹਾਂ ਕਿਹਾ ਘਰੋਂ ਬੇਘਰ ਹੋਏ ਲੋਕ ਦੂਜੇ ਦੇਸ਼ਾਂ ਵੱਲ ਮਦਦ ਭਰੇ ਆਸਰੇ ਦੀ ਆਸ ਨਾਲ ਦੇਖ ਰਹੇ ਹਨ। ਕਿਤਿਓਂ ਵੀ ਚੰਗੇ ਹੋਣ ਦੀ ਆਸ ਨਜ਼ਰ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਇਸ ਉਜਾੜੇ ਦਾ ਕਹਿਰ ਘੱਟ ਗਿਣਤੀਆਂ ਲਈ ਮੁਸੀਬਤਾਂ, ਅੌਕੜਾਂ, ਬੇਬਸੀ, ਦਹਿਸ਼ਤ ਵਾਲਾ ਮਾਹੌਲ ਲੈ ਕੇ ਆਇਆ ਹੈ। ਉਨ੍ਹਾਂ ਕਿਹਾ ਕਿ ਕਿਸੇ ਨਵੇਂ ਦੇਸ਼ ਦੀ ਉਸਾਰੀ ਵਾਸਤੇ ਕਿੰਨਾ ਧਨ ਤੇ ਸਮਾਂ ਚਾਹੀਦਾ ਹੈ ਇਸ ਸੰਕਟ ਨੂੰ ਹੱਲ ਕਰਨ ਲਈ ਸਦੀਆਂ ਲੱਗ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕਾਬੁਲ ਕੰਧਾਰ, ਗਜ਼ਨੀ ਤੇ ਜਲਾਲਾਬਾਦ ਵਿਚ ਸਥਿਤੀ ਜ਼ਿਆਦਾ ਹੀ ਡਾਵਾਂ ਡੋਲ ਤੇ ਖਤਰਨਾਕ ਹੈ, ਗਜ਼ਨੀ ‘ਚ ਗੁਰਦੁਆਰਿਆਂ ਦੀ ਤਬਾਹੀ ਅਤੇ ਬੇਅਦਬੀ ਦੇ ਵੱਧਦੇ ਡਰ ਨੇ ਸਿੱਖਾਂ ਨੂੰ ਜਲਾਲਾਬਾਦ ਅਤੇ ਗਜ਼ਨੀ ਤੋਂ ਕਾਬਲ ਤੀਕ ਗੁਰਦੁਆਰਿਆਂ ਵਿਚੋਂ ਸ੍ਰੀ ਗੁਰੂ ਗ੍ੰਥ ਸਾਹਿਬ ਜੀ ਦੇ ਸਰੂਪ ਹਟਾਉਣ ਲਈ ਮਜਬੂਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਮਨੁੱਖੀ ਸਹਾਇਤਾ ਦੇ ਅੰਤਰਰਾਸ਼ਟਰੀ ਨਿਰਦੇਸ਼ਕ ਨੇ ਵੀ ਇਸ ਸਮੇਂ ਅਫਗਾਨਿਸਤਾਨ ਦੇ ਲੋਕਾਂ ਦੀ ਮਦਦ ਕਰਨ ‘ਚ ਅਸਮਰੱਥਾ ਪ੍ਰਗਟਾਈ ਹੈ। ਅਫ਼ਗਾਨਿਸਤਾਨ ਵਿਚਲੀਆਂ ਘੱਟ ਗਿਣਤੀਆਂ ਦੀ ਮਦਦ ਲਈ ਕਨੇਡਾ, ਅਮਰੀਕਾ, ਭਾਰਤ, ਇੰਗਲੈਂਡ ਤੇ ਬਾਕੀ ਦੇਸ਼ਾਂ ਨੂੰ ਖੁਲ੍ਹ ਦਿਲੀ ਨਾਲ ਮਦਦ ਲਈ ਅੱਗੇ ਆਉਂਣਾ ਚਾਹੀਦਾ ਹੈ।
ਸਿੰਘ ਸਾਹਿਬ ਨੇ ਕਿਹਾ ਕਿ ਕਿਸੇ ਕੌਮ ਦਾ ਆਪਣੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਨਾ ਉਨ੍ਹਾਂ ਦਾ ਬੁਨਿਆਦੀ ਹੱਕ ਹੈ ਪਰ ਉੱਥੇ ਵੱਸਦੀਆਂ ਘੱਟ ਗਿਣਤੀਆਂ ਨਾਲ ਬਦਸਲੂਕੀ, ਜ਼ੁਲਮ ਤੇ ਅਸੁਰੱਖਿਆ ਦੀ ਭਾਵਨਾ ਪੈਦਾ ਨਹੀਂ ਹੋਣ ਦੇਣੀ ਚਾਹੀਦੀ। ਉਨ੍ਹਾਂ ਕਿਹਾ ਤਾਲਿਬਾਨ ਲਾੜਕੂਆਂ ਵੱਲੋਂ ਅਫਗਾਨਿਸਤਾਨ ਤੇ ਕਬਜ਼ਾ ਕਰਨ ਤੋਂ ਬਾਅਦ ਲੋਕਾਂ ‘ਚ ਵੱਡੀ ਬੇਚੈਨੀ ਦਿਖਾਈ ਦਿੱਤੀ ਹੈ। ਉਨ੍ਹਾਂ ਵੱਲੋਂ ਸਰਕਾਰ ਸ਼ਰੀਅਤ ਕਾਨੂੰਨਾਂ ਅਨੁਸਾਰ ਚਲਾਏ ਜਾਣ ਦੇ ਐਲਾਨ ਨੇ ਗ਼ੈਰ ਸ਼ਰੀਅਤ ਲੋਕਾਂ ਵਿਚ ਡਰ, ਖੌਫ ਤੇ ਅਸੁਰੱਖਿਅਤ ਦੀ ਭਾਵਨਾ ਨੂੰ ਪ੍ਰਬਲ ਕੀਤਾ ਹੈ।