ਨਵੀਂ ਦਿੱਲੀ – ਸੰਯੁਕਤ ਕਿਸਾਨ ਮੋਰਚਾ ਦੀ ਬੁੱਧਵਾਰ (1 ਦਸੰਬਰ) ਦੁਪਹਿਰ ਬਾਅਦ ਰੱਖੀ ਗਈ ਮੀਟਿੰਗ ਰਾਕੇਸ਼ ਟਿਕੈਤ ਸਮੇਤ ਕਈ ਹੋਰ ਕਿਸਾਨ ਆਗੂਆਂ ਦੇ ਅੰਦੋਲਨ ਸਬੰਧੀ ਵੱਖ-ਵੱਖ ਬਿਆਨਾਂ ਦਰਮਿਆਨ ਮੁਲਤਵੀ ਕਰ ਦਿੱਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਯੁਕਤ ਕਿਸਾਨ ਮੋਰਚਾ ਨੇ ਕਿਹਾ ਹੈ ਕਿ ਪਹਿਲਾਂ ਕੀਤੇ ਐਲਾਨ ਦੇ ਮੱਦੇਨਜ਼ਰ ਕਿਸਾਨ ਅੰਦੋਲਨ ਦੇ ਅਗਲੇਰੇ ਕਦਮ ਬਾਰੇ ਫੈਸਲਾ ਕਰਨ ਲਈ ਅਗਲੀ ਮੀਟਿੰਗ 4 ਦਸੰਬਰ ਨੂੰ ਕੀਤੀ ਜਾਵੇਗੀ। ਦੱਸ ਦਈਏ ਕਿ ਇਹ ਮੀਟਿੰਗ ਪਹਿਲਾਂ 4 ਦਸੰਬਰ ਨੂੰ ਹੋਣੀ ਸੀ, ਪਰ ਅੱਧ ਵਿਚਕਾਰ 1 ਦਸੰਬਰ ਦੀ ਤਰੀਕ ਦਾ ਐਲਾਨ ਕਰ ਦਿੱਤਾ ਗਿਆ। ਇਸ ਬਾਰੇ ਲਗਾਤਾਰ ਭੰਬਲਭੂਸਾ ਬਣਿਆ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਵਿਚਾਲੇ ਕਈ ਵਾਰ ਮਤਭੇਦ ਸਾਹਮਣੇ ਆ ਚੁੱਕੇ ਹਨ, ਅਜਿਹੇ ‘ਚ ਭੰਬਲਭੂਸੇ ਦੀ ਸਥਿਤੀ ਬਣੀ ਹੋਈ ਹੈ।ਮੀਟਿੰਗ ਦਾ ਮੁਲਤਵੀ ਹੋਣਾ ਵੀ ਭੰਬਲਭੂਸੇ ਦਾ ਕਾਰਨ ਹੈ। ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਬਾਅਦ ਹੁਣ ਘੱਟੋ-ਘੱਟ ਸਮਰਥਨ ਮੁੱਲ ਸਮੇਤ 6 ਮੰਗਾਂ ਨੂੰ ਲੈ ਕੇ ਦਿੱਲੀ-ਐਨਸੀਆਰ ਦੀਆਂ ਚਾਰ ਸਰਹੱਦਾਂ (ਟਿਕਰੀ, ਸ਼ਾਹਜਹਾਂਪੁਰ, ਸਿੰਘੂ ਅਤੇ ਗਾਜ਼ੀਪੁਰ) ‘ਤੇ ਧਰਨਾ ਪ੍ਰਦਰਸ਼ਨ ਸ਼ੁਰੂ ਹੋ ਗਿਆ ਹੈ।ਇਸ ਦੇ ਨਾਲ ਹੀ ਮੀਟਿੰਗ ਨੂੰ ਲੈ ਕੇ ਪੈਦਾ ਹੋਈ ਗਲਤਫਹਿਮੀ ਸਬੰਧੀ ਕਿਸਾਨ ਆਗੂ ਦਰਸ਼ਨ ਪਾਲ ਨੇ ਮੀਡੀਆ ਦੇ ਸਾਹਮਣੇ ਆਉਂਦਿਆਂ ਦੱਸਿਆ ਕਿ ਬੁੱਧਵਾਰ ਨੂੰ 32 ਕਿਸਾਨ ਜਥੇਬੰਦੀਆਂ ਅਤੇ ਉਨ੍ਹਾਂ ਲੋਕਾਂ ਦੀ ਮੀਟਿੰਗ ਬੁਲਾਈ ਗਈ ਹੈ ਜੋ ਸਰਕਾਰ ਨਾਲ ਗੱਲਬਾਤ ਲਈ ਜਾਂਦੇ ਸਨ। ਗ਼ਲਤੀ ਨਾਲ ਐਲਾਨ ਹੋ ਗਿਆ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੈ। ਸਾਡੇ ਲੋਕਾਂ ‘ਤੇ ਦਰਜ ਮਾਮਲਿਆਂ, ਐਮਐਸਪੀ ਦੀ ਕਮੇਟੀ ਦੇ ਮੁੱਦੇ ‘ਤੇ ਚਰਚਾ ਹੋਵੇਗੀ।ਦੱਸਿਆ ਜਾ ਰਿਹਾ ਹੈ ਕਿ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ 4 ਦਸੰਬਰ ਨੂੰ ਹੋਣ ਵਾਲੀ ਇਹ ਅਹਿਮ ਮੀਟਿੰਗ ਦਿੱਲੀ-ਹਰਿਆਣਾ ਦੇ ਸਿੰਘੂ ਬਾਰਡਰ ‘ਤੇ ਹੋਵੇਗੀ। ਇਸ ਮੀਟਿੰਗ ‘ਚ ਪ੍ਰਧਾਨ ਮੰਤਰੀ ਨੂੰ ਲਿਖੇ ਪੱਤਰ ਵਿੱਚ ਉਠਾਏ ਗਏ ਵੱਖ-ਵੱਖ ਨੁਕਤਿਆਂ ਤੇ ਭਵਿੱਖ ਵਿੱਚ ਲਏ ਜਾਣ ਵਾਲੇ ਫੈਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਦੌਰਾਨ ਹਰਿਆਣਾ ਦੀਆਂ ਜਥੇਬੰਦੀਆਂ ਅੱਜ ਨਵੀਂ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਕਰ ਰਹੀਆਂ ਹਨ।