ਅੱਧੀ ਸਦੀ ਤੋਂ ਵੱਧ ਸਮੇਂ ਬਾਅਦ ਮਨੁੱਖ ਇੱਕ ਵਾਰ ਫਿਰ ਚੰਦ ਉਪਰ ਜਾਣ ਦੇ ਲਈ ਤਿਆਰ ਹੈ। ਨਾਸਾ ਨੇ ਇਤਿਹਾਸਕ ਸਪੇਸ ਯਾਤਰਾ ਆਰਟੇਮਿਸ II ਮਿਸ਼ਨ ਲਈ ਲਾਂਚ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ। ਚਾਰ ਪੁਲਾੜ ਯਾਤਰੀ ਅੱਜ ਬੁੱਧਵਾਰ 1 ਅਪ੍ਰੈਲ 2026, ਸ਼ਾਮ ਨੂੰ 32-ਮੰਜ਼ਿਲਾ ਸਪੇਸ ਲਾਂਚ ਸਿਸਟਮ ਰਾਕੇਟ ‘ਤੇ ਸਵਾਰ ਹੋ ਕੇ ਚੰਦਰਮਾ ਦੀ ਪਰਿਕ੍ਰਮਾ ਕਰਨ ਲਈ ਜਾਣਗੇ।
ਆਰਟੇਮਿਸ II ਸਮੇਸ ਮਿਸ਼ਨ ਅੱਜ ਬੁੱਧਵਾਰ, 1 ਅਪ੍ਰੈਲ ਨੂੰ ਸ਼ਾਮ 6:24 ਵਜੇ (ਅਮਰੀਕਨ ਸਮੇਂ) ਅਮਰੀਕਾ ਦੇ ਫਲੋਰੀਡਾ ਸਥਿਤ ਕੈਨੇਡੀ ਸਪੇਸ ਸੈਂਟਰ ਤੋਂ ਲਾਂਚ ਹੋਣ ਵਾਲਾ ਹੈ। ਇਹ ਮਿਸ਼ਨ ਨਾਸਾ ਦੇ ਪੁਲਾੜ ਯਾਤਰੀਆਂ ਰੀਡ ਵਾਈਜ਼ਮੈਨ, ਵਿਕਟਰ ਗਲੋਵਰ, ਕ੍ਰਿਸਟੀਨਾ ਕੋਚ ਅਤੇ ਸੀਐਸਏ (ਕੈਨੇਡੀਅਨ ਸਪੇਸ ਏਜੰਸੀ) ਦੇ ਪੁਲਾੜ ਯਾਤਰੀ ਜੇਰੇਮੀ ਹੈਨਸਨ ਨੂੰ ਚੰਦਰਮਾ ਦੇ ਆਲੇ-ਦੁਆਲੇ ਲਗਭਗ 10 ਦਿਨਾਂ ਦੀ ਯਾਤਰਾ ‘ਤੇ ਭੇਜੇਗਾ। ਇਸ ਸਮੇਸ ਮਿਸ਼ਨ ਦੀ ਲਾਈਵ ਕਵਰੇਜ ਸਵੇਰੇ 7:45 ਵਜੇ ਸ਼ੁਰੂ ਹੋ ਜਾਵੇਗੀ।
ਆਰਟੇਮਿਸ II ਮਿਸ਼ਨ ਲਈ ਜਾਣ ਵਾਲੇ ਇਹ ਚਾਰ ਪੁਲਾੜ ਯਾਤਰੀ, ਸਾਲ 1972 ਵਿੱਚ ਅਪੋਲੋ 17 ਮਿਸ਼ਨ ਤੋਂ ਬਾਅਦ ਚੰਦ ਦੀ ਯਾਤਰਾ ਕਰਨ ਵਾਲੇ ਪਹਿਲੇ ਮਨੁੱਖ ਹੋਣਗੇ। ਇਸ ਮਿਸ਼ਨ ਦੇ ਤਹਿਤ ਇਹ ਪੁਲਾੜ ਯਾਤਰੀ ਚੰਦ ਦੀ ਪਰਿਕਰਮਾ ਕਰਨਗੇ ਪਰ ਉਹ ਸਤ੍ਹਾ ‘ਤੇ ਨਹੀਂ ਉਤਰਣਗੇ ਅਤੇ ਨਾ ਹੀ ਪੰਧ ਵਿੱਚ ਰਹਿਣਗੇ। ਉਹ ਚੰਦ ਦੀ ਪਰਿਕਰਮਾ ਕਰਨ ਤੋਂ ਬਾਅਦ ਸਿੱਧੇ ਧਰਤੀ ‘ਤੇ ਵਾਪਸ ਆਉਣਗੇ।
ਨਾਸਾ ਦੇ ਸੀਨੀਅਰ ਟੈਸਟ ਡਾਇਰੈਕਟਰ ਜੈਫ ਸਪੌਲਡਿੰਗ ਨੇ ਮਿਸ਼ਨ ਦੀ ਮਹੱਤਤਾ ‘ਤੇ ਜ਼ੋਰ ਦਿੰਦੇ ਹੋਏ ਕਿਹਾ, “ਹਰ ਕੋਈ ਬਹੁਤ ਉਤਸ਼ਾਹਿਤ ਹੈ ਅਤੇ ਇਸ ਲਾਂਚ ਦੀ ਮਹੱਤਤਾ ਨੂੰ ਸਮਝਦਾ ਹੈ।”
ਵਰਨਣਯੋਗ ਹੈ ਕਿ ਆਰਟੇਮਿਸ II ਮਿਸ਼ਨ ਲਾਂਚ ਦੇ ਨੇੜੇ ਜਾਣ ਲਈ ਇਹ ਨਾਸਾ ਦਾ ਸਭ ਤੋਂ ਵੱਡਾ ਯਤਨ ਹੈ। ਪਹਿਲਾਂ, ਹਾਈਡ੍ਰੋਜਨ ਬਾਲਣ ਲੀਕ ਹੋਣ ਕਾਰਨ ਉਡਾਣ ਫਰਵਰੀ ਤੋਂ ਮਾਰਚ ਤੱਕ ਮੁਲਤਵੀ ਕਰ ਦਿੱਤੀ ਗਈ ਸੀ। ਬਾਅਦ ਵਿੱਚ ਹੀਲੀਅਮ ਲਾਈਨਾਂ ਵਿੱਚ ਵਿਘਨ ਪੈਣ ਕਾਰਨ ਇਸਨੂੰ ਅਪ੍ਰੈਲ ਤੱਕ ਲੇਟ ਅਤੇ ਕਰ ਦਿੱਤਾ ਗਿਆ ਸੀ।