ਅਫ਼ਗਾਨਿਸਤਾਨ ‘ਚ ਫਸੇ ਭਾਰਤੀ ਇਨ੍ਹਾਂ ਨੰਬਰਾਂ ‘ਤੇ ਲੈ ਸਕਦੇ ਹਨ ਮਦਦ, ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਵਧੀ ਚਿੰਤਾ

ਕਾਬੁਲ – ਅਫ਼ਗਾਨਿਸਤਾਨ ਸਬੰਧੀ ਜਿਹੜਾ ਖਦਸ਼ਾ ਆਲਮੀ ਮੰਚ ‘ਤੇ ਵੱਖ-ਵੱਖ ਦੇਸ਼ਾਂ ਵੱਲੋਂ ਪ੍ਰਗਟਾਇਆ ਜਾ ਰਿਹਾ ਸੀ, ਉਹ ਹੁਣ ਹਕੀਕਤ ‘ਚ ਬਦਲ ਗਿਆ ਹੈ। ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਤੇ ਉੱਥੇ ਸਥਿਤ ਰਾਸ਼ਟਰੀ ਨਿਵਾਸ ‘ਤੇ ਕਬਜ਼ੇ ਤੋਂ ਬਾਅਦ ਹੁਣ ਇੱਥੋਂ ਦੀ ਸੱਤਾ ‘ਤੇ ਕਾਬਜ਼ ਹੋਣਾ ਮਹਿਜ਼ ਰਸਮੀ ਕਾਰਵਾਈ ਰਹਿ ਗਈ ਹੈ। ਐਤਵਾਰ ਨੂੰ ਜਿਸ ਤਰ੍ਹਾਂ ਨਾਲ ਰਾਸ਼ਟਰਪਤੀ ਅਸ਼ਰਫ ਗਨੀ ਦੇਸ਼ ਛੱਡ ਕੇ ਅਚਾਨਕ ਤਜ਼ਾਕਿਸਤਾਨ ਚਲੇ ਗਏ, ਉਸ ਤੋਂ ਇਹ ਸਾਫ਼ ਹੋ ਗਿਆ ਸੀ ਕਿ ਤਾਲਿਬਾਨ ਸੱਤਾ ਪਾਉਣ ਤੋਂ ਕੁਝ ਕਦਮ ਦੂਰ ਰਹਿ ਗਿਆ ਹੈ। ਤਾਲਿਬਾਨ ਦੇ ਤੇਜ਼ੀ ਨਾਲ ਵਧਦੇ ਕਦਮਾਂ ਨੂੰ ਦੇਖਦੇ ਹੋਏ ਕੁਝ ਦਿਨ ਪਹਿਲਾਂ ਹੀ ਭਾਰਤ ਨੇ ਉੱਥੇ ਮੌਜੂਦ ਆਪਣੇ ਕਰੀਬ 1500 ਨਾਗਰਿਕਾਂ ਨੂੰ ਸਵਦੇਸ਼ ਵਾਪਸ ਆਉਣ ਸਬੰਧੀ ਅਲਰਟ ਜਾਰੀ ਕੀਤਾ ਸੀ। 12 ਅਗਸਤ ਨੂੰ ਜਾਰੀ ਕੀਤੀ ਗਈ ਐਡਵਾਇਜ਼ਰੀ ‘ਚ ਭਾਰਤੀ ਨਾਗਰਿਕਾਂ ਦੀ ਮਦਦ ਲਈ ਦੂਤਘਰ ਅਧਿਕਾਰੀਆਂ ਦੇ ਮੋਬਾਈਲ ਨੰਬਰ, ਜਿਹੜੇ ਕਿ ਇਸ ਤਰ੍ਹਾਂ ਹਨ 93706131611 ਤੇ 93705127863 ਹਨ, ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਕੰਧਾਰ ਸਥਿਤ ਕੌਂਸਲੇਟ ਜਨਰਲ ਆਫ ਇੰਡੀਆ ਦੇ ਨੰਬਰ 9370350087 ‘ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। ਕਾਬਿਲੇਗ਼ੌਰ ਹੈ ਕਿ ਭਾਰਤ ਨੇ ਪਿਛਲੇ ਮਹੀਨੇ ਹੀ ਕਾਬੁਲ ਸਥਿਤ ਦੂਤਘਰ ਤੋਂ ਕਰੀਬ 50-60 ਮੁਲਾਜ਼ਮਾਂ ਨੂੰ ਵਾਪਸ ਕੱਢ ਲਿਆ ਸੀ। ਇਸ ਦੌਰਾਨ ਅਮਰੀਕਾ ਤੇ ਭਾਰਤ ਸਮੇਤ ਕਰੀਬ ਦੋ ਦਰਜਨ ਦੇਸ਼ਾਂ ਨੇ ਇਸ ਦਾ ਐਲਾਨ ਕਰ ਦਿੱਤਾ ਹੈ ਕਿ ਉਹ ਤਾਲਿਬਾਨੀ ਸਰਕਾਰ ਨੂੰ ਮਾਨਤਾ ਨਹੀਂ ਦੇਣਗੇ। ਤੁਹਾਨੂੰ ਦੱਸ ਦੇਈਏ ਕਿ ਭਾਰਤ ਨੇ ਅਫ਼ਗਾਨਿਸਤਾਨ ਦੇ ਵਿਕਾਸ ‘ਤੇ ਕਰੋੜਾਂ ਡਾਲਰ ਦਾ ਨਿਵੇਸ਼ ਕੀਤਾ ਹੋਇਆ ਹੈ। ਤਾਲਿਬਾਨ ਦੇ ਸੱਤਾ ‘ਚ ਆਉਣ ਤੋਂ ਬਾਅਦ ਇਸ ਨਿਵੇਸ਼ ‘ਤੇ ਸੰਕਟ ਦੇ ਬੱਦਲ ਮੰਡਰਾ ਰਹੇ ਹਨ। ਇਸ ਦੌਰਾਨ ਤਾਲਿਬਾਨ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਉਹ ਅਫ਼ਗਾਨ ਸਰਕਾਰ ਤੋਂ ਬਿਨਾਂ ਸ਼ਰਤ ਆਤਮ ਸਮਰਪਣ ਚਾਹੁੰਦਾ ਹੈ। ਇਸ ਦੇ ਨਾਲ ਹੀ ਤਾਲਿਬਾਨ ਨੇ ਜੰਗ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ ਹੈ। ਪੂਰੀ ਦੁਨੀਆ ‘ਚ ਤਾਲਿਬਾਨ ਦੇ ਇਸ ਤਰ੍ਹਾਂ ਸੱਤਾ ਹਥਿਆਉਣ ਦਾ ਜ਼ਬਰਦਸਤ ਵਿਰੋਧ ਹੋ ਰਿਹਾ ਹੈ।

 

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ