ਅਰਸ਼ਦੀਪ ਸਿੰਘ ਦਾ ਦੇਸ਼ ਵਾਪਸੀ ‘ਤੇ ਉਹ ਖੁਦ ਅੱਗੇ ਹੋ ਕੇ ਸਵਾਗਤ ਕਰਨਗੇ: ਮੀਤ ਹੇਅਰ

ਚੰਡੀਗੜ੍ਹ – ਸੰਯੁਕਤ ਅਰਬ ਅਮੀਰਾਤ ਵਿਖੇ ਚੱਲ ਰਹੇ ਏਸ਼ੀਆ ਕੱਪ ਵਿੱਚ ਭਾਰਤ-ਪਾਕਿਸਤਾਨ ਮੈਚ ਦੌਰਾਨ ਭਾਰਤ ਦੇ ਉਭਰਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਵੱਲੋਂ ਇਕ ਕੈਚ ਛੱਡਣ ਕਾਰਨ ਉਸ ਦੀ ਬੇਲੋੜੀ ਆਲੋਚਨਾਵਾਂ ਕਰਨ ਵਾਲਿਆਂ ਨੂੰ ਜਵਾਬ ਦਿੰਦਿਆਂ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਅਰਸ਼ਦੀਪ ਸਿੰਘ ਸੰਭਾਵਨਾਵਾਂ ਭਰਪੂਰ ਖਿਡਾਰੀ ਹੈ ਜਿਸ ਤੋਂ ਭਵਿੱਖ ਵਿੱਚ ਵੱਡੀਆਂ ਉਮੀਦਾਂ ਹੈ। ਉਹ ਲੱਖਾਂ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ।

ਮੀਤ ਹੇਅਰ ਨੇ ਅਰਸ਼ਦੀਪ ਸਿੰਘ ਦੀ ਮਾਤਾ ਬਲਜੀਤ ਕੌਰ ਜੋ ਇਸ ਵੇਲੇ ਦੁਬਈ ਸਨ, ਨਾਲ ਫੋਨ ਉਤੇ ਗੱਲਬਾਤ ਕਰਕੇ ਵਿਸ਼ਵਾਸ ਦਿਵਾਇਆ ਕਿ ਪੂਰਾ ਦੇਸ਼ ਅਰਸ਼ਦੀਪ ਸਿੰਘ ਦੇ ਨਾਲ ਹੈ। ਉਨਾਂ ਕਿਹਾ ਕਿ ਹਰ ਸੱਚਾ ਦੇਸ਼ ਵਾਸੀ ਅਰਸ਼ਦੀਪ ਸਿੰਘ ਨਾਲ ਚੱਟਾਨ ਵਾਂਗ ਡਟ ਕੇ ਖੜ੍ਹਾ ਹੈ। ਉਨਾਂ ਕਿਹਾ ਕਿ ਅਰਸ਼ਦੀਪ ਸਿੰਘ ਦਾ ਦੇਸ਼ ਵਾਪਸੀ ਉਤੇ ਉਹ ਖੁਦ ਅੱਗੇ ਹੋ ਕੇ ਸਵਾਗਤ ਕਰਨਗੇ।

ਮੀਤ ਹੇਅਰ ਨੇ ਅਰਸ਼ਦੀਪ ਸਿੰਘ ਦੇ ਸਮਰਥਨ ਵਿੱਚ ਆਉਦਿਆਂ ਟਵੀਟ ਕੀਤਾ, “ਖੇਡ ਚ ਹਾਰ-ਜਿੱਤ ਬਣੀ ਆਈ ਹੈ। ਅਰਸ਼ਦੀਪ ਸਿੰਘ ਉੱਭਰਦਾ ਸਿਤਾਰਾ ਹੈ ਜਿਸ ਨੇ ਥੋੜ੍ਹੇ ਅਰਸੇ ਵਿੱਚ ਡੂੰਘੀ ਛਾਪ ਛੱਡੀ ਹੈ। ਪਾਕਿਸਤਾਨ ਖਿਲਾਫ ਮੈਚ ਵਿੱਚ ਵੀ @arshdeepsinghh ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਹੈ। ਸਿਰਫ ਇਕ ਕੈਚ ਛੁੱਟਣ ਉੱਤੇ ਆਲੋਚਨਾ ਕਰਨੀ ਗਲਤ ਹੈ। ਅਰਸ਼ਦੀਪ ਦੀ ਪ੍ਰਤਿਭਾ ਨੂੰ ਦੇਖਦਿਆਂ ਇਸ ਨੂੰ ਦੇਸ਼ ਦਾ ਭਵਿੱਖ ਕਿਹਾ ਜਾ ਸਕਦਾ। ਅਰਸ਼ਦੀਪ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਹੈ। ਖੇਡਾਂ ਵਿੱਚ ਨਫ਼ਰਤ ਦੀ ਕੋਈ ਥਾਂ ਨਹੀਂ।“

ਖੇਡ ਮੰਤਰੀ ਨੇ ਕਿਹਾ ਕਿ ਖੇਡਾਂ ਵਿੱਚ ਨਫਰਤ ਦਾ ਕੋਈ ਸਥਾਨ ਨਹੀਂ ਹੈ ਅਤੇ ਹਾਰ-ਜਿੱਤ ਖੇਡ ਦਾ ਅਟੁੱਟ ਹਿੱਸਾ ਹੈ। ਖੇਡ ਵਿੱਚ ਕਦੇ ਵੀ ਪ੍ਰਦਰਸ਼ਨ ਇਕਸਾਰ ਨਹੀਂ ਹੁੰਦਾ, ਇਸ ਲਈ ਕਿਸੇ ਇਕ ਵੀ ਮਾੜੇ ਪ੍ਰਦਰਸ਼ਨ ਉਤੇ ਹੱਲਾ ਮਚਾਉਣਾ ਠੀਕ ਨਹੀਂ। ਉਨਾਂ ਕਿਹਾ ਕਿ ਅਰਸ਼ਦੀਪ ਸਿੰਘ ਨੇ ਤਾਂ ਆਪਣੀ ਗੇਂਦਬਾਜ਼ੀ ਨਾਲ ਦਿਲ ਜਿੱਤਿਆ। 23 ਵਰਿਆਂ ਦੇ ਇਸ ਨੌਜਵਾਨ ਕ੍ਰਿਕਟਰ ਨੇ ਸਿਰਫ 9 ਕੌਮਾਂਤਰੀ ਮੈਚ ਖੇਡ ਕੇ 13 ਵਿਕਟਾਂ ਹਾਸਲ ਕੀਤੀਆਂ ਹਨ। ਪਾਕਿਸਤਾਨ ਖਿਲਾਫ ਵੀ ਵੱਡੇ ਸਕੋਰ ਵਾਲੇ ਮੈਚ ਵਿੱਚ ਉਸ ਨੇ ਮਹਿਜ਼ 7 ਦੀ ਔਸਤ ਨਾਲ ਰਨ ਦਿੱਤੇ।

Related posts

ਹਰਿਆਣਾ ਦੇ ਸਿੱਖ ਵਿਦਿਆਰਥੀਆਂ ਹੁਣ ਕਿਰਪਾਨ ਪਾ ਕੇ ਪ੍ਰੀਖਿਆ ਦੇ ਸਕਣਗੇ

ਜਲੰਧਰ ਦੇ ਪਿੰਡ ਮਾਹਲਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਐਡਵੋਕੇਟ ਧਾਮੀ ਵੱਲੋਂ ਨਿੰਦਾ

ਪੰਜਾਬ ਦੇ ਕਿਸਾਨ ਭਾਰਤ ਦੇ ਵਿੱਚ ਸਭ ਤੋਂ ਵੱਧ ਕਰਜ਼ਾਈ