ਅਜੋਕੇ ਸਮੇਂ ‘ਸਰਬੱਤ ਖਾਲਸਾ’ ਦੀ ਲੋੜ ਕਿਉਂ ?

‘ਸਰਬੱਤ ਖਾਲਸਾ’ ਸੰਸਥਾ ਦੀ ਪੁਨਰ ਸੁਰਜੀਤੀ ਵੀ ਅਠਾਰ੍ਹਵੀਂ ਸਦੀ ਦੇ ਇਤਿਹਾਸ ਤੋਂ ਸੇਧ ਲੈ ਕੇ ਹੋਣੀ ਚਾਹੀਦੀ ਹੈ ।

ਲੇਖਕ: ਮਹਿੰਦਰ ਸਿੰਘ ਚਚਰਾੜੀ, ਇੰਡੀਆ

ਹੁਣ ਜਦੋਂਕਿ ਸਿੱਖਾਂ ਤੇ ਸਿੱਖੀ ਨੂੰ ਖਤਮ ਕਰਨ ਲਈ ਸਾਰੇ ਪਾਸਿਓਂ ਘੇਰਾਬੰਦੀ ਕਰ ਲਈ ਗਈ ਹੈ , ਤਾਂ ਸਿੱਖਾਂ ਸਾਹਮਣੇ ‘ਸਰਬੱਤ ਖਾਲਸਾ’ ਸੰਸਥਾ ਦੀ ਪੁਨਰ ਸੁਰਜੀਤੀ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਦਾ । ‘ਸਰਬੱਤ ਖਾਲਸਾ’ ਸੰਸਥਾ ਦੀ ਪੁਨਰ ਸੁਰਜੀਤੀ ਵੀ ਅਠਾਰ੍ਹਵੀਂ ਸਦੀ ਦੇ ਇਤਿਹਾਸ ਤੋਂ ਸੇਧ ਲੈ ਕੇ ਹੋਣੀ ਚਾਹੀਦੀ ਹੈ । ਜਦੋਂਕਿ ਸੁਲਤਾਨ-ਉਲ ਕੌਮ ਸ: ਜੱਸਾ ਸਿੰਘ ਜੀ ਆਹਲੂਵਾਲੀਆ ਦੀ ਅਗਵਾਈ ਹੇਠ ਵੱਖ-ਵੱਖ ਸਿੱਖ ਮਿਸਲਾਂ ਦੀ ਇਕ ਸਾਝੀ ‘ਕਨਫੈਡਰੇਸ਼ਨ’ ਬਣੀ ਹੋਈ ਸੀ । ਨਾਲ ਨਾਲ ਸਿੱਖ ਮਿਸਲਾਂ ਆਪੋ-ਆਪਣਾ ਵੱਖਰਾ ਰਾਜ ਪ੍ਰਬੰਧ ਵੀ ਚਲਾਉਂਦੀਆਂ ਸਨ ਪਰ ਸੇਧ ਉਹ ‘ਸਾਂਝੀ ਕਨਫੈਡਰੇਸ਼ਨ’ ਵਲੋਂ ਕੀਤੇ ਗੁਰਮਤਿਆਂ ਤੋਂ ਹੀ ਲੈਦੀਆਂ ਸਨ ।

ਭਾਵੇਂ ਅਜੋਕੇ ਸਮੇਂ ‘ਸਰਬੱਤ ਖਾਲਸਾ’ ਸੰਸਥਾ ਦਾ ਅਠਾਰ੍ਹਵੀਂ ਸਦੀ ਵਾਲਾ ਸਰੂਪ ਹੂ ਬ ਹੂ ਸਥਾਪਤ ਹੋਣਾ ਤਾਂ ਮੁਸ਼ਕਲ ਹੈ ਪਰ ਉਸ ਤੋਂ ਸੇਧ ਲੈ ਕੇ ‘ਗੁਰਮਤੇ ’ ਤੇ ‘ਪੰਚ ਪ੍ਰਧਾਨੀ’ ਵਰਗੇ ਸੰਕਲਪ ਤਾਂ ਅਪਣਾਏ ਜਾ ਹੀ ਸਕਦੇ ਹਨ । ਅਠਾਰ੍ਹਵੀਂ ਸਦੀ ’ਚ ਸਾਰੇ ਸਿੱਖ ਪੰਜਾਬ ਵਿੱਚ ਹੀ ਰਹਿੰਦੇ ਸਨ, ਜਦਕਿ ਅਜੋਕੇ ਸਮੇਂ ਸਿੱਖਾਂ ਦਾ ਵਿਸਤਾਰ ਕਈ ਹੋਰਨਾਂ ਦੇਸ਼ਾਂ ਵਿਚ ਵੀ ਹੋ ਚੁੱਕਿਆ ਹੈ । ਅਜੋਕੇ ਸਮੇਂ ਜੇਕਰ ਸਿੱਖੀ ਸਰੂਪ ਵਾਲੇ ਸਿੱਖਾਂ ਦੀ ਕੁੱਲ ਗਿਣਤੀ ਕੀਤੀ ਜਾਵੇ ਤਾਂ ਇਹ ਡੇਢ ਕਰੋੜ ਦੇ ਕਰੀਬ ਮੰਨੀ ਜਾਂਦੀ ਹੈ, ਜਿਸ ਵਿਚੋਂ ਵਧੇਰੇ ਅਜੇ ਵੀ ਪੰਜਾਬ ਵਿਚ ਹਨ (ਲਗਭਗ ਇਕ ਕਰੋੜ), ਜਦਕਿ 10 ਕੁ ਲੱਖ ਹਰਿਆਣਾ, 10 ਕੁ ਲੱਖ ਦਿੱਲੀ, 5 ਕੁ ਲੱਖ ਰਾਜਸਥਾਨ, 5 ਕੁ ਲੱਖ ਯੂ.ਪੀ, 2-3 ਲੱਖ ਕਸ਼ਮੀਰ ਵਿਚ ਗਿਣੇ ਜਾ ਸਕਦੇ ਹਨ ।

15-20 ਕੁ ਲੱਖ ਸਿੱਖ ਇੰਗਲੈਂਡ, ਅਮਰੀਕਾ, ਕੈਨੇਡਾ ਤੇ ਹੋਰਨਾਂ ਯੂਰਪੀ ਮੁਲਕਾਂ ਵਿਚ ਵੀ ਰਹਿੰਦੇ ਮੰਨੇ ਜਾਂਦੇ ਹਨ । ਸਿੱਖਾਂ ਦੇ ਇਸ ਖਿੰਡਵੇਂ ਰਹਿਣ ਸਹਿਣ ਵਿਚ ਅਜੋਕੇ ਸਮੇਂ ‘ਸਰਬੱਤ ਖਾਲਸਾ’ ਦੀ ਰੂਪਰੇਖਾ ਹਰ ਉਸ ਸਿੱਖ ਸੰਸਥਾ ਨੂੰ ਆਪਣੇ ਕਲਾਵੇ ਵਿਚ ਲੈਣ ਵਾਲੀ ਘੜੀ ਜਾਣੀ ਚਾਹੀਦੀ ਹੈ, ਜੋ ਗੁਰੂ ਸਾਹਿਬਾਨ ਦੀ ਸੋਚ ਮੁਤਾਬਕ ਸਿੱਖਾਂ ਦੇ ਹੋਮਲੈਂਡ ਪੰਜਾਬ ਅਤੇ ਸੰਸਾਰ ਭਰ ਵਿੱਚ ‘ਖਾਲਸੇ ਦਾ ਰਾਜ’ ਕਾਇਮ ਕਰਨ ਦੀ ਚਾਹਵਾਨ ਹੋਵੇ । ਅਜੋਕੇ ਸਮੇਂ ‘ਸਰਬੱਤ ਖਾਲਸਾ’ ਸੰਸਥਾ ਦੀ ਰੂਪਰੇਖਾ ਵਿਚ ‘ਥਿੰਕ ਟੈਂਕ’ ਤੋਂ ਇਲਾਵਾ ਆਮ ਤੇ ਖਾਸ ‘ਡੈਲੀਗੇਟਾਂ’ ਦਾ ਸੰਗਠਨ ਹੋਵੇ । ਇਸ ਬਾਰੇ ਸੰਨ 1948 ’ਚ ਬਣੀ ‘ਸੰਯੁਕਤ ਰਾਸ਼ਟਰ’ ਸੰਸਥਾ ਦੀ ਰੂਪ ਰੇਖਾ ਤੋਂ ਵੀ ਸੇਧ ਲਈ ਜਾ ਸਕਦੀ ਹੈ ।

‘ਸਰਬੱਤ ਖਾਲਸਾ’ ਸੰਸਥਾ ਅਧੀਨ ਸਿੱਖਾਂ ਨੂੰ ਦਰਪੇਸ਼ ਮੁਸ਼ਕਲਾਂ ਦਾ ਹੱਲ ਕੱਢਣ ਲਈ ਬਣਾਏ ਜਾਣ ਵਾਲੇ ‘ਥਿੰਕ ਟੈਂਕਾਂ’ ਵਿਚ ਜੀਵਨ ਦੇ ਵੱਖ-ਵੱਖ ਖੇਤਰਾਂ ਨਾਲ ਸੰਬੰਧਤ ਅਲੱਗ-ਅਲੱਗ ‘ਥਿੰਕ ਟੈਂਕ’ ਬਣਾਏ ਜਾਣ – ਜਿਵੇਂ ਧਾਰਮਿਕ (ਜਿਸ ਵਿਚ ਧਰਮ ਨਾਲ ਸੰਬੰਧਤ ਮਸਲੇ ਵਿਚਾਰੇ ਜਾਣ), ਸਮਾਜਕ (ਜਿਸ ਵਿਚ ਸਿੱਖ ਸਮਾਜ ਵਿਚ ਫੈਲੀਆਂ ਬੁਰਾਈਆਂ ਤੇ ਵਿਚਾਰ ਹੋਵੇ), ਆਰਥਕ (ਜਿਸ ਵਿਚ ਸਿੱਖਾਂ ਦੇ ਕਿੱਤਿਆਂ-ਕਾਰੋਬਾਰਾਂ ਬਾਰੇ ਵਿਚਾਰ ਹੋਵੇ), ਸਿਆਸਤ (ਜਿਸ ਵਿਚ ਸਿੱਖਾਂ ਦੀ ਸਿਆਸਤ ਨੂੰ ਸੇਧ ਦੇਣ ਲਈ ਵਿਚਾਰ ਹੋਵੇ) । ਲੋੜ ਅਨੁਸਾਰ ਹੋਰਨਾਂ ਖੇਤਰਾਂ ਬਾਰੇ ਵੀ ‘ਥਿੰਕ ਟੈਂਕ’ ਬਣਾਏ ਜਾ ਸਕਦੇ ਹਨ । ਇਨ੍ਹਾਂ ‘ਥਿੰਕ ਟੈਂਕਾਂ’ ਵਿਚ ਸਬੰਧਤ ਖੇਤਰ ਦੇ ਵਿਦਵਾਨ ਤੇ ਮਾਹਰ ਚੁਣੇ ਜਾਣੇ ਚਾਹੀਦੇ ਹਨ । ਹਰ ‘ਥਿੰਕ ਟੈਂਕ’ ਦੇ ਮਾਹਰਾਂ ਦੀ ਗਿਣਤੀ 50 ਤੋਂ 100 ਦੇ ਵਿਚਕਾਰ ਹੋ ਸਕਦੀ ਹੈ । ਹਰ ‘ਥਿੰਕ ਟੈਂਕ ਦਾ ਇਕ ਇੰਚਾਰਜ ਹੋਵੇ ਜਿਨ੍ਹਾਂ ਨੂੰ ‘ਪੰਚ ਪ੍ਰਧਾਨੀ’ ਵਜੋਂ ਸਥਾਪਤ ਕੀਤਾ ਜਾਵੇ ।

ਇਸ ਤੋਂ ਇਲਾਵਾ ਵੱਖ-ਵੱਖ ਇਲਾਕਿਆਂ ਦੇ ਸਿੱਖਾਂ ਦੀ ਗਿਣਤੀ ਮੁਤਾਬਕ ‘ਡੈਲੀਗੇਟਸ’ ਚੁਣੇ ਜਾਣ । ਇਨ੍ਹਾਂ ‘ਡੈਲੀਗੇਟਸ’ ਨੂੰ ਆਮ ਤੇ ਖਾਸ ਮੁਤਾਬਕ ‘ਸੂਚੀਬੱਧ’ ਕੀਤਾ ਜਾ ਸਕਦਾ ਹੈ । ਇਨ੍ਹਾਂ ਆਮ ਤੇ ਖਾਸ ‘ਡੈਲੀਗੇਟਸ’ ਦੀ ਗਿਣਤੀ 20 ਤੋਂ 25 ਹਜ਼ਾਰ ਦੇ ਵਿਚਕਾਰ ਹੋ ਸਕਦੀ ਹੈ, ਜੋ ਸਮੇਂ ਦੇ ਨਾਲ ਲੋੜ ਅਨੁਸਾਰ ਵਧਾਈ-ਘਟਾਈ ਵੀ ਜਾ ਸਕਦੀ ਹੈ । ਇਸ ਗੱਲ ਦਾ ਜ਼ਰੂਰ ਖਿਆਲ ਰਹੇ ਕਿ ਡੈਲੀਗੇਟਸ ਵਿਚ ਸਿੱਖ ਸਮਾਜ ਦੇ ਹਰ ਵਰਗ, ਸੰਗਠਨ, ਸੰਸਥਾ, ਜਥੇਬੰਦੀ ਆਦਿ ਨੂੰ ਲੋੜੀਂਦੀ ਨੁਮਾਇੰਦਗੀ ਮਿਲੇ ।

ਇਹ ‘ਸਰਬੱਤ ਖਾਲਸਾ’ ਇਕ ‘ਛਤਰੀ ਸੰਗਠਨ’ (Umbrella Organization) ਦੇ ਤੌਰ ਤੇ ਕੰਮ ਕਰੇ ਤੇ ਕਿਸੇ ਸੰਗਠਨ, ਸੰਸਥਾ, ਜਥੇਬੰਦੀ ਆਦਿ ਦੇ ਅੰਦਰੂਨੀ ਮਾਮਲਿਆਂ ਵਿਚ ਬੇਲੋੜੀ ਦਖਲਅੰਦਾਜ਼ੀ ਨਾ ਕਰੇ । ‘ਸਰਬੱਤ ਖਾਲਸਾ’ ਦੀਆਂ ਮੀਟਿੰਗਾਂ ਲਈ ਮਾਪਦੰਡ ਤੈਅ ਕੀਤੇ ਜਾਣੇ ਚਾਹੀਦੇ ਹਨ । ਵੱਡੇ-ਛੋਟੇ ਇਕੱਠਾਂ ਦੀ ਰੂਪਰੇਖਾ ਤੇ ਟਾਈਮਿੰਗ ਨਿਰਧਾਰਤ ਕੀਤੀ ਜਾ ਸਕਦੀ ਹੈ । ਸ਼ੋਸ਼ਲ ਮੀਡੀਏ ਤੇ ‘ਜ਼ੂਮ ਮੀਟਿੰਗਾਂ’ ਦਾ ਸਹਾਰਾ ਵੀ ਲਿਆ ਜਾ ਸਕਦਾ ਹੈ । ਹੋਰ ਵੀ ਕਈ ਨਵੇਂ ਢੰਗ ਤਰੀਕੇ ਅਪਣਾਕੇ ‘ਸਰਬੱਤ ਖਾਲਸਾ’ ਨੂੰ ਮਜ਼ਬੂਤ ਕੀਤਾ ਜਾ ਸਕਦਾ ਹੈ ।

ਜੇਕਰ ਸਿੱਖ ਅਜੋਕੇ ਸਮੇਂ ‘ਸਰਬੱਤ ਖਾਲਸਾ’ ਸੰਸਥਾ ਦੀ ਅਜਿਹੀ ਸੁਚੱਜੀ ਰੂਪਰੇਖਾ ਘੜਨ ਵਿਚ ਸਫਲ ਹੋ ਜਾਂਦੇ ਹਨ, ਤਾਂ ਇਹ ਸਾਰੀ ਦੁਨੀਆਂ ਤੇ ਰਾਜ ਕਰ ਸਕਦੇ ਹਨ । ਇਸ ਤੋਂ ਇਲਾਵਾ ਗੁਰੂਆਂ ਦੀ ਧਰਤੀ ਪੰਜਾਬ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸੁਪਨਿਆਂ ਵਾਲਾ ਖਾਲਸਾ ਰਾਜ-ਭਾਗ ਵੀ ਸਥਾਪਤ ਕਰ ਸਕਦੇ ਹਨ । ਪਰ ਇਸ ਗੱਲ ਦਾ ਜਰੂਰ ਖਿਆਲ ਰਹੇ ਕਿ ਪਿਛਲੇ ਲਗਭਗ 150 ਕੁ ਸਾਲ ਤੋਂ ਦੁਨੀਆਂ ਭਰ ਦੇ ਵੱਡੇ ਰਾਜ ਭਾਗਾਂ ਨੂੰ ਚਲਾਉਣ ਵਾਲੀਆਂ ਵੱਡੀਆਂ ਕਾਰਪੋਰੇਟ ਸ਼ਕਤੀਆਂ ਸਰਬੱਤ ਦੇ ਭਲੇ ਵਾਲੇ ਸਿੱਖਾਂ ਦੇ ਇਸ ਰਾਜ -ਭਾਗ ਨੂੰ ਕਦਾਚਿਤ ਵੀ ਬਰਦਾਸ਼ਤ ਕਰਨ ਦੇ ਰੌਂਅ ਵਿੱਚ ਨਹੀਂ ਹਨ , ਇਸ ਲਈ ਸਿੱਖਾਂ ਨੂੰ ਬੜੀ ਬਰੀਕ ਸੂਝ-ਸਮਝ ਤੇ ਸਿਆਣਪ ਨਾਲ ਆਪਣੀਆਂ ਭਵਿੱਖੀ ਰਣਨੀਤੀਆਂ ਘੜਨ ਦੀ ਲੋੜ ਹੈ ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਮੁੱਖ-ਮੰਤਰੀ ਭਗਵੰਤ ਸਿੰਘ ਮਾਨ ਨੇ 1,746 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ