ਨਿਊ ਯੌਰਕ – ਅਮਰੀਕਾ ਦੇ ਇਲੀਨੋਇਸ ਸੂਬੇ ’ਚ ਸ਼ਰਾਬ ਸਟੋਰ ਦਾ ਭਾਰਤੀ ਮੂਲ ਦਾ ਕਰਮਚਾਰੀ ਉਸ ਸਮੇਂ ਸਦਮੇ ਵਿੱਚ ਆ ਗਿਆ, ਜਦੋਂ ਲੱਗਭਗ 20 ਸਾਲ ਦੇ 4 ਹਥਿਆਰਬੰਦ ਨੌਜਵਾਨ ਦੁਕਾਨ ’ਚ ਦਾਖ਼ਲ ਹੋ ਗਏ ਅਤੇ ਉਸ ’ਤੇ ਬੰਦੂਕ ਤਾਣ ਦਿੱਤੀ। ਫ਼ਿਰ ਉਸ ਦੇ ਸਾਥੀ ਨੂੰ ਮੁੱਕਾ ਮਾਰ ਕੇ ਨਕਦੀ ਅਤੇ ਫ਼ੌਨ ਲੈ ਕੇ ਭੱਜ ਗਏ। ਪੁਲੀਸ ਨੇ ਦੱਸਿਆ ਕਿ ਰਿਵਾਲਵਰ ਅਤੇ ਅਰਧ-ਆਟੋਮੈਟਿਕ ਹੈਂਡਗਨ ਨਾਲ ਲੈੱਸ ਲੁਟੇਰਿਆਂ ਨੇ ਰਾਤ ਨੂੰ 40 ਮਿੰਟ ਤੋਂ ਵੀ ਘੱਟ ਸਮੇਂ ਦੇ ਅੰਦਰ ਸ਼ਿਕਾਗੋ ਦੇ 3 ਸ਼ਰਾਬ ਸਟੋਰਾਂ ’ਤੇ ਹਮਲਾ ਕੀਤਾ।
ਵਿਕਰ ਪਾਰਕ ਵਿੱਚ ਮਿਸਟਰ ਪੀ ਬੇਵਰੇਜ ਡਿਪੂ, ਜਿੱਥੇ ਪੰਕਜਕੁਮਾਰ ਪਟੇਲ ਕੰਮ ਕਰਦਾ ਹੈ, ਰਾਤ 8.45 ਵਜੇ ਦੇ ਕਰੀਬ ਖੇਤਰ ਵਿੱਚ ਨਿਸ਼ਾਨਾ ਬਣਾਇਆ ਜਾਣ ਵਾਲਾ ਪਹਿਲਾ ਸਟੋਰ ਸੀ। ਡਰੇ ਹੋਏ ਪਟੇਲ ਨੇ ਸੀ.ਬੀ.ਐੱਸ. ਨਿਊਜ਼ ਨੂੰ ਦੱਸਿਆ ਕਿ 4 ਲੁਟੇਰਿਆਂ ’ਚੋਂ 2 ਸਟੋਰ ਦੇ ਅੰਦਰ ਸਨ, ਜਿਨ੍ਹਾਂ ਨੇ ਉਸ ਦੇ ਅਤੇ ਉਸ ਦੇ ਸਾਥੀ ਦੇ ਬੰਦੂਕ ਤਾਣੀ ਹੋਈ ਸੀ ਅਤੇ 2 ਹੋਰ ਪਾਰਕਿੰਗ ਲਾਟ ਵਿੱਚ ਨਿਗਰਾਨੀ ਕਰ ਰਹੇ ਸਨ। ਜਿਵੇਂ ਹੀ ਕਰਮਚਾਰੀ ਨੇ ਆਪਣੇ ਹੱਥ ਉਪਰ ਚੁੱਕੇ, ਸਟੋਰ ਦੇ ਅੰਦਰ ਮੌਜੂਦ ਦੋਵਾਂ ਲੁਟੇਰਿਆਂ ਨੇ ਕਾਊਂਟਰ ਤੋਂ ਛਾਲ ਮਾਰ ਦਿੱਤੀ ਅਤੇ ਪਟੇਲ ’ਤੇ ਬੰਦੂਕ ਤਾਣ ਦਿੱਤੀ। ਫ਼ਿਰ ਉਨ੍ਹਾਂ ਨੇ ਪਟੇਲ ਦੇ ਸਾਥੀ ਦੇ ਮੂੰਹ ’ਤੇ ਮੁੱਕਾ ਮਾਰਿਆ ਅਤੇ ਦੋਵਾਂ ਕਰਮਚਾਰੀਆਂ ਦੇ ਮੋਬਾਇਲ ਫ਼ੋਨਾਂ ਸਮੇਤ ਲੱਗਭਗ 3,000 ਤੋਂ 4,000 ਡਾਲਰ ਲੈ ਕੇ ਫ਼ਰਾਰ ਹੋ ਗਏ।
ਸ਼ਿਕਾਗੋ ਪੁਲੀਸ ਅਨੁਸਾਰ, ਰਾਤ 9 ਵਜੇ ਤੋਂ ਥੋੜ੍ਹੀ ਦੇਰ ਬਾਅਦ, ਲੁਟੇਰੇ ਬਕਟਾਉਨ ਵਿੱਚ ਬਿਫ਼ੋਰ ਯੂ ਗੋ ਸ਼ਰਾਬ ਦੀ ਦੁਕਾਨ ਵਿੱਚ ਦਾਖ਼ਲ ਹੋਏ ਅਤੇ ਰਾਤ 9.20 ਵਜੇ ਉਨ੍ਹਾਂ ਨੇ ਨੌਰਥ ਸੈਂਟਰ ਵਿੱਚ ਕਲਾਈਬਰਨ ਮਾਰਕੀਟ ਦੀ ਸ਼ਰਾਬ ਦੇ ਸਟੋਰ ਨੂੰ ਲੁੱਟਿਆ। ਪੁਲੀਸ ਨੇ ਕਿਹਾ, ਤਿੰਨਾਂ ਮਾਮਲਿਆਂ ਵਿੱਚ ਲੁਟੇਰੇ ਇਹ ਕਹਿ ਰਹੇ ਸਨ, ‘ਮੈਨੂੰ ਸਭ ਕੱੁਝ ਦੇ ਦਿਓ – ਹਿੱਲੋ ਨਾ, ਨਹੀਂ ਤਾਂ ਮੈਂ ਗੋਲੀ ਮਾਰ ਦੇਵਾਂਗਾ!’ ਸ਼ਿਕਾਗੋ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਵਾਧਾ ਹੁੰਦਾ ਦਿਖਾਈ ਦੇ ਰਿਹਾ ਹੈ। ਪਿਛਲੇ ਹਫ਼ਤੇ ਇਰਵਿੰਗ ਪਾਰਕ ਵਿੱਚ 2 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ 5 ਸ਼ਰਾਬ ਦੇ ਸਟੋਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਸ਼ਿਕਾਗੋ ਪੁਲੀਸ ਵਿਭਾਗ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਿਆ ਕਿ ਕੀ ਇਹੀ ਗਿਰੋਹ ਲੁੱਟ ਵਿੱਚ ਸ਼ਾਮਲ ਸੀ, ਜੋ ਕਿ ਇਸ ਹੋਈ ਸੀ। ਉਨ੍ਹਾਂ ਨੇ ਕਾਰੋਬਾਰਾਂ ਦੇ ਕਰਮਚਾਰੀਆਂ ਨੂੰ ਸੁਚੇਤ ਰਹਿਣ ਅਤੇ ਇਲਾਕੇ ਵਿੱਚ ਘੁੰਮ ਰਹੇ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਦੀ ਅਪੀਲ ਕੀਤੀ।