ਅੰਮ੍ਰਿਤਸਰ – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਸਬੰਧ ’ਤੇ ‘ਹਰਬਿਜ਼: ਔਰਤਾਂ ਦੀ ਨਵੀਨਤਾ, ਸਿਰਜਣਾ ਅਤੇ ਬਦਲਾਅ ’ਚ ਭੂਮਿਕਾ’ (ਸਪਾਰਕ ਐਂਡ ਵਿਜ਼ਨ-ਵੂਮੈਨ ਇਨੋਵੇਟਿੰਗ, ਕ੍ਰਿਏਟਿੰਗ ਐਂਡ ਲੀਡਿੰਗ ਚੇਂਜ਼) ਵਿਸ਼ੇ ’ਤੇ ਦੋ ਦਿਨਾਂ ਤੀਜੀ ਰਾਸ਼ਟਰੀ ਮਹਿਲਾ ਕਾਨਫਰੰਸ ਕਰਵਾਈ ਗਈ। ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਦੇ ਸਹਿਯੋਗ ਨਾਲ ਕਰਵਾਈ ਉਕਤ ਕਾਨਫਰੰਸ ’ਚ ਵੱਖ-ਵੱਖ ਨਾਮਵਰ ਸੰਸਥਾਵਾਂ ਦੇ ਸਿੱਖਿਆ ਸ਼ਾਸਤਰੀਆਂ, ਖੋਜਕਰਤਾਵਾਂ, ਪੇਸ਼ੇਵਰਾਂ ਅਤੇ ਵਿਦਿਆਰਥੀਆਂ ਨੂੰ ਨਵੀਨਤਾ, ਉੱਦਮਤਾ ਅਤੇ ਲੀਡਰਸ਼ਿਪ ’ਚ ਔਰਤਾਂ ਦੀ ਭੂਮਿਕਾ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ।
ਇਸ ਕਾਨਫ਼ਰੰਸ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਕਰਨ ਉਪਰੰਤ ਡਾ. ਮੰਜ਼ੂ ਬਾਲਾ ਵੱਲੋਂ ਆਏ ਮੁੱਖ ਮਹਿਮਾਨ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ ਦਿੱਲੀ ਤੋਂ ਪ੍ਰੋਫੈਸਰ ਡਾ. ਗੀਤਾ ਸਿੱਕਾ ਅਤੇ ਇੰਦਰਾ ਗਾਂਧੀ ਦਿੱਲੀ ਟੈਕਨੀਕਲ ਯੂਨੀਵਰਸਿਟੀ ਫਾਰ ਵੂਮੈਨ ਤੋਂ ਗੈਸਟ ਆਫ਼ ਆਨਰ ਐਸੋਸੀਏਟ ਪ੍ਰੋਫੈਸਰ ਡਾ. ਨੋਨੀਤਾ ਸ਼ਰਮਾ ਨੇ ਸ਼ਮ੍ਹਾ ਰੌਸ਼ਨ ਕਰਕੇ ਕੀਤੀ ਗਈ।
ਇਸ ਮੌਕੇ ਡਾ. ਮੰਜੂ ਬਾਲਾ ਨੇ ਕਿਹਾ ਕਿ ਔਰਤਾਂ ਨੂੰ ਸਸ਼ਕਤ ਬਣਾਉਣਾ ਨਾ ਸਿਰਫ਼ ਇੱਕ ਸਮਾਜਿਕ ਜ਼ਿੰਮੇਵਾਰੀ ਹੈ, ਸਗੋਂ ਇੱਕ ਪ੍ਰਗਤੀਸ਼ੀਲ ਅਤੇ ਸੰਤੁਲਿਤ ਸਮਾਜ ਦੀ ਉਸਾਰੀ ਲਈ ਇਕ ਜ਼ਰੂਰਤ ਵੀ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿ ਅੱਜ ਸਰਕਾਰਾਂ ਔਰਤਾਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਪ੍ਰਗਤੀਸ਼ੀਲ ਨੀਤੀਆਂ ਅਤੇ ਪਹਿਲਕਦਮੀਆਂ ਕਰ ਰਹੀਆਂ ਹਨ, ਅਸਲ ਤਬਦੀਲੀ ਉਦੋਂ ਸ਼ੁਰੂ ਹੁੰਦੀ ਹੈ ਜਦੋਂ ਔਰਤਾਂ ਆਪਣੇ ਅੰਦਰ ਮੌਜੂਦ ਬੇਅੰਤ ਤਾਕਤ ਅਤੇ ਸੰਭਾਵਨਾ ਨੂੰ ਪਛਾਣਦੀਆਂ ਹਨ।
ਇਸ ਮੌਕੇ ਡਾ. ਸ਼ਰਮਾ ਨੇ ਕਿਹਾ ਕਿ ਸਿੱਖਿਆ ਔਰਤਾਂ ਨੂੰ ਸਸ਼ਕਤ ਬਣਾਉਣ ਅਤੇ ਸਮਾਜ ’ਚ ਅਰਥਪੂਰਨ ਯੋਗਦਾਨ ਪਾਉਣ ਦੇ ਯੋਗ ਬਣਾਉਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ। ਉਨ੍ਹਾਂ ਨੌਜਵਾਨ ਖੋਜਕਰਤਾਵਾਂ ਅਤੇ ਵਿਦਿਆਰਥੀਆਂ ਨੂੰ ਸਕਾਰਾਤਮਕ ਤਬਦੀਲੀ ਦੇ ਉਤਪ੍ਰੇਰਕ ਬਣਨ ਲਈ ਵਿਸ਼ਵਾਸ ਅਤੇ ਦ੍ਰਿੜਤਾ ਨਾਲ ਗਿਆਨ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ।ਜਦਕਿ ਡਾ. ਸਿੱਕਾ ਨੇ ਕਾਲਜ ਦੁਆਰਾ ਔਰਤਾਂ ਦੀ ਅਗਵਾਈ ਵਾਲੀ ਨਵੀਨਤਾ ਅਤੇ ਲੀਡਰਸ਼ਿਪ ਨੂੰ ਸਮਰਪਿਤ ਕਾਨਫਰੰਸ ਆਯੋਜਿਤ ਕਰਨ ’ਚ ਕੀਤੀ ਗਈ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਅਕਾਦਮਿਕ ਪਲੇਟਫਾਰਮ ਖਾਸ ਕਰਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਵਰਗੇ ਮਹੱਤਵਪੂਰਨ ਮੌਕੇ ’ਤ ਵਿਦਵਾਨਾਂ ਅਤੇ ਵਿਦਿਆਰਥੀਆਂ ’ਚ ਸੰਵਾਦ, ਖੋਜ ਸਹਿਯੋਗ ਅਤੇ ਨਵੀਨਤਾਕਾਰੀ ਸੋਚ ਨੂੰ ਉਤਸ਼ਾਹਿਤ ਕਰਦੇ ਹਨ।
ਇਸ ਮੌਕੇ ਡਾ. ਮੰਜ਼ੂ ਬਾਲਾ ਨੇ ਕਿਹਾ ਕਿ ਸਮਾਗਮ ’ਚ ਸੱਭਿਆਚਾਰਕ ਪਹਿਲੂ ਜੋੜਦਿਆਂ ਵਿਦਿਆਰਥੀਆਂ ਵੱਲੋਂ ਕਲਾਸੀਕਲ ਡਾਂਸ ਅਤੇ ਰਵਾਇਤੀ ਗਿੱਧਾ ਪੇਸ਼ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅਕਾਦਮਿਕ ਸੈਸ਼ਨਾਂ ’ਚ ਕਾਲਜ ਸਮੇਤ ਗੁਰੂ ਨਾਨਕ ਦੇਵ ਯੂਨੀਵਰਸਿਟੀ, ਐਸ. ਆਰ. ਸਰਕਾਰੀ ਕਾਲਜ ਫਾਰ ਵੂਮੈਨ, ਮਾਈ ਭਾਗੋ ਸਰਕਾਰੀ ਪੌਲੀਟੈਕਨਿਕ ਫਾਰ ਗਰਲਜ਼, ਖਾਲਸਾ ਯੂਨੀਵਰਸਿਟੀ ਵਰਗੀਆਂ ਸੰਸਥਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਵਿਦਵਾਨਾਂ ਅਤੇ ਵਿਦਿਆਰਥੀਆਂ ਵੱਲੋਂ ਉਤਸ਼ਾਹਜਨਕ ਭਾਗੀਦਾਰੀ ਪੇਸ਼ ਕੀਤੀ ਗਈ।ਕਾਨਫਰੰਸ ਚਾਰ ਮੌਖਿਕ ਪੇਸ਼ਕਾਰੀ ਟਰੈਕ ਅਤੇ ਇਕ ਪੋਸਟਰ ਪੇਸ਼ਕਾਰੀ ਸੈਸ਼ਨ ਪੇਸ਼ ਕੀਤਾ ਗਿਆ, ਜਿੱਥੇ ਖੋਜਕਰਤਾਵਾਂ ਨੇ ਔਰਤਾਂ ਦੀ ਅਗਵਾਈ, ਉੱਦਮਤਾ, ਨਵੀਨਤਾ ਅਤੇ ਸਮਾਜਿਕ ਸਸ਼ਕਤੀਕਰਨ ਨਾਲ ਸਬੰਧਿਤ ਵਿਸ਼ਿਆਂ ’ਤੇ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਕਾਨਫਰੰਸ ਦੇ ਦੂਜੇ ਦਿਨ ਡਾ. ਨੋਨੀਤਾ ਸ਼ਰਮਾ ਨੂੰ ‘ਦਿ ਐਮੀਨੈਂਟ ਵੂਮੈਨ ਅਚੀਵਰਜ਼’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਆਪਣੇ-ਆਪਣੇ ਖੇਤਰਾਂ ’ਚ ਡੀਏਵੀ ਯੂਨੀਵਰਸਿਟੀ ਜਲੰਧਰ ਤੋਂ ਡਾ. ਗੀਤਿਕਾ ਨਾਗਰਥ, ਡੀਏਵੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਜਲੰਧਰ ਤੋਂ ਡਾ. ਸ਼ਿਵਾਨੀ ਵਿੱਜ, ਸਰਕਾਰੀ ਪੌਲੀਟੈਕਨਿਕ ਕਾਲਜ ਫਾਰ ਗਰਲਜ਼, ਅੰਮ੍ਰਿਤਸਰ ਤੋਂ ਸ੍ਰੀਮਤੀ ਗੁਰਪਿੰਦਰ ਕੌਰ, ਡੀਏਵੀ ਪਬਲਿਕ ਸਕੂਲ ਅੰਮ੍ਰਿਤਸਰ ਤੋਂ ਸ਼੍ਰੀਮਤੀ ਅੰਜੂ ਗੁਪਤਾ ਅਤੇ ਕਾਲਜ ਵਿਖੇ ਇਲੈਕਟਰਾਨਿਕਸ ਅਤੇ ਸੰਚਾਰ ਇੰਜੀਨੀਅਰਿੰਗ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਡਾ. ਮਾਲਤੀ ਪੁਰੀ ਨੂੰ ਸ਼ਾਨਦਾਰ ਸਮਰਪਣ ਅਤੇ ਯੋਗਦਾਨ ਲਈ ‘ਡੇਡੀਕੇਸ਼ਨ ਡਿਸਟਿੰਕਸ਼ਨ’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਮਾਪਤੀ ਭਾਗ ਦੌਰਾਨ ਖੋਜ ਪੇਸ਼ਕਾਰੀਆਂ ਦੇ ਨਤੀਜਿਆਂ ਦਾ ਐਲਾਨ ਕੀਤਾ ਗਿਆ।ਜਿਸ ’ਚ ਟਰੈਕ 1 ’ਚ ਸਰਕਾਰੀ ਪੌਲੀਟੈਕਨਿਕ ਕਾਲਜ ਫਾਰ ਗਰਲਜ਼, ਅੰਮ੍ਰਿਤਸਰ ਤੋਂ ਗੁਰਲੀਨ ਕੌਰ ਨੂੰ ‘ਫੁਲਕਾਰੀ ਤੋਂ ਫਿਨਟੈਕ ਤੱਕ’ ਵਿਸ਼ੇ ਵਾਲੇ ਪੇਪਰ ਲਈ ਸਰਵੋਤਮ ਮੌਖਿਕ ਪੇਸ਼ਕਾਰੀ ਪੁਰਸਕਾਰ ਪ੍ਰਦਾਨ ਕੀਤਾ ਗਿਆ। ਟਰੈਕ 1 ’ਚ ਦੂਜੀ ਸਭ ਤੋਂ ਵਧੀਆ ਪੇਸ਼ਕਾਰੀ ਮੁਹੰਮਦ ਤਾਰਿਕ ਅਤੀਕ, ਮੁਹੰਮਦ ਆਜ਼ਮ ਕਮਰ, ਸੂਰਜ ਚੌਬੇ, ਰਿਜਵਾਨ ਆਲਮ, ਆਸ਼ੂਤੋਸ਼ ਸਿੰਘ, ਪ੍ਰਿਯਮ ਕੁਮਾਰ, ਸਤਯਮ ਕੁਮਾਰ ਅਤੇ ਡਾ. ਰਿਪਿਨ ਕੋਹਲੀ ਨੂੰ ‘ਸ਼ੀ ਬਿਲਡਜ਼ ਭਾਰਤ: ਏ ਰਿਵਿਊ ਆਫ ਅਨਸੰਗ ਵੂਮੈਨ ਆਫ ਇੰਡੀਆ’ ਪੇਪਰ ਲਈ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਟਰੈਕ 2 ’ਚ ਐੱਸਆਰ ਗੌਰਮਿੰਟ ਕਾਲਜ ਫਾਰ ਵੂਮੈਨ, ਅੰਮ੍ਰਿਤਸਰ ਤੋਂ ਡਾ. ਲੀਨਾ ਜੈਨ, ਅਨਮੋਲ ਕੌਰ, ਕਸ਼ਿਸ਼ ਸ਼ਰਮਾ, ਭੂਮੀ ਸਦਾਨਾ ਅਤੇ ਲਕਸ਼ਿਤਾ ਖੰਨਾ ਨੂੰ ਸਭ ਤੋਂ ਵਧੀਆ ਮੌਖਿਕ ਪੇਸ਼ਕਾਰੀ ਖੋਜ ਪੱਤਰ ‘ਬਰਨਆਊਟ, ਗਿਲਟ ਸਾਈਕਲਜ਼ ਐਂਡ ਦ ਕਾਸਟ ਆਫ ਕੰਸਟੈਂਟ ਫੀਮੇਲ ਕੇਅਰਗਿਵਿੰਗ (2020–2025): ਏ ਜੈਂਡਰ-ਫੋਕਸਡ ਮਲਟੀਡਾਇਮੈਨਸ਼ਨਲ ਵਿਸ਼ਲੇਸ਼ਣ’ ਲਈ ਸਨਮਾਨਿਤ ਕੀਤਾ ਗਿਆ। ਟਰੈਕ 3 ’ਚ ਸਭ ਤੋਂ ਵਧੀਆ ਮੌਖਿਕ ਪੇਸ਼ਕਾਰੀ ਕਾਲਜ ਦੇ ਬੀਬੀਏ ਵਿਭਾਗ ਤੋਂ ਤਨੁਪ੍ਰੀਤ ਕੌਰ, ਤੁਸ਼ਾਰ ਅਤੇ ਗੋਪਾਲ ਨੂੰ ‘ਡਿਜੀਟਲ ਨਾਰੀਵਾਦ, ਔਨਲਾਈਨ ਸੇਫਟੀ ਐਂਡ ਟੈਕ ਚੌਵਿਨਿਜ਼ਮ: ਪਾਵਰ, ਪਲੇਟਫਾਰਮ, ਐਂਡ ਜੈਂਡਰ ਇਨਕਵੈਲਿਟੀਜ਼ ਇਨ ਦ ਡਿਜੀਟਲ ਏਜ’ ਪੇਪਰ ਲਈ ਪ੍ਰਦਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਟਰੈਕ 4 ’ਚ ਸਭ ਤੋਂ ਵਧੀਆ ਮੌਖਿਕ ਪੇਸ਼ਕਾਰੀ ਦਾ ਪੁਰਸਕਾਰ ਕਾਲਜ ਦੇ ਬੀ. ਬੀ. ਏ. ਵਿਭਾਗ ਤੋਂ ਪ੍ਰਗਤੀ ਨਈਅਰ ਅਤੇ ਜਸਪ੍ਰੀਤ ਕੌਰ ਨੂੰ ‘ਵਿਅੰਗ ਅਤੇ ਵਿਤਕਰਾ: ਇਕ ਲੋਕਤੰਤਰੀ ਸਮਾਜ ’ਚ ਰਾਜਨੀਤਿਕ ਮੀਮਜ਼ ਦੀਆਂ ਕਾਨੂੰਨੀ ਹੱਦਾਂ’ ਵਿਸ਼ੇ ਵਾਲੇ ਖੋਜ ਕਾਰਜ ਲਈ ਦਿੱਤਾ ਗਿਆ। ਸਰਵੋਤਮ ਪੋਸਟਰ ਪੇਸ਼ਕਾਰੀ ਪੁਰਸਕਾਰ ਕਾਲਜ ਦੇ ਕੰਪਿਊਟਰ ਐਪਲੀਕੇਸ਼ਨ ਵਿਭਾਗ ਤੋਂ ਤਨਜ਼ੀਨ ਪ੍ਰਵੀਨ, ਨੰਦਿਨੀ, ਕੋਮਲ ਗੁਪਤਾ, ਕਨਿਕਾ ਅਤੇ ਕੁਨਾਲ ਵਰਮਾ ਨੂੰ ਆਧੁਨਿਕ ਸਮਾਜ ’ਚ ‘ਔਰਤ ਸਸ਼ਕਤੀਕਰਨ ਅਤੇ ਔਰਤਾਂ ਦੀ ਭੂਮਿਕਾ : ਤਰੱਕੀ, ਰੁਕਾਵਟਾਂ ਅਤੇ ਵਿਕਾਸ ਇਕ ਬਹੁ-ਆਯਾਮੀ ਵਿਸ਼ਲੇਸ਼ਣ’ ਵਿਸ਼ੇ ਦੇ ਪੋਸਟਰ ਸਬੰਧੀ ਪ੍ਰਦਾਨ ਕੀਤਾ ਗਿਆ। ਇਸ ਮੌਕੇ ਡਾ. ਮੰਜੂ ਬਾਲਾ ਨੂੰ ਦੂਰਦਰਸ਼ੀ ਅਗਵਾਈ, ਅਕਾਦਮਿਕ ਉੱਤਮਤਾ ਅਤੇ ਮਹਿਲਾ ਸਸ਼ਕਤੀਕਰਨ ’ਚ ਸ਼ਾਨਦਾਰ ਯੋਗਦਾਨ ਲਈ ਪ੍ਰੇਰਨਾਦਾਇਕ ਆਈਕਨ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।