ਅਫ਼ਗਾਨਿਸਤਾਨ ’ਚ ਮੌਲਵੀ ਚਲਾਉਣਗੇ ਤਾਲਿਬਾਨ ਸਰਕਾਰ, ਨਵੀਂ ਸਰਕਾਰ ਲਈ ਮੰਗਿਆ ਸਹਿਯੋਗ

ਕਾਬੁਲ – ਅਫ਼ਗਾਨਿਸਤਾਨ ਵਿਚ ਹੁਣ ਮੌਲਵੀ ਨਵੀਂ ਸਰਕਾਰ ਚਲਾਉਣਗੇ। ਕਾਬੁਲ ’ਤੇ ਕਬਜ਼ਾ ਕਰਨ ਵਾਲੇ ਤਾਲਿਬਾਨ ਨੇ ਕਿਹਾ ਹੈ ਕਿ ਆਗਾਮੀ ਸਰਕਾਰ ਦੀ ਅਗਵਾਈ ਮੌਲਵੀ ਕਰਨਗੇ। ਮੀਡੀਆ ਰਿਪੋਰਟਾਂ ਮੁਤਾਬਕ ਕਾਬੁਲ ਵਿਚ ਇਕ ਸਭਾ ’ਚ ਤਾਲਿਬਾਨ ਨੇ ਕਿਹਾ ਕਿ 20 ਸਾਲਾਂ ਦਾ ਉਨ੍ਹਾਂ ਦਾ ਸੰਘਰਸ਼ ਬੇਕਾਰ ਨਹੀਂ ਜਾਣਾ ਚਾਹੀਦਾ ਅਤੇ ਮੌਲਵੀਆਂ ਨੂੰ ਅਫ਼ਗਾਨਿਸਤਾਨ ਦੀ ਸਰਕਾਰ ਦੀ ਅਗਵਾਈ ਕਰਨੀ ਚਾਹੀਦੀ।

ਅੱਤਵਾਦੀ ਸੰਗਠਨ ਨੇ ਇਕ ਮਜ਼ਬੂਤ ਸਿਆਸੀ ਵਿਵਸਥਾ ਦੇ ਨਿਰਮਾਣ ਵਿਚ ਸਹਿਯੋਗ ਲਈ ਮੌਲਵੀਆਂ ਦੀ ਇਹ ਸਭਾ ਬੁਲਾਈ ਸੀ। ਤਾਲਿਬਾਨ ਨੇ ਆਮ ਲੋਕਾਂ ਤੋਂ ਵੀ ਨਵੀਂ ਸਰਕਾਰ ਲਈ ਸਹਿਯੋਗ ਮੰਗਿਆ ਹੈ। ਅਫ਼ਗਾਨਿਸਤਾਨ ਦੀ ਸਮਾਚਾਰ ਏਜੰਸੀ ਖਾਮਾ ਪ੍ਰੈੱਸ ਦੇ ਮੁਤਾਬਕ ਤਾਲਿਬਾਨ ਦੇ ਬੁਲਾਰੇ ਜਬੀਉੱਲਾ ਮੁਜਾਹਿਦ ਨੇ ਕਿਹਾ ਹੈ ਕਿ ਉਹ ਮਿਲੀ-ਜੁਲੀ ਸਰਕਾਰ ਬਣਾ ਰਹੇ ਹਨ, ਜਿਸ ਵਿਚ ਸਾਰੇ ਲੋਕਾਂ ਦੇ ਅਧਿਕਾਰ ਸੁਰੱਖਿਅਤ ਰਹਿਣਗੇ। ਮੁਜਾਹਿਦ ਨੇ ਕਿਹਾ, ਭੇਦਭਾਵਪੂਰਨ, ਭਾਸ਼ਾਈ ਅਤੇ ਫਿਰਕੂ ਮੁੱਲਾਂ ਦੇ ਬਾਵਜੂਦ ਲੋਕਾਂ ਨੂੰ ਨਾਲ ਆਉਣਾ ਚਾਹੀਦਾ ਅਤੇ ਇਕ ਅਫ਼ਗਾਨ ਦੇ ਰੂਪ ਵਿਚ ਅਫ਼ਗਾਨਿਸਤਾਨ ਦੇ ਵਿਕਾਸ ਲਈ ਕੰਮ ਕਰਨਾ ਚਾਹੀਦਾ। ਮੁਜਾਹਿਦ ਨੇ ਇਨ੍ਹਾਂ ਦੋਸ਼ਾਂ ਨੂੰ ਵੀ ਖਾਰਿਜ ਕੀਤਾ ਕਿ ਤਾਲਿਬਾਨ ਦੂਜੇ ਦੇਸ਼ਾਂ ਨੂੰ ਹਥਿਆਰ ਤੇ ਫ਼ੌਜੀ ਗੱਡੀਆਂ ਦੀ ਤਸਕਰੀ ਕਰ ਰਹੇ ਹਨ।

ਅਫ਼ਗਾਨਿਸਤਾਨ ਵਿਚ ਭਾਵੇਂ ਰਸਮੀ ਤੌਰ ’ਤੇ ਸਰਕਾਰ ਦਾ ਗਠਨ ਨਹੀਂ ਹੋ ਸਕਿਆ ਹੈ ਪਰ ਸਮਾਚਾਰ ਏਜੰਸੀ ਰਾਇਟਰ ਦੇ ਮੁਤਾਬਕ ਤਾਲਿਬਾਨ ਆਪਣੇ ਸਿਖ਼ਰ ਅੱਤਵਾਦੀ ਆਗੂਆਂ ਨੂੰ ਵੱਡੀ ਜ਼ਿੰਮੇਦਾਰੀ ਦੇ ਰਿਹਾ ਹੈ। ਅਮਰੀਕਾ ਦੇ ਗਵਾਂਤਮਾਓ ਜੇਲ੍ਹ ਵਿਚ ਕਈ ਸਾਲਾਂ ਤਕ ਕੈਦ ਰਹੇ ਅੱਤਵਾਦੀ ਸਰਗਨਾ ਮੁੱਲਾ ਅਬਦੁਲ ਕਯੂਮ ਜਾਕਿਰ ਨੂੰ ਕਾਰਜਕਾਰੀ ਰੱਖਿਆ ਮੰਤਰੀ ਬਣਾਇਆ ਗਿਆ ਹੈ। ਗੁਲ ਆਗਾ ਨੂੰ ਵਿੱਤ ਮੰਤਰੀ ਅਤੇ ਸਦਰ ਇਬਰਾਹਿਮ ਨੂੰ ਕਾਰਜਕਾਰੀ ਗ੍ਰਹਿ ਮੰਤਰੀ ਬਣਾਇਆ ਗਿਆ ਹੈ। ਹਾਲਾਂਕਿ ਤਾਲਿਬਾਨ ਨੇ ਹਾਲੇ ਰਸਮੀ ਤੌਰ ’ਤੇ ਇਨ੍ਹਾਂ ਨਿਯੁਕਤੀਆਂ ਦਾ ਐਲਾਨ ਨਹੀਂ ਕੀਤਾ ਹੈ। ਤਾਲਿਬਾਨ ਪਹਿਲਾਂ ਹੀ ਸਾਫ਼ ਕਰ ਚੁੱਕਾ ਹੈ ਕਿ ਅਫ਼ਗਾਨਿਸਤਾਨ ਵਿਚ ਜਮਹੂਰੀ ਸਰਕਾਰ ਨਹੀਂ ਬਣੇਗੀ। ਇਨ੍ਹਾਂ ਨਿਯੁਕਤੀਆਂ ਨਾਲ ਇਹ ਵੀ ਸਾਫ਼ ਹੋ ਗਿਆ ਹੈ।

Related posts

ਕੀ ਜੇਲ੍ਹ ਵਿੱਚ ਹੀ ਮਾਰ-ਮੁਕਾ ਦਿੱਤਾ ਹੈ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ?

ਲਾਹੌਰ ਦੁਨੀਆਂ ਦੇ ਸਭ ਤੋਂ ਪ੍ਰਦੂਸ਼ਤ ਸ਼ਹਿਰਾਂ ਦੀ ਸੂਚੀ ਵਿੱਚ ਸਿਖਰਾਂ ਨੂੰ ਛੋਹਣ ਲੱਗਾ !

ਜੇ ਹਮਾਸ ਨੇ ਹਥਿਆਰ ਨਹੀਂ ਛੱਡੇ ਤਾਂ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਜਾਵੇਗਾ: ਅਮਰੀਕਨ ਉਪ-ਰਾਸ਼ਟਰਪਤੀ ਵੈਂਸ