ਅੜਬ ਪੰਜਾਬੀ , ਪੰਜਾਬੀ ਗਾਇਕੀ ਚ ਇਕ ਨਵੀਂ ਸ਼ੁਰੂਆਤ !

ਲੇਖਕ: ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ, ਯੂ ਕੇ

ਕੋਈ ਜ਼ਮਾਨਾ ਹੁੰਦਾ ਸੀ ਜਦੋਂ ਸੱਥਾਂ, ਅਖਾੜੇ, ਦੀਵਾਨ ਤੇ ਰਾਸਾਂ ਲਗਦੀਆ ਸਨ, ਜਿਹਨਾ ਵਿੱਚ ਲੰਮੇ ਲੰਮੇ ਪਰਸੰਗ ਸੁਣਾਏ ਜਾਂਦੇ ਸਨ । ਅਲਗ਼ੋਜ਼ਿਆਂ ਵਾਲੇ ਗਾਇਕ ਪੁਰਾਤਨ ਕਿੱਸੇ ਸੁਣਾ ਕੇ ਮਹਿਫ਼ਲਾਂ ਬੰਨਿਆ ਕਰਦੇ ਸਨ, ਕੀਰਤਨੀਏ ਜੋਸ਼ੀਲੀਆਂ ਵਾਰਾਂ ਨਾਲ ਸੰਗਤਾਂ ਚ ਜੋਸ਼ ਭਰਿਆ ਕਰਦੇ ਸਨ, ਬਜ਼ੁਰਗ ਕਈ ਰਾਤਾਂ ਲੜੀਵਾਰ ਚੱਲਣ ਵਾਲੀਆਂ ਲੋਕ ਕਥਾਵਾਂ ਸੁਣਾਇਆ ਕਰਦੇ ਸਨ ਤੇ ਤੂੰਬੇ ਵਾਲੇ ਲੰਮੀਆ ਝਟਕੇਂਦਾਰ ਹੇਕਾਂ ਲਗਾ ਕੇ ਗਾਇਆ ਕਰਦੇ ਸਨ । ਇਹਨਾਂ ਗਾਇਕਾਂ, ਰਾਗੀਆਂ, ਢਾਡੀਆਂ, ਰਾਸਧਾਰੀਆ ਦੀ ਕਲਾ ਅਲਗ਼ੋਜ਼ੇ, ਚਿਮਟੇ, ਢੋਲਕੀ ਤੇ ਛੈਣਿਆ ਨਾਲ ਏਨੀ ਕੁ ਨਿਖਰਕੇ ਸ੍ਰੋਤਿਆਂ ਸਾਹਮਣੇ ਆਉਂਦੀ ਸੀ ਕਿ ਸਰੋਤੇ ਮੰਤਰ ਮੁਗਧ ਹੋ ਕੇ ਸਾਰੀ ਰਾਤ ਲੰਘ ਜਾਣ ਦੇ ਬਾਅਦ ਪਹੁ ਫੁਟਾਲਾ ਹੋਣ ਤੱਕ ਵੀ ਕੀਲੇ ਹੋਏ ਚੁੱਪ ਸ਼ਾਂਤ ਬੈਠੇ ਉਹਨਾਂ ਗਾਇਕਾ ਦੀ ਕਲਾ ਦਾ ਆਨੰਦ ਵੀ ਮਾਣਦੇ ਤੇ ਪੈਸਿਆਂ ਦੀ ਬਰਸਾਤ ਵੀ ਲਗਾਈ ਰੱਖਦੇ ਸਨ ।
ਫਿਰ ਵੀਹਵੀਂ ਸਦੀ ਦੇ ਸੱਤਰਵਿਆ ਤੋਂ ਬਾਅਦ ਸਮੇਂ ਨੇ ਨਵੀਂ ਕਰਵਟ ਲਈ, ਪਰਸੰਗ ਵਾਲੇ ਗੀਤਾਂ ਤੇ ਵਾਰਾਂ ਆਦਿ ਦੀ ਬਜਾਏ ਕਲੀਆਂ ਤੇ ਦੋਗਾਣੇ ਸਪੀਕਰਾਂ ਚ ਵੱਜਣੇ ਸ਼ੁਰੂ ਹੋ ਗਏ ਤੇ ਇਹਨੇ ਦੇ ਗਾਇਕਾ ਦੀ ਮੰਗ ਵਿਆਹ ਸ਼ਾਦੀ ਦੀਆ ਪਾਰਟੀਆਂ ਚ ਵਧ ਗਈ । ਇਹ ਉਹ ਸਮਾਂ ਸੀ ਜਦ ਦੋਗਾਣੇ ਕਲੀਆ ਤੇ ਸੋਹਲੋ ਗੀਤ ਪੰਜ ਤੋ ਸੱਤ ਕੁ ਮਿੰਟ ਦੇ ਰਹਿ ਗਏ ।
ਸਮਾਂ ਹੋਰ ਅੱਗੇ ਵਧਿਆ, ਵੀਹਵੀਂ ਸਦੀ ਦੇ ਆਖਰੀ ਦਹਾਕੇ ਚ ਗੀਤਾਂ ਦੀ ਲੰਬਾਈ ਚ ਹੋਰ ਕਟੌਤੀ ਆਈ । ਸਾਇਦ ਇਹ ਸਮੇਂ ਦੀ ਰਫ਼ਤਾਰ ਦਾ ਫਰਕ ਹੋਵੇ ਜਾਂ ਫਿਰ ਲੋਕ ਮਾਨਸਿਕਤਾ ਵਿੱਚ ਪਦਾਰਥ ਮੋਹ ਕਾਰਨ ਆਈ ਤਬਦੀਲੀ ਹੋਵੇ ਕਿ ਇਸ ਸਮੇਂ ਤੋ ਲੈ ਕਿ ਅੱਜ ਤੱਕ ਗੀਤਾਂ ਦੀ ਲੰਬਾਈ ਘਟਦੀ ਹੀ ਗਈ ਹੈ, ਕਈ ਵਾਰ ਤਾਂ ਇਹ ਪਤਾ ਨਹੀ ਲਗਦਾ ਕਿ ਕੋਈ ਗੀਤ ਕਦ ਸ਼ੁਰੂ ਤੇ ਕੱਦ ਖਤਮ ਹੋ ਗਿਆ ।
ਇਹ ਉਹ ਸਮਾਂ ਰਿਹਾ ਜਦੋਂ ਗਾਇਕੀ ਵਿੱਚ ਜਿੱਥੇ ਪਰੰਪਰਾ ਤੋਂ ਹਟਕੇ ਕਮਰਸ਼ਲ ਗਾਇਕੀ ਪ੍ਰਧਾਨ ਹੋਈ ਉੱਥੇ ਲੱਚਰਤਾ, ਨੰਗੇਜਵਾਦ ਤੇ ਦੋ ਅਰਚੇ ਕਾਮ ਭੜਕਾੳ ਗੀਤਾਂ ਦਾ ਗੰਦ ਵੀ ਸਾਡੇ ਸਮਾਜ ਅੱਗੇ ਪਰੋਸਿਆ ਤੇ ਖਿਲਾਰਿਆ ਗਿਆ ਤੇ ਅੱਗੋਂ ਸਮਾਜ ਨੇ ਵੀ ਇਸ ਗੰਦ ਦਾ ਵਿਰੋਧ ਕਰਨ ਦੀ ਬਜਾਏ ਇਸ ਨੂੰ ਮੂਕ ਪ੍ਰਵਾਨਗੀ ਦਿੱਤੀ ਜਿਸ ਨਤੀਜੇ ਵਜੋਂ ਸਮਾਜ ਅੰਦਰ ਵਿਭਚਾਰਤਾ ਅਮਰਾ ਵੇਲ ਵਾਂਗ ਵਧੀ ਫੁਲੀ । ਇਹ ਜ਼ਿਕਰ ਵੀ ਕਰਨਾ ਜ਼ਰੂਰੀ ਹੈ ਕਿ ਇਸ ਸਮੇਂ ਦੌਰਾਨ ਕੁੱਜ ਗਾਇਕ ਅਜਿਹੇ ਵੀ ਧੁੰਨ ਦੇ ਪੱਕੇ ਸਨ ਕਿ ਉਹ ਆਪਣੀ ਗਾਇਕੀ ਨੂੰ ਵਿਰਸੇ ਤੇ ਪਰੰਪਰਾ ਦੇ ਨਾਲ ਜੋੜਕੇ ਪੇਸ਼ ਕਰਨ ਵਿੱਚ ਲੱਗੇ ਰਹੇ । ਸ਼ਾਇਦ ਇਹ ਉਹਨਾ ਦੀ ਹਿੰਡ ਰਹੀ, ਅੜੀ ਜਾਂ ਅੜਬਾਈ ਰਹੀ ਤੇ ਉਹ ਆਪਣਾ ਫਰਜ ਇਮਾਨਦਾਰੀ ਨਾਲ ਨਿਭਾਉਂਦੇ ਰਹੇ ।
ਅੱਜ ਦੇ ਇਕੀਵੀ ਦੇ ਯੁੱਗ ਵਿੱਚ ਹਰ ਇਕ ਨੂੰ ਕਾਹਲੀ ਹੈ । ਦਰਅਸਲ ਹਰ ਕੋਈ ਆਪਣੇ ਕੰਮਾਂ ਦੀ ਕਾਹਲ ਚ ਭੱਜ ਦੌੜ ਚ ਮਸ਼ਰੂਫ ਹੈ । ਕਿੱਸੇ ਕਹਾਣੀਆਂ, ਕਥਾਵਾਂ ਤੇ ਗਾਥਾਵਾਂ ਸੁਣਨ ਦਾ ਕਿਸੇ ਕੋਲ ਸਮਾਂ ਹੀ ਨਹੀਂ । ਲੰਮੇ ਗੀਤਾ ਦੀ ਬਜਾਏ ਲੋਕ ਛੋਟੇ ਦੋ ਤਿੰਨ ਮਿੰਟ ਚੰਲਣ ਵਾਲੇ ਗੀਤਾਂ ਵੱਲ ਵਧੇਰੇ ਤਵੱਜੋ ਦੇ ਰਹੇ ਹਨ, ਸਮੇਂ ਦੀ ਘਾਟ ਕਰਕੇ ਉਹ ਛੋਟੇ ਗੀਤਾਂ ਨੂੰ ਵਧੇਰੇ ਮਾਨਣ ਲੱਗ ਪਏ, ਪਰ ਹੰਢੇ ਹੋਏ ਗਾਇਕ ਕਲਾਕਾਰ ਹਮੇਸ਼ਾ ਕੁੱਜ ਨਵਾਂ ਕਰਨ ਦੇ ਜਜ਼ਬੇ ਨਾਲ ਅੱਗੇ ਵਧਦੇ ਹਨ ।
ਬੱਬੂ ਮਾਨ ਦਾ ਗੀਤ “ਅੜਬ ਪੰਜਾਬੀ” ਕੁੱਜ ਇਸੇ ਤਰਾਂ ਦੀ ਸੋਚ ਨੂੰ ਲੈ ਕੇ ਰਚਿਆ ਗਿਆ ਹੈ । ਪਿਛਲੇ ਕਿਸਾਨ ਅੰਦੋਲਨ ਦੌਰਾਨ ਉਕਤ ਗੀਤ ਦਾ ਪਹਿਲਾ ਭਾਗ ਆਇਆ ਸੀ ਤੇ ਹੁਣ ਇਸ ਜਾ ਦੂਸਰਾ ਭਾਗ ਪਿਛਲੇ ਹਫ਼ਤੇ ਤੋਂ ਸ਼ੋਸ਼ਲ ਮੀਡੀਆ ਉੱਤੇ ਬਹੁਤ ਵਾਹਵਾ ਖੱਟ ਰਿਹਾ ਹੈ । ਗੀਤ ਦੇ ਦੋਵੇਂ ਭਾਗ ਮਿਲਾ ਕੇ, ਇਹ ਕੋਈ ਪੰਜਾਹ ਕੁ ਮਿੰਟ ਲੰਮਾ ਗੀਤ ਹੈ । ਏਨਾ ਲੰਮਾ ਗੀਤ ਏਸ ਸਮੇਂ ਚ ਬੇਸ਼ੱਕ ਸੁਣਨ ਦਾ ਸਮਾਂ ਕੱਢਣਾ ਬਹੁਤ ਔਖਾ ਹੈ, ਪਰ ਗਾਇਕ ਬੱਬੂ ਮਾਨ ਦਾ ਇਹ ਗੀਤ ਏਨਾ ਕੁ ਜਬਰਦਸਤ ਹੈ ਕਿ ਹਰ ਕੋਈ ਇਸ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਹੀ ਸੁਣਨਾ ਪਸੰਦ ਕਰਦਾ ਹੈ ।
“ਅੜਬ ਪੰਜਾਬੀ” ਵਿੱਚ ਵਿਰਸੇ, ਸੱਭਿਆਚਾਰ ਤੇ ਹੋਰ ਬਹੁਤ ਸਾਰੀਆਂ ਤਲਖ਼ ਹਕੀਕਤਾਂ ਦਾ ਜ਼ਿਕਰ ਬਹੁਤ ਹੀ ਸੁਲਝੇ ਹੋਏ ਢੰਗ ਨਾਲ ਕੀਤਾ ਗਿਆ ਹੈ ਕਿ ਆਪਣੀ ਗੱਲ ਨੂੰ ਸਮਝਾਉਣ ਲਈ ਕਲਾਕਾਰ ਨੇ ਰਮਜ਼ਾਂ, ਇਸ਼ਾਰੇ , ਕਟਾਕਸ਼ ਤੇ ਹੁੱਜਾਂ ਆਦਿ ਹਰ ਇਕ ਨੂੰ ਬਿੰਬ, ਪ੍ਰਤੀਕ ਤੇ ਟਿੱਪਣੀ ਵਜੋਂ ਵਰਤਿਆਂ ਹੈ । ਗੀਤ ਵਿੱਚ ਗੱਲ ਅੱਜ ਦੇ ਜ਼ਮਾਨੇ ਦੀ ਗੰਦੀ ਸਿਆਸਤ ਦੀ ਕੀਤੀ ਹੋਵੇ, ਕਿਸਾਨ ਸ਼ੰਘਰਸ਼ ਜਾਂ ਫਿਰ ਗੁਰੂਆ ਤੇ ਯੋਧਿਆਂ ਦੀ, ਅੱਜ ਦੇ ਅਖੌਤੀ ਗਾਇਕਾ ਦੇ ਫੁਕਰੇਪਨ ਦੀ ਹੋਵੇ ਜਾਂ ਫਿਰ ਲੋਕਾਂ ਤੋਂ ਵੋਟਾਂ ਵਟੋਰਕੇ ਬਣੇ ਨੇਤਾਵਾਂ ਵੱਲੋਂ ਫਿਰ ਲੋਕਾਂ ਦੇ ਡਾਂਗ ਫੇਰਨ ਦੀ ਹੋਵੇ, ਹਰ ਪਹਿਲੂ ‘ਤੇ ਕਲਮ ਬਾਖੂਬੀ ਚਲਾਈ ਵੀ ਗਈ ਹੈ ਤੇ ਨਿਭਾਈ ਵੀ ਗਈ ਹੈ । ਗੀਤ ਦਾ ਹਰ ਸ਼ਬਦ ਤੋਲ ਮੋਲ ਕੇ ਲਿਖਿਆ ਗਿਆ ਹੈ ਤੇ ਚਿੱਟੇ ਦਿਨ ਖਰਾ ਸੱਚ ਪੇਸ਼ ਕੀਤਾ ਗਿਆ ਹੈ ।
ਇਹ ਕਲਮ ਦੀ ਕਲਾ ਹੀ ਹੈ ਜੋ ਇਸ ਬਹੁਤ ਲੰਮੇ ਗੀਤ ਨੂੰ ਸੁਣਨ ਵਾਸਤੇ ਸਰੋਤੇ ਨੂੰ ਕਾਇਲ ਕਰਦੀ ਹੈ । ਬੱਬੂ ਮਾਨ ਦਾ ਗਾਇਕੀ ਤਜਰਬਾ ਇਸ ਗੀਤ ਵਿੱਚੋਂ ਸਿਰ ਚੜ੍ਹੇ ਜਾਦੂ ਵਾਂਗ ਆਪ ਮੁਹਾਰੇ ਬੋਲਦਾ ਹੈ । ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗਾਇਕ ਨੇ ਆਪਣੀ ਕਲਾ ਦੇ ਇਜ਼ਹਾਰ ਸਮੇਂ ਸੱਭਿਆਚਾਰਕ ਮੁੱਲਾਂ, ਰੀਤਾਂ ਤੇ ਰਿਵਾਇਤਾ ਦੀ ਹੱਦ ਅੰਦਰ ਰਹਿ ਕੇ ਪੇਸ਼ਕਾਰੀ ਕੀਤੀ ਹੈ, ਜਿਸ ਕਰਕੇ ਉਹ ਅੱਜ ਪੰਜਾਬੀਆ ਦੇ ਉਚੇ ਤੇ ਸੁੱਚੇ ਸਤਿਕਾਰ ਦਾ ਪਾਤਰ ਹੈ ।
“ਅੜਬ ਪੰਜਾਬੀ” ਗੀਤ ਅਜੋਕੇ ਸਮੇਂ ਵਿੱਚ ਪੰਜਾਬੀ ਗਾਇਕੀ ਦਾ ਸਭ ਤੋ ਲੰਮਾ ਤੇ ਸਫਲ ਗੀਤ ਬਣ ਚੁੱਕਾ ਹੈ ਜਿਸ ਨੂੰ ਇਕ ਹਫ਼ਤੇ ਵਿੱਚ ਹੀ ਤਿੰਨ ਚਾਰ ਮਿਲੀਅਨ ਵਿਊ ਤੇ ਕਮਿੰਟ ਮਿਲ ਚੁੱਕੇ ਹਨ । ਇਹ ਗੀਤ ਨਵੇਂ ਗੀਤਕਾਰਾਂ ਤੇ ਗਾਇਕਾਂ ਵਾਸਤੇ ਪ੍ਰੇਰਣਾ ਦਾ ਸੋਮਾ ਵੀ ਹੈ, ਵਿਰਸੇ ਬਾਰੇ ਅਜੋਕੀ ਪੀੜ੍ਹੀ ਨੂੰ ਜਾਣੂ ਕਰਾ ਕੇ ਆਪਣੀ ਜ਼ੁੰਮੇਵਾਰ ਨੂੰ ਅਦਾ ਕਰਨਾ ਵੀ ਹੈ ਤੇ ਵਿਰਸੇ ਨੂੰ ਯਾਦ ਕਰਕੇ ਨਵੀਂ ਪੀੜ੍ਹੀ ਨੂੰ ਬਹੁਤ ਹੀ ਸਰਲ ਢੰਗ ਨਾਲ ਵਿਰਸੇ ਬਾਰੇ ਜਾਣਕਾਰੀ ਦੇ ਕੇ ਵਿਰਸੇ ਨਾਲ ਜੋੜਨ ਦਾ ਵੱਡਾ ਕਾਰਜ ਵੀ ਹੈ । ਇਸ ਦੇ ਨਾਲ ਹੀ ਗੀਤ ਰਾਹੀਂ ਬੱਬੂ ਮਾਨ ਨੇ ਕੌਮ ਦੇ ਯੋਧਿਆ, ਗੁਰੂਆਂ ਤੇ ਪੀਰਾਂ ਨੂੰ ਸੱਚੀ ਅਕੀਦਤ ਦੇ ਫੁੱਲ ਭੇਟ ਵੀ ਕੀਤੇ ਹਨ । ਸਮਝਣ ਵਾਲਾ ਨੁਕਤਾ ਇਹ ਹੈ ਕਿ ਆਤਮਸਾਤੀ ਹੋ ਕੇ ਬੱਬੂ ਮਾਨ ਦਾ ਗਾਇਆ ਇਹ ਗੀਤ ਸਾਡੇ ਸਮਾਜ ਨੂੰ ਇਕ ਬਹੁਤ ਵੱਡਾ ਲੁਨੇਹਾ ਦੇਂਦਾ ਹੈ ।
ਆਖਿਰ ਵਿੱਚ ਇਹ ਕਹਿਣਾ ਚਾਹਾਂਗਾ ਕਿ ਕਲਾਕਾਰ, ਖਿਡਾਰੀ, ਸੱਚੇ ਸਮਾਜ ਸੇਵਕ ਤੇ ਕੌਮ ਦੇ ਸ਼ਹੀਦ ਕਿਸੇ ਕੌਮ ਦਾ ਸਰਮਾਇਆ ਹੁੰਦੇ ਹਨ , ਸੱਭਿਆਚਾਰ ਤੇ ਬੋਲੀ ਕਿਸੇ ਸਮਾਜ ਵਿਸ਼ੇਸ਼ ਦੀ ਲੋਕਾਂ ਦੀ ਪਹਿਚਾਣ ਹੁੰਦੀ ਹੈ , ਸੱਚ ਬੋਲਣਾ ਤੇ ਸੁਣਨਾ ਦੋਵੇਂ ਬਹੁਤ ਬਿਖੜੇ ਕਾਰਜ ਹਨ , ਪਰ ਜੋ ਇਹ ਕਾਰਜ ਕਰਦਾ ਹੈ, ਰੂਹ ਦਾ ਆਨੰਦ ਤੇ ਲੋਕ ਜੱਸ ਵੀ ਓਹੀ ਪ੍ਰਾਪਤ ਕਰਦਾ ਹੈ । ਵਿਰਸੇ ਨੂੰ ਸੰਭਾਲਣ ਵਾਸਤੇ ਗਾਇਕ ਤੇ ਗੀਤਕਾਰ ਬਹੁਤ ਵੱਡਾ ਰੋਲ ਅਦਾ ਕਰ ਸਕਦੇ ਹਨ । ਬੱਬੂ ਮਾਨ ਨੇ “ਅੜਬ ਪੰਜਾਬੀ” ਗੀਤ ਦੀ ਰਚਨਾ ਤੇ ਸਫਲ ਪੇਸ਼ਕਾਰੀ ਕਰਕੇ ਜਿਸ ਨਵੀਂ ਪਰੰਪਰਾ ਦਾ ਅਗਾਜ਼ ਕੀਤਾ ਹੈ , ਇਹ ਜਾਰੀ ਰਹਿਣੀ ਚਾਹੀਦੀ ਹੈ । ਇਸ ਨਵੀਂ ਤੇ ਮੀਲ ਪੱਥਰ ਵਰਗੀ ਪੇਸ਼ਕਾਰੀ ਵਾਸਤੇ ਜਿੱਥੇ ਬੱਬੂ ਮਾਨ ਵੱਡੀ ਵਧਾਈ ਦਾ ਪਾਤਰ ਹੈ, ਉੱਥੇ ਪੰਜਾਬੀ ਵੀ ਵਧਾਈ ਦੇ ਪਾਤਰ ਹਨ, ਜਿਹਨਾ ਨੇ ਇਸ ਗੀਤ ਨੂੰ ਭਰਪੂਰ ਪਸੰਦ ਕਰਕੇ ਇਹ ਦੱਸ ਦਿੱਤਾ ਹੈ ਕਿ ਉਹ ਅੱਜ ਵੀ ਸਾਫ ਸੁਥਰੀ ਤੇ ਸਵੱਛ ਸੋਚ ਵਾਲੇ ਹਨ ਤੇ ਸਾਫ ਸੁਥਰੀ ਪੇਸ਼ਕਾਰੀ ਕਰਨ ਵਾਲੇ ਕਲਾਕਾਰਾਂ ਦਾ ਇਸੇ ਤਰਾਂ ਮਾਣ ਸਤਿਕਾਰ ਕਰਦੇ ਰਹੇ ਹਨ ਤੇ ਹਮੇਸ਼ਾ ਕਰਦੇ ਰਹਿਣਗੇ ।

Related posts

US ਇਮੀਗ੍ਰੇਸ਼ਨ ਕੋਰਟ ‘ਚ 3.38 ਮਿਲੀਅਨ ਕੇਸ ਫੈਸਲੇ ਦੀ ਉਡੀਕ ‘ਚ : ਪ੍ਰਵਾਸੀ ਕਾਨੂੰਨ ਦੀ ਪਾਲਣਾ ਕਰਦੇ, ਨਾ ਕਿ ਕ੍ਰਿਮੀਨਲ !

Ageing Australia ਵੱਲੋਂ ਫੈਡਰਲ ਸਰਕਾਰ ਨੂੰ ਅਹਿਮ ਸਿਫਾਰਸ਼ਾਂ

ਡੁਬਈ ਵਿੱਚ ਦੁਨੀਆਂ ਦੀ ਪਹਿਲੀ ‘ਗੋਲਡ ਸਟ੍ਰੀਟ’ ਸ਼ੁਰੂ ਹੋਵੇਗੀ !