ਭਾਰਤ ਦੇ ਕੇਂਦਰੀ ਰੇਲ ਰਾਜ ਤੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਰਵਨੀਤ ਬਿੱਟੂ ਨੇ ਜੇਲ੍ਹ ਵਿੱਚ ਬੰਦ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਅੰਤਰਿਮ ਪੈਰੋਲ ਦੇਣ ਦੀ ਜਨਤਕ ਤੌਰ ’ਤੇ ਵਕਾਲਤ ਕੀਤੀ ਹੈ। ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਆਮ ਆਦਮੀ ਪਾਰਟੀ (ਆਪ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ’ਤੇ ਸਿੰਘ ਦੀ ਪੈਰੋਲ ਅਰਜ਼ੀ ਵਿੱਚ ਅੜਿੱਕੇ ਡਾਹੁਣ ਦਾ ਦੋਸ਼ ਲਗਾਇਆ। ਬਿੱਟੂ ਨੇ ਬਾਰਾਮੂਲਾ ਤੋਂ ਲੋਕ ਸਭਾ ਮੈਂਬਰ ਅਬਦੁਲ ਰਾਸ਼ਿਦ ਸ਼ੇਖ਼ (ਉਰਫ਼ ਇੰਜਨੀਅਰ ਰਾਸ਼ਿਦ) ਨਾਲ ਤੁਲਨਾ ਕਰਦਿਆਂ ਕਿਹਾ, ‘‘ਪੰਜਾਬ ਸਰਕਾਰ ਜਾਣਬੁੱਝ ਕੇ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਨੂੰ ਪੈਰੋਲ ਦੇਣ ਤੋਂ ਇਨਕਾਰ ਕਰ ਰਹੀ ਹੈ। ਜੇਕਰ ਜੰਮੂ-ਕਸ਼ਮੀਰ ਦੇ ਸੰਸਦ ਮੈਂਬਰ ਇੰਜਨੀਅਰ ਰਾਸ਼ਿਦ ਨੂੰ ਗੰਭੀਰ ਦੋਸ਼ਾਂ ਦੇ ਬਾਵਜੂਦ ਸੈਸ਼ਨਾਂ ਵਿੱਚ ਸ਼ਾਮਲ ਹੋਣ ਲਈ ਹਿਰਾਸਤੀ ਪੈਰੋਲ ਦਿੱਤੀ ਜਾ ਸਕਦੀ ਹੈ, ਤਾਂ ਅੰਮ੍ਰਿਤਪਾਲ ਸਿੰਘ ਨੂੰ ਵੀ ਇਹੀ ਸਹੂਲਤ ਕਿਉਂ ਨਹੀਂ ਦਿੱਤੀ ਜਾਂਦੀ? ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਦੀ ਆਵਾਜ਼ ਸੰਸਦ ਵਿੱਚ ਕੌਣ ਉਠਾਏਗਾ ਜੇਕਰ ਉਨ੍ਹਾਂ ਦੇ ਚੁਣੇ ਹੋਏ ਸੰਸਦ ਮੈਂਬਰ ਨਹੀਂ?’’ ਬਿੱਟੂ ਨੇ ਕਿਹਾ ਕਿ ਰਾਸ਼ਿਦ ਅਤਿਵਾਦ-ਵਿੱਤੀ ਫੰਡਿੰਗ ਦੇ ਦੋਸ਼ਾਂ ਦਾ ਸਾਹਮਣਾ ਕਰਦੇ ਹੋਏ ਅੰਤਰਿਮ ਜ਼ਮਾਨਤ ’ਤੇ ਸੈਸ਼ਨਾਂ ਵਿੱਚ ਹਾਜ਼ਰੀ ਭਰ ਰਿਹਾ ਹੈ।
ਸ੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਇਸ ਵੇਲੇ ਸਖ਼ਤ ਕੌਮੀ ਸੁਰੱਖਿਆ ਕਾਨੂੰਨ ਤਹਿਤ ਅਸਾਮ ਦੀ ਡਿਬਰੂਗੜ੍ਹ ਕੇਂਦਰੀ ਜੇਲ੍ਹ ਵਿੱਚ ਨਜ਼ਰਬੰਦ ਹੈ। ਬਿੱਟੂ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ। ਬਿੱਟੂ ਦਾ ਇਹ ਰੁਖ਼ ਪੰਜਾਬ ਵਿੱਚ ਜ਼ਮੀਨ ਤਲਾਸ਼ ਰਹੀ ਭਾਜਪਾ ਦੀ ਰਣਨੀਤਕ ਪੇਸ਼ਬੰਦੀਆਂ ਦਾ ਸੰਕੇਤ ਹੋ ਸਕਦਾ ਹੈ, ਜਿੱਥੇ ਪਾਰਟੀ ਕੋਲ 117 ਮੈਂਬਰੀ ਰਾਜ ਵਿਧਾਨ ਸਭਾ ਵਿੱਚ ਕੋਈ ਸੀਟ ਨਹੀਂ ਹੈ ਅਤੇ ‘ਆਪ’ ਸਰਕਾਰ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਹੈ।
ਬਿੱਟੂ ਵੱਲੋਂ ਅੰਮ੍ਰਿਤਪਾਲ ਲਈ ਅੰਤਰਿਮ ਪੈਰੋਲ ਦੀ ਵਕਾਲਤ ਉਨ੍ਹਾਂ ਦੇ ਪਿਛਲੇ ਬਿਆਨਾਂ ਤੋਂ ਬਿਲਕੁਲ ਉਲਟ ਹੈ। 2024 ਦੀਆਂ ਚੋਣਾਂ ਦੌਰਾਨ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਹੋਣ ਦੇ ਨਾਤੇ ਬਿੱਟੂ ਨੇ ਸਿੰਘ ਨੂੰ ਪੰਜਾਬ ਦੀ ਸ਼ਾਂਤੀ ਲਈ ਖ਼ਤਰਾ ਦੱਸਿਆ ਸੀ। ਉਨ੍ਹਾਂ ਵੋਟਰਾਂ ਨੂੰ ਚੇਤਾਵਨੀ ਦਿੱਤੀ ਸੀ ਕਿ ‘ਅੰਮ੍ਰਿਤਪਾਲ ਸਿੰਘ ਵਰਗੇ ਲੋਕ ਸ਼ਾਂਤੀ ਪਸੰਦ ਲੋਕਾਂ ਨੂੰ ਪੰਜਾਬ ਵਿੱਚ ਨਹੀਂ ਰਹਿਣ ਦੇਣਗੇ।’’ ਬਿੱਟੂ ਪੰਜਾਬ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦਾ ਪੋਤਰਾ ਹੈ, ਜਿਨ੍ਹਾਂ ਦੀ 1995 ਵਿੱਚ ਖਾਲਿਸਤਾਨੀ ਅਤਿਵਾਦੀਆਂ ਨਾਲ ਜੁੜੇ ਇੱਕ ਆਤਮਘਾਤੀ ਬੰਬਾਰ ਨੇ ਹੱਤਿਆ ਕਰ ਦਿੱਤੀ ਗਈ ਸੀ।