ਅਕਾਲ ਤਖ਼ਤ ਅਤੇ ਪੰਜ ਪਿਆਰਿਆਂ ਦਾ ਸੰਕਲਪ

ਬੀਤੇ ਕਾਫੀ ਸਮੇਂ ਤੋਂ ਅਕਾਲ ਤਖ਼ਤ ਸਾਹਿਬ ਤੋਂ ਸਿੰਘ ਸਾਹਿਬਾਨ ਵਲੋਂ, ਪੰਜ ਪਿਆਰਿਆਂ ਦੇ ਰੂਪ ਵਿਚ ਕੀਤੇ ਜਾਂਦੇ ਚਲੇ ਆ ਰਹੇ ਫ਼ੈਸਲਿਆਂ ਪੁਰ ਕਿੰਤੂ-ਪ੍ਰੰਤੂ ਕੀਤਾ ਜਾਂਦਾ ਚਲਿਆ ਆ ਰਿਹਾ ਹੈ। ਇਥੋਂ ਤਕ ਕਿ ਪੰਜਾਂ ਪਿਆਰਿਆਂ ਦੇ ਰੂਪ ਵਿਚ ਕੀਤੇ ਜਾਂਦੇ ਕਈ ਫ਼ੈਸਲਿਆਂ ਦੇ ਸਬੰੰਧ ਵਿਚ ਤਾਂ ਇਹ ਵੀ ਕਿਹਾ ਗਿਆ, ਕਿ ਉਹ ਰਾਜਨੀਤੀ ਤੋਂ ਹੀ ਪ੍ਰੇਰਿਤ ਨਹੀਂ, ਸਗੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਤਾਧਾਰੀਆਂ, ਜੋ ਉਨ੍ਹਾਂ ਦੀ ਨਿਯੁਕਤੀ ਕਰਦੇ ਹਨ, ਦੇ ਹਿਤਾਂ ਨੂੰ ਮੁੱਖ ਰਖ ਕੇ ਕੀਤੇ ਗਏ ਹੋਏ ਹਨ। ਇਕ ਸਮਾਂ ਤਾਂ ਇਹ ਵੀ ਆਇਆ, ਜਦੋਂ ਇਹ ਵੀ ਕਿਹਾ ਜਾਣ ਲਗ ਪਿਆ ਕਿ ਸਿੰਘ ਸਾਹਿਬਾਨ ਵਲੋਂ ਕੀਤੇ ਜਾਂਦੇ ਫੈਸਲਿਆਂ ਵਿੱਚ ਸ਼੍ਰੋਮਣੀ ਕਮੇਟੀ ਦੇ ਸੱਤਾਧਾਰੀਆਂ ਦੇ ਨਾਲ ਹੀ ਨਿਜ ਹਿਤਾਂ ਨੂੰ ਵੀ ਮੁੱਖ ਰਖਿਆ ਜਾਣ ਲਗਾ ਹੈ।
ਇਸਤਰ੍ਹਾਂ ਸ਼ੰਕਾਵਾਂ ਤੇ ਕਿੰਤੂ-ਪ੍ਰੰਤੂ ਦਾ ਦੌਰ ਚਲਦਿਆਂ ਹੋਇਆਂ ਵੀ, ਵਿਰੋਧੀ ਫ਼ੈਸਲਿਆਂ ਦੇ ਸ਼ਿਕਾਰ ਵਿਅਕਤੀਆਂ ਨੂੰ ਵੀ ਨਾ ਚਾਹੁੰਦਿਆਂ ਹੋਇਆਂ ਵੀ, ਅਕਾਲ ਤਖ਼ਤ ਤੋਂ ਪੰਜਾਂ ਪਿਆਰਿਆਂ ਦੇ ਰੂਪ ਵਿਚ ਆਪਣੇ ਵਿਰੁਧ ਕੀਤੇ ਗਏ ਫ਼ੈਸਲਿਆਂ ਨੂੰ ਸਵੀਕਾਰ ਕਰਨਾ ਪਿਆ। ਉਨ੍ਹਾਂ ਨੇ ਅਕਾਲ ਤਖ਼ਤ ਦੇ ਸਾਹਮਣੇ ਨਤਮਸਤਕ ਹੋ ਧਾਰਮਕ ਸਜ਼ਾ (ਤਨਖ਼ਾਹ) ਲਗਵਾਈ ਅਤੇ ਉਸਨੂੰ ਪੂਰਿਆਂ ਵੀ ਕੀਤਾ। ਇਤਿਹਾਸ ਗੁਆਹ ਹੈ ਕਿ ਮਹਾਰਾਜਾ ਰਣਜੀਤ ਸਿੰਘ, ਮਾਸਟਰ ਤਾਰਾ ਸਿੰਘ, ਸੰਤ ਫ਼ਤਹ ਸਿੰਘ, ਸ. ਸੁਰਜੀਤ ਸਿੰਘ ਬਰਨਾਲਾ, ਜ. ਸੰਤੋਖ ਸਿੰਘ, ਜ. ਰਛਪਾਲ ਸਿੰਘ, ਸ. ਮਹਿੰਦਰ ਸਿੰਘ ਮਥਾਰੂ. ਜ. ਅਵਤਾਰ ਸਿੰਘ ਹਿਤ ਆਦਿ ਸਮੇਤ ਅਨੇਕਾਂ ਅਜਿਹੀਆਂ ਸ਼ਖ਼ਸੀਅਤਾਂ ਹਨ, ਜਿਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਨਮਾਨਤ ਅਹੁਦਿਆਂ ਪੁਰ ਹੁੰਦਿਆਂ ਵੀ, ਅਕਾਲ ਤਖ਼ਤ ਤੋਂ ਆਪਣੇ ਵਿਰੁਧ ਹੋਏ ਵਿਵਾਦਤ ਫ਼ੈਸਲਿਆਂ ਨੂੰ ਸਵੀਕਾਰ ਕਰਨਾ ਪਿਆ।
ਇਥੋਂ ਤਕ ਕਿ ਦੇਸ਼ ਦੇ ਰਾਸ਼ਟਰਪਤੀ ਦੇ ਅਹੁਦੇ ਪੁਰ ਰਹਿੰਦਿਆਂ, ਗਿਆਨੀ ਜ਼ੈਲ ਸਿੰਘ ਨੂੰ ਵੀ ਆਪਣੇ ਪੁਰ ਲਗੇ ਦੋਸ਼ ਦੇ ਲਈ ਅਕਾਲ ਤਖ਼ਤ ਪੁਰ ਪੰਜਾਂ ਪਿਆਰਿਆਂ ਸਾਹਮਣੇ ਸਪਸ਼ਟੀਕਰਣ ਦੇਣ ਲਈ ਮਜਬੂਰ ਹੋਣਾ ਪਿਆ। ਆਪਣੇ ਸਮੇਂ ਦੇ ਕੇਂਦਰੀ ਗ੍ਰਹਿ ਮੰਤਰੀ ਸ. ਬੂਟਾ ਸਿੰਘ ਨੂੰ ਵੀ ਅਕਾਲ ਤਖ਼ਤ ਪੁਰ ਹਾਜ਼ਰ ਹੋ ਕੇ ਧਾਰਮਕ ਸਜ਼ਾ ਲੁਆਉਣਾ ਪੈ ਹੀ ਗਿਆ ਸੀ, ਹਾਲਾਂਕਿ ਉਨ੍ਹਾਂ ਨੇ ਕਾਫ਼ੀ ਸਮਾਂ ਇਸਤੋਂ ਬਚਿਆਂ ਰਹਿਣ ਦੀ ਹਥ-ਪੈਰ ਮਾਰੇ ਸਨ।
ਜ. ਅਵਤਾਰ ਸਿੰਘ ਹਿਤ ਬਾਰੇ ਤਾਂ ਇਹ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਅਕਾਲ ਤਖ਼ਤ ਤੋਂ ਪੰਜਾਂ ਪਿਆਰਿਆਂ ਦੇ ਰੂਪ ਵਿਚ ਆਪਣੇ ਪੁਰ ਲਾਏ ਗਏ ਕਥਤ ਦੋਸ਼ਾਂ ਤੋਂ ਮੁਕਤੀ ਹਾਸਲ ਕਰਨ ਲਈ, ਇੱਕ ਬਹੁਤ ਹੀ ਮੋਟੀ ਰਕਮ ਕੀਮਤ ਵਜੋਂ ਅਦਾ ਕਰਨੀ ਪਈ ਸੀ। ਇਸ ਵਿੱਚ ਕਿਤਨੀ-ਕੁ ਸੱਚਾਈ ਹੈ? ਇਸਦਾ ਜਵਾਬ ਤਾਂ ਸ. ਹਿਤ ਤੇ ਉਨ੍ਹਾਂ ਨਾਲ ਅਕਾਲ ਤਖਤ ਪੁਰ ਹਾਜ਼ਰੀ ਭਰਦੇ ਰਹੇ ਸ. ਹਰਮਨਜੀਤ ਸਿੰਘ ਹੀ ਦੇ ਸਕਦੇ ਹਨ। ਇਹ ਵੀ ਦਸਿਆ ਜਾਂਦਾ ਹੈ ਕਿ ਇਸੇ ਤਰ੍ਹਾਂ ਕਈ ਹੋਰਾਂ ਨੇ ਵੀ ਪੰਥ ਵਾਪਸੀ ਅਤੇ ਦੋਸ਼ ਮੁਕਤੀ ਲਈ ਭਾਰੀ ਕੀਮਤ ਚੁਕਾਈ ਸੀ। ਇਕ ਕੀਰਤਨੀਏ ਨੇ ਤਾਂ ਦੋਸ਼-ਮੁਕਤ ਹੋਣ ਤੋਂ ਬਾਅਦ ਇਹ ਦਾਅਵਾ ਵੀ ਕੀਤਾ ਸੀ ਕਿ ਉਸਨੂੰ ਪਤਾ ਚਲ ਗਿਆ ਹੈ ਕਿ ਅਕਾਲ ਤਖ਼ਤ ਤੋਂ ਕਿਵੇਂ ਦੋਸ਼-ਮੁਕਤ ਹੋਇਆ ਜਾ ਸਕਦਾ ਹੈ?
ਸਿੱਖ ਧਰਮ ਵਿੱਚ ਅਕਾਲ ਤਖ਼ਤ ਅਤੇ ਪੰਜ ਪਿਆਰਿਆਂ ਦੀ ਸਿਰਜਨਾ ਦਾ ਸਿਧਾਂਤ ਅਤੇ ਸੰਕਲਪ:
ਅਕਾਲ ਤਖ਼ਤ ਦੀ ਸਿਰਜਣਾ : ਸਿੱਖ ਇਤਿਹਾਸ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਬਾਬਾ ਬੁਢਾ ਜੀ ਅਤੇ ਭਾਈ ਗੁਰਦਾਸ ਜੀ ਵਰਗੀਆਂ ਮਹਾਨ ਸ਼ਖਸੀਅਤਾਂ ਦੇ ਸਹਿਯੋਗ ਨਾਲ, ਅਕਾਲ ਤਖਤ ਦੀ ਸਿਰਜਣਾ ਆਪਣੇ ਕਰ-ਕਮਲਾਂ ਨਾਲ, ਇਸ ਉਦੇਸ਼ ਦੇ ਨਾਲ ਕੀਤੀ ਸੀ, ਕਿ ਇਥੋਂ ਮਿਲਣ ਵਾਲਾ ਸੰਦੇਸ਼, ਦੇਸ-ਵਾਸੀਆਂ ਵਿਚ ਆਤਮ-ਵਿਸ਼ਵਾਸ ਤੇ ਆਤਮ-ਸਨਮਾਨ ਦੀ ਭਾਵਨਾ ਪੈਦਾ ਕਰ ਸਕੇਗਾ, ਜਿਸਦੇ ਸਹਾਰੇ ਉਹ ਆਤਮ-ਸਨਮਾਨ ਅਤੇ ਆਤਮ-ਰਖਿਆ ਲਈ ਜ਼ਾਲਮ ਹਕੂਮਤ ਦੇ ਜਬਰ-ਜ਼ੁਲਮ ਦਾ ਖਾਤਮਾ ਕਰ ਸਕਣ ਦੇ ਜਜ਼ਬੇ ਦੇ ਨਾਲ ਸਰਸ਼ਾਰ ਹੋ ਸਕਣਗੇ।
ਅਕਾਲ ਤਖ਼ਤ, ਗੁਰੂ ਦਾ ਉਹ ਦਰ ਹੈ, ਜਿਥੇ ਹਰ ਕੋਈ ਸਹਿਮਿਆ-ਡਰਿਆ ਨਹੀਂ, ਸਗੋਂ ਇਸ ਵਿਸ਼ਵਾਸ ਨਾਲ ਆਉਂਦਾ ਹੈ ਕਿ ਉਸ ਕੋਲੋਂ ਜੇ ਕੋਈ ਭੁਲ ਹੋ ਗਈ ਹੈ ਤਾਂ ਉਹ ਇਥੋਂ ਬਖ਼ਸ਼ੀ ਜਾਇਗੀ। ਸਤਿਗੁਰੂ ਬਖ਼ਸ਼ਣਹਾਰ ਹੈ, ਗੁਰੂ ਘਰ ਤੋਂ ਦੋਸ਼ ਨਹੀਂ ਲਗਦੇ, ਸਜ਼ਾ ਨਹੀਂ ਮਿਲਦੀ। ਸਗੋਂ ਸੱਚੇ ਦਿਲੋਂ ਭੁਲ ਸਵੀਕਾਰ ਕਰਦਿਆਂ ਹੀ ਬਖ਼ਸ਼ ਲਈ ਜਾਂਦੀ ਹੈ। ਗੁਰੂ ਦੇ ਦਰ ਤੇ ਇਹੀ ਇਕੋ-ਇਕ ਸਿਧਾਂਤ ਕੰਮ ਕਰਦਾ ਹੈ: ‘ਨਾਨਕ ਬਖਸੇ ਪੂਛ ਨ ਹੋਇ’। ਹੋਰ : ‘ਪਿਛਲੇ ਅਉਗਣ ਬਖਸਿ ਲਏ, ਪ੍ਰਭੁ ਆਗੈ ਮਾਰਗਿ ਪਾਵੈ’। ਗੁਰੂ ਸਾਹਿਬ ਦੇ ਇਹ ਬਚਨ ਇਸ ਗਲ ਦੇ ਸਾਖੀ ਹਨ ਕਿ ਗੁਰੂ ਅਤੇ ਗੁਰੂ ਦਾ ਦਰ ਬਖਸ਼ਣਹਾਰ ਹੈ, ਜੇ ਕੋਈ ਗੁਰੂ ਦਾ ਨਾਂ ਲੇ ਕੇ ਕਿਸੇ ਨੂੰ ਦੋਸ਼ੀ ਠਹਿਰਾ ਕੇ ਉਸਨੂੰ ਸਜ਼ਾ ਦਿੰਦਾ ਹੈ, ਤਾਂ ਉਹ ਗੁਰੂ ਸਾਹਿਬ ਵਲੋਂ ਸਥਾਪਤ ਸਿਧਾਂਤ ਅਤੇ ਆਦਰਸ਼ ਦੀ ਉਲੰਘਣਾ ਕਰਨ ਦਾ ਦੋਸ਼ੀ ਹੈ ਅਤੇ ਜੋ ਇਸ ਡਰੋਂ ਗੁਰੂ ਦਰ ਤੇ ਜਾ ਕੇ ਭੁਲ ਸਵੀਕਾਰ ਕਰਨ ਤੋਂ ਸੰਕੋਚ ਕਰਦਾ ਹੈ, ਕਿ ਜੇ ਉਸਨੇ ਭੁਲ ਸਵੀਕਾਰ ਕਰ ਲਈ ਤਾਂ ਉਸਨੂੰ ਲੋਕਾਂ ਸਾਹਮਣੇ ਸ਼ਰਮਿੰਦਿਆਂ ਹੋਣਾ ਪਵੇਗਾ, ਤਾਂ ਉਹ ਕਦੀ ਵੀ ਕੀਤੀ ਭੁਲ ਦੇ ਦੋਸ਼ ਤੋਂ ਮੁਕਤ ਨਹੀਂ ਹੋ ਸਕਦਾ। ਉਸਦੀ ਆਪਣੀ ਅੰਤਰ-ਆਤਮਾ ਹੀ ਉਸਨੂੰ ਕੀਤੀ ਗਈ ਭੁਲ ਦੇ ਲਈ ਕਚੋਟਦੀ ਰਹੇਗੀ।
ਪੰਜ ਪਿਆਰਿਆਂ ਦਾ ਸੰਕਲਪ: ਸਿੱਖ ਸਾਹਿਤ ਦੇ ਵਿਦਵਾਨਾਂ ਦੀ ਮਾਨਤਾ ਹੈ ਕਿ, ਸਿੱਖ ਪਰੰਪਰਾ ਅਨੁਸਾਰ, ਪੰਜ ਪਿਆਰੇ ਲੋਕਤਾਂਤ੍ਰਿਕ ਸੱਤਾ ਵਿਧਾਨ ਦੇ ਪ੍ਰਤੀਕ ਹਨ। ਪਰ ਧਿਆਨ ਰਖਣ ਵਾਲੀ ਗਲ ਇਹ ਵੀ ਹੈ ਕਿ ਨਾ ਤਾਂ ਪੰਜ ਪਿਆਰੇ ਨਾਮਜ਼ਦ ਹੋ ਸਕਦੇ ਹਨ ਅਤੇ ਨਾ ਹੀ ਲੋਕਾਂ ਰਾਹੀਂ ਚੁਣੇ ਜਾ ਸਕਦੇ ਹਨ। ਕਿਉਂਕਿ ਜਿਨ੍ਹਾਂ ਨੇ ਗੁਰੂ ਦੇ ਪਿਆਰੇ ਹੋਣ ਦਾ ਮਾਣ ਪ੍ਰਾਪਤ ਕੀਤਾ ਸੀ, ਉਹ ਨਿਜੀ ਗੁਣਾ ਕਾਰਣ ਅਤਿ-ਕਠਨ ਪ੍ਰੀਖਿਆ ਵਿਚੋਂ ਖਰੇ ਉਤਰੇ ਸਨ। ਇਸਤਰ੍ਹਾਂ ਗੁਰੂ ਸਾਹਿਬ ਨੇ ਇਹ ਗਲ ਨਿਸ਼ਚਿਤ ਕਰ ਦਿਤੀ ਸੀ ਕਿ ਸੱਤਾ ਉਸ ਪਾਸ ਰਹਿਣੀ ਚਾਹੀਦੀ ਹੈ ਜਾਂ ਰਹੇਗੀ, ਜਿਸ ਕੋਲ ਲੋਕ-ਹਿਤ ਵਿਚ ਸਿਰ ਦੇਣ ਦੀ ਸਮਰਥਾ ਹੋਵੇਗੀ। ਇਸਦੇ ਨਾਲ ਹੀ ਵਿਦਵਾਨਾਂ ਦੀ ਇਹ ਵੀ ਮਾਨਤਾ ਹੈ ਕਿ ਤਨਖ਼ਾਹਦਾਰ-ਮੁਲਾਜ਼ਮ ਪੰਜ ਪਿਆਰੇ ਨਹੀਂ ਹੋ ਸਕਦੇ।
ਰਾਜਸੱਤਾ ਦਾ ਸਿੱਖ ਸੰਕਲਪ: ਸਿੱਖ ਵਿਦਵਾਨ ਰਾਜਸੱਤਾ ਦੇ ਸਿੱਖ ਸੰਕਲਪ ਦੇ ਮੁੱਦੇ ਤੇ ਇਕ ਮਤ ਨਹੀਂ। ਇਕ ਵਰਗ ਦਾ ਪੱਖ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ, ਲੱਖਾ ਸਿੰਘ ਅਨੁਸਾਰ: ‘ਰਾਜ ਜੋਗ ਤੁਮ ਕਹ ਮੈ ਦੀਨਾ। ਪਰਮ ਜੋਤਿ ਸੰਗ ਪਰਚੋ ਕੀਨਾ। ਸੰਤ ਸਮੂਹਨ ਕੋ ਸੁਖ ਦੀਜੈ। ਅਚਲ ਰਾਜ ਧਰਨੀ ਮਹਿ ਕੀਜੈ’, ਸਿੱਖਾਂ ਨੂੰ ਰਾਜੇ ਹੋਣ ਦਾ ਵਰ ਦਿਤਾ ਹੋਇਆ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਗੁਰੂ ਜੀ ਦਾ ਨਿਸ਼ਾਨਾ ਗ਼ਰੀਬ ਸਿੱਖਾਂ ਨੂੰ ਪਾਤਸ਼ਾਹੀ ਦੇਣਾ ਸੀ। ਆਪਣੇ ਇਸ ਦਾਅਵੇ ਦੀ ਪੁਸ਼ਟੀ ਵਿਚ ਉਹ ਭਾਈ ਕੋਇਰ ਸਿੰਘ ਲਿਖਤ ‘ਗੁਰਬਿਲਾਸ’ ਵਿਚੋਂ ਇਹ ਟੂਕ ਵੀ ਦਿੰਦੇ ਹਨ; ‘ਮੈਂ ਅਸਿਪਾਨਜ (ਖੜਗਧਾਰੀ) ਤਦ ਸੁ ਕਹਾਊਂ, ਚਿੜੀਅਨ ਪੈ ਜੋ ਬਾਜ ਤੁੜਾਊਂ। ਕਿਰਸਾਨੀ ਜਗ ਮੈ ਭਏ ਰਾਜਾ’। ਹੋਰ : ‘ਅਬ ਦਯੈ ਪਾਤਸਾਹੀ ਗਰੀਬਨ ਉਠਾਇ, ਵੈ ਜਾਨੈ ਗੁਰ ਦਈ ਮਾਹਿ’।
ਦੂਜੇ ਵਰਗ ਦਾ ਪੱਖ ਇਹ ਦਸਿਆ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਜ਼ੁਲਮ-ਜਬਰ ਅਤੇ ਜ਼ਾਲਮ ਵਿਰੁਧ ਸਦੀਵੀ ਸੰਘਰਸ਼ ਜਾਰੀ ਰਖਣ ਅਤੇ ਗ਼ਰੀਬ-ਮਜ਼ਲੂਮ ਦੀ ਰਖਿਆ ਕਰਨ ਲਈ ਕੀਤੀ ਹੈ। ਇਸਦੇ ਵਿਰੁਧ ਰਾਜਸੱਤਾ ਜਬਰ-ਜ਼ੁਲਮ ਤੋਂ ਬਿਨਾਂ ਨਾ ਤਾਂ ਕਾਇਮ ਹੋ ਸਕਦੀ ਹੈ, ਅਤੇ ਨਾ ਹੀ ਕਾਇਮ ਰਖੀ ਜਾ ਸਕਦੀ ਹੈ। ਜਿਸ ਕਾਰਣ ਰਾਜਸੱਤਾ ਅਤੇ ਖਾਲਸੇ ਵਿਚਕਾਰ ਅਰੰਭ ਤੋਂ ਹੀ ਟਕਰਾਉ ਬਣਿਆ ਚਲਿਆ ਆ ਰਿਹਾ ਹੈ। ਉਹ ਕਹਿੰਦੇ ਹਨ ਕਿ ਗੁਰੂ ਸਾਹਿਬ ਵਲੋਂ ਸਿੱਖਾਂ ਨੂੰ ਬਖ਼ਸ਼ੀ ਗਈ ਪਾਤਸਾਹੀ ਨੂੰ ‘ਮਹਿਮਾ ਪ੍ਰਕਾਸ਼’ ਦੇ ਇਨ੍ਹਾਂ ਸ਼ਬਦਾਂ-‘ਐਸਾ ਪੰਥ ਸਤਿਗੁਰ ਰਚਾ, ਸਗਲ ਜਗਤ ਹੈਰਾਨ। ਬਿਨ ਧਨ ਭੂਮ ਰਾਜਾ ਬਨੈ, ਬਿਨ ਪਦ ਬਢੇ ਮਹਾਨ’ ਦੀ ਰੋਸ਼ਨੀ ਵਿਚ ਲਿਆ ਜਾਣਾ ਚਾਹੀਦਾ ਹੇ।
…ਅਤੇ ਅੰਤ ਵਿਚ: ਜਿਉਂ-ਜਿਉਂ ਅਕਾਲ ਤਖ਼ਤ ਤੋਂ ਜਾਰੀ ਆਦੇਸ਼ਾਂ ਦੇ ਸਬੰਧ ਵਿਚ ਵਿਵਾਦ ਉਭਰਦੇ ਚਲੇ ਜਾ ਰਹੇ ਹਨ, ਤਿਉਂ-ਤਿਉਂ ਆਮ ਸਿੱਖਾਂ ਵਿਚ ਇਹ ਧਾਰਣਾ ਦ੍ਰਿੜ੍ਹ ਹੁੰਦੀ ਜਾ ਰਹੀ ਹੈ ਕਿ ਅਕਾਲ ਤਖ਼ਤ ਪੁਰ ਰਾਜਸੀ ਮੁੱਦੇ ਬਿਲਕੁਲ ਹੀ ਨਹੀਂ ਵਿਚਾਰੇ ਜਾਣੇ ਚਾਹੀਦੇ, ਕੇਵਲ ਧਾਰਮਕ ਮੁੱਦੇ ਹੀ ਵਿਚਾਰ-ਅਧੀਨ ਲਿਆਏ ਜਾਣੇ ਚਾਹੀਦੇ ਹਨ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !