ਗੁਰਦਾਸਪੁਰ – ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਵਿਚ ਚਲ ਰਹੀ ਗੈਰ ਕਾਨੂੰਨੀ ਮਾਇਨਿੰਗ ਦੀ ਸੀ ਬੀ ਆਈ ਜਾਂਚ ਦੀ ਮੰਗ ਕੀਤੀ ਅਤੇ ਜ਼ੋਰ ਦੇ ਕੇ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਇਸ ਗੈਰ ਕਾਨੂੰਨੀ ਧੰਦੇ ਦੀ ਪੁਸ਼ਤ ਪਨਾਹੀ ਕਰ ਰਹੀ ਹੈ ਤੇ ਇਸਦੀ ਵਰਤੋਂ ਦੇਸ਼ ਭਰ ਵਿਚ ਆਪਣੇ ਖੰਭ ਪਸਾਰਣ ਵਾਸਤੇ ਕਰ ਰਹੀ ਹੈ। ਇਥੇ ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਕਾਦੀਆਂ ਦੇ ਪਿੰਡ ਨਾਥਪੁਰ ਵਿਖੇ ਦਰਸ਼ਨ ਸਿੰਘ ਬੇਲਦਾਰ ਜਿਸਦਾ ਗੈਰ ਕਾਨੂੰਨੀ ਮਾਇਨਿੰਗ ਰੋਕਣ ’ਤੇ ਕਤਲ ਕਰ ਦਿੱਤਾ ਗਿਆ, ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਗੈਰ ਕਾਨੂੰਨੀ ਮਾਇਨਿੰਗ ਰੋਕਣ ’ਤੇ ਦਰਸ਼ਨ ਸਿੰਘ ਦਾ ਕਤਲ ਹੋਏ ਨੂੰ ਤਿੰਨ ਦਿਨ ਬੀਤ ਗਏ ਹਨ ਪਰ ਹਾਲੇ ਤੱਕ ਨਾ ਤਾਂ ਮੁੱਖ ਮੰਤਰੀ ਭਗਵੰਤ ਮਾਨ ਤੇ ਨਾ ਹੀ ਮਾਇਨਿੰਗ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਉਹਨਾਂ ਨੇ ਪਰਿਵਾਰ ਦੀ ਮੰਗ ਨਾਲ ਪੂਰਨ ਸਹਿਮਤੀ ਪ੍ਰਗਟ ਕੀਤੀ ਕਿ ਦਰਸ਼ਨ ਸਿੰਘ ਦੀ ਥਾਂ ’ਤੇ ਪਰਿਵਾਰ ਦੇ ਇਕ ਬੱਚੇ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਡਿਊਟੀ ਕਰਦਿਆਂ ਸ਼ਹੀਦ ਹੋਣ ਵਾਲਿਆਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਜਾ ਰਹੀ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਪਰਿਵਾਰ ਨੂੰ ਦਿੱਤੀ ਜਾਵੇ। ਉਹਨਾਂ ਕਿਹਾ ਕਿ ਦਰਸ਼ਨ ਸਿੰਘ ਨੇ ਪੰਜਾਬ ਵਾਸਤੇ ਆਪਣੀ ਸ਼ਹਾਦਤ ਦਿੱਤੀ ਹੈ ਕਿਉਂਕਿ ਉਹਨਾਂ ਗੈਰ ਕਾਨੂੰਨੀ ਮਾਇਨਿੰਗ ਰੋਕਣ ਵਾਸਤੇ ਆਪਣੇ ਸੀਨੀਅਰ ਅਫਸਰਾਂ ਦੇ ਹੁਕਮ ਵਜਾਏ ਹਨ। ਉਹਨਾਂ ਕਿਹਾ ਕਿ ਉਹਨਾਂ ਤੇ ਉਹਨਾਂ ਦੇ ਪਰਿਵਾਰ ਨਾਲ ਸਰਕਾਰ ਵੱਲੋਂ ਮੁਆਵਜ਼ਾ ਰਾਸ਼ੀ ਦੇਣ ਵਿਚ ਵਿਤਕਰਾ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਅਨੁਸਾਰ 1 ਕਰੋੜ ਰੁਪਏ ਮੁਆਵਜ਼ਾ ਰਾਸ਼ੀ ਤੇ 1 ਕਰੋੜ ਰੁਪਏ ਬੀਮਾ ਰਾਸ਼ੀ ਮਿਲਣੀ ਚਾਹੀਦੀ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਸੂਬੇ ਵਿਚ ਸ਼ਰਾਬ ਮਾਫੀਆ ਬਣਨ ਤੋਂ ਬਾਅਦ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਹੁਣ ਗੈਰ ਕਾਨੂੰਨੀ ਰੇਤ ਮਾਫੀਆ ਬਣ ਗਈ ਹੈ। ਉਹਨਾਂ ਕਿਹਾ ਕਿ ਜਿਵੇਂ ਸੀ ਬੀ ਆਈ ਤੇ ਈ ਡੀ ਨੇ ਸ਼ਰਾਬ ਮਾਫੀਆ ਮਾਮਲੇ ਦੀ ਜਾਂਚ ਕੀਤੀ ਹੈ, ਉਸੇ ਤਰੀਕੇ ਇਸ ਗੈਰ ਕਾਨੂੰਨੀ ਰੇਤ ਮਾਫੀਆ ਵਪਾਰ ਦੀ ਜਾਂਚ ਵੀ ਸੀ ਬੀ ਆਈ ਤੇ ਈ ਡੀ ਹਵਾਲੇ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਡੂੰਘਾਈ ਨਾਲ ਜਾਂਚ ਹੋ ਸਕੇ।
ਅਕਾਲੀ ਆਗੂ ਨੇ ਕਿਹਾ ਕਿ ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਪੁਲਿਸ ਨੂੰ ਦਰਸ਼ਨ ਸਿੰਘ ਨਾਲ ਉਸ ਵੇਲੇ ਜਾਣਾ ਵਾਜਬ ਨਹੀਂ ਲੱਗਾ ਜਦੋਂ ਉਹ ਗੈਰ ਕਾਨੂੰਨੀ ਮਾਇਨਿੰਗ ਰੋਕਣ ਵਾਸਤੇ ਗਏ ਸਨ। ਉਹਨਾਂ ਕਿਹਾ ਕਿ ਇਸ ਤੋਂ ਪਤਾ ਚਲਦਾ ਹੈ ਕਿ ਆਪ ਸਰਕਾਰ ਗੈਰ ਕਾਨੂੰਨੀ ਮਾਇਨਿੰਗ ਨੂੰ ਉਤਸ਼ਾਹਿਤ ਕਰ ਰਹੀ ਹੈ। ਉਹਨਾਂ ਕਿਹਾ ਕਿ ਇਹ ਕੱਟੜ ਚੋਰ ਤੇ ਕੱਟੜ ਬੇਈਮਾਨ ਲੋਕਾਂ ਦੀ ਸਰਕਾਰ ਹੈ ਜੋ ਆਪਣੇ ਆਖਣ ਤੋਂ ਬਿਲਕੁਲ ਉਲਟ ਕਰਦੀ ਹੈ।
ਉਹਨਾਂ ਕਿਹਾ ਕਿ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵੇਲੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਇਕ ਸਾਲ ਵਿਚ ਹੀ ਪੰਜਾਬ ਨੂੰ ਮਾਇਨਿੰਗ ਤੋਂ 20 ਹਜ਼ਾਰ ਕਰੋੜ ਰੁਪਏ ਦੀ ਆਮਦਨੀ ਹੋਵੇਗੀ ਜਦੋਂ ਕਿ ਡੇਢ ਸਾਲਾਂ ਵਿਚ ਆਪ ਸਰਕਾਰ ਨੇ ਮਾਇਨਿੰਗ ਤੋਂ ਸਿਰਫ 438 ਕਰੋੜ ਰੁਪਏ ਜੁਟਾਏ ਹਨ। ਉਹਨਾਂ ਭਗਵੰਤ ਮਾਨ ਨੂੰ ਸਵਾਲ ਕੀਤਾ ਕਿ ਮਾਇਨਿੰਗ ਦੇ 19500 ਕਰੋੜ ਰੁਪਏ ਕਿਥੇ ਗਏ ? ਕੀ ਉਹ ਕੇਜਰੀਵਾਲ ਦੇ ਹਵਾਈ ਦੌਰਿਆਂ ’ਤੇ ਜਾਂ ਦੇਸ਼ ਵਿਚ ਆਪ ਦੇ ਪਸਾਰ ’ਤੇ ਖਰਚੇ ਗਏ ਹਨ ?
ਸਰਦਾਰ ਮਜੀਠੀਆ ਨੇ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਦਰਸ਼ਨ ਸਿੰਘ ਦਾ ਕਤਲ ਹੋਏ ਨੂੰ ਤਿੰਨ ਦਿਨ ਬੀਤ ਗਏ ਹਨ ਤੇ ਹਾਲੇ ਤੱਕ ਪਰਿਵਾਰ ਪੋਸਟ ਮਾਰਟਮ ਦੀ ਉਡੀਕ ਕਰ ਰਿਹਾ ਹੈ ਤੇ ਆਪ ਸਰਕਾਰ ਨੇ ਤਾਂ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਤੇ ਉਹਨਾਂ ਨੂੰ ਇਨਸਾਫ ਦਾ ਭਰੋਸਾ ਦੁਆਉਣਾ ਵੀ ਵਾਜਬ ਨਹੀਂ ਸਮਝਿਆ।