ਐਡਲੇਡ ਯੂਨੀਵਰਸਿਟੀ ਵੱਲੋਂ ਜਾਰੀ ਕੀਤੀ ਇੱਕ ਮਹੱਤਵਪੂਰਣ ਰਿਪੋਰਟ ਨੇ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਵਿੱਚ ਵਰਕਰਾਂ ਦੀ ਮਾਨਸਿਕ ਸੁਰੱਖਿਆ ਅਤੇ ਭਲਾਈ ਬਾਰੇ ਗੰਭੀਰ ਚਿੰਤਾ ਜਤਾਈ ਹੈ। ਇਹ ਅਧਿਐਨ ਆਸਟ੍ਰੇਲੀਅਨ ਰਿਸਰਚ ਕੌਂਸਲ (ARC) ਦੀ ਮਦਦ ਨਾਲ ਕੀਤਾ ਗਿਆ ਹੈ।
ਰਿਪੋਰਟ ਮੁਤਾਬਕ ਦੇਸ਼ ਦੀਆਂ 42 ਵਿੱਚੋਂ 36 ਯੂਨੀਵਰਸਿਟੀਆਂ ਵਿੱਚ ਮਾਨਸਿਕ ਸੁਰੱਖਿਆ ਨਾਲ ਜੁੜੇ ਉੱਚ ਜਾਂ ਬਹੁਤ ਉੱਚ ਖਤਰੇ ਮਿਲੇ ਹਨ। ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਤਿੰਨ ਯੂਨੀਵਰਸਿਟੀਆਂ ਹਨ – ਚਾਰਲਜ਼ ਡਾਰਵਿਨ ਯੂਨੀਵਰਸਿਟੀ, ਯੂਨੀਵਰਸਿਟੀ ਆਫ ਨਿਊ ਸਾਊਥ ਵੇਲਜ਼ ਅਤੇ ਯੂਨੀਵਰਸਿਟੀ ਆਫ ਕੁਈਨਜ਼ਲੈਂਡ।
ਰਿਪੋਰਟ ਦੇ ਮੁੱਖ ਨਤੀਜੇ ਇਹ ਹਨ:
- 80% ਤੋਂ ਵੱਧ ਸਟਾਫ ਨੇ ਕਿਹਾ ਕਿ ਉਹ ਭਾਵਨਾਤਮਕ ਥਕਾਵਟ ਦਾ ਸ਼ਿਕਾਰ ਹਨ।
- ਸਾਰੀਆਂ ਯੂਨੀਵਰਸਿਟੀਆਂ ਵਿੱਚ ਮਾਨਸਿਕ ਸੁਰੱਖਿਆ ਦੇ ਉੱਚ ਖਤਰੇ ਦਰਜ ਕੀਤੇ ਗਏ।
- 75% ਤੋਂ ਵੱਧ ਕਰਮਚਾਰੀਆਂ ਨੇ ਕਿਹਾ ਕਿ ਮਾਨਸਿਕ ਖਤਰੇ ਵੱਧ ਰਹੇ ਹਨ।
- 73% ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀ ਮਾਨਸਿਕ ਸਿਹਤ ਦੇ ਖਤਰੇ ਦੀ ਢੰਗ ਨਾਲ ਨਿਗਰਾਨੀ ਨਹੀਂ ਹੁੰਦੀ।
ਇਸ ਰਿਪੋਰਟ ਦੇ ਮੁੱਖ ਖੋਜਕਾਰ ਪ੍ਰੋਫੈਸਰ ਮੌਰੀਨ ਡੋਲਾਰਡ ਨੇ ਕਿਹਾ ਹੈ ਕਿ, ‘ਨਤੀਜੇ ਚਿੰਤਾਜਨਕ ਹਨ, ਪਰ ਇਹ ਯੂਨੀਵਰਸਿਟੀਆਂ ਲਈ ਸੁਧਾਰ ਦਾ ਮੌਕਾ ਵੀ ਹਨ। ਉਨ੍ਹਾਂ ਨੇ ਕਿਹਾ ਕਿ ਸਾਲਾਂ ਤੋਂ ਵੱਧਦਾ ਕੰਮ ਦਾ ਬੋਝ, ਨੌਕਰੀ ਦੀ ਅਸੁਰੱਖਿਆ, ਫੰਡਾਂ ਵਿੱਚ ਕਟੌਤੀ ਅਤੇ ਪ੍ਰਬੰਧਕੀ ਦਬਾਅ ਕਾਰਨ ਹਾਲਾਤ ਖਰਾਬ ਹੋਏ ਹਨ। ਸਟਾਫ ਹੀ ਸਿੱਖਿਆ, ਰਿਸਰਚ ਅਤੇ ਵਿਦਿਆਰਥੀਆਂ ਦੀ ਸਹਾਇਤਾ ਦੀ ਰੀੜ ਦੀ ਹੱਡੀ ਹਨ, ਪਰ ਉਨ੍ਹਾਂ ਦੀ ਮਾਨਸਿਕ ਸਿਹਤ ਨੂੰ ਲੰਬੇ ਸਮੇਂ ਤੋਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਜੇ ਤੁਰੰਤ ਕਦਮ ਨਾ ਚੁੱਕੇ ਗਏ ਤਾਂ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਭਾਵਿਤ ਹੋ ਸਕਦੀ ਹੈ।”
ਐਡਲੇਡ ਯੂਨੀਵਰਸਿਟੀ ਦੀ ਵਾਈਸ-ਚਾਂਸਲਰ ਪ੍ਰੋਫੈਸਰ ਨਿਕੋਲਾ ਫਿਲਿਪਸ ਨੇ ਕਿਹਾ ਕਿ ਨਵੀਂ ਯੂਨੀਵਰਸਿਟੀ ਵਜੋਂ ਉਹ ਸ਼ੁਰੂ ਤੋਂ ਹੀ ਸਟਾਫ ਦੀ ਭਲਾਈ ਨੂੰ ਤਰਜੀਹ ਦੇਣਗੇ ਅਤੇ ਸਿਹਤਮੰਦ ਕੰਮਕਾਜੀ ਮਾਹੌਲ ਬਣਾਉਣ ਲਈ ਵਚਨਬੱਧ ਹਨ”।
ਇਹ ਸਰਵੇਖਣ 42 ਯੂਨੀਵਰਸਿਟੀਆਂ ਦੇ 11,500 ਤੋਂ ਵੱਧ ਕਰਮਚਾਰੀਆਂ ਦੀ ਰਾਏ ‘ਤੇ ਆਧਾਰਿਤ ਹੈ। ਆਸਟ੍ਰੇਲੀਆ ਦੇ ਕਾਨੂੰਨਾਂ ਅਨੁਸਾਰ ਯੂਨੀਵਰਸਿਟੀਆਂ ਲਈ ਕਰਮਚਾਰੀਆਂ ਦੇ ਮਾਨਸਿਕ ਖਤਰਿਆਂ ਨੂੰ ਰੋਕਣਾ ਅਤੇ ਸੰਭਾਲਣਾ ਲਾਜ਼ਮੀ ਹੈ। ਰਿਪੋਰਟ ਨੇ ਸਾਫ ਕੀਤਾ ਹੈ ਕਿ ਮਾਨਸਿਕ ਸੁਰੱਖਿਆ ਸਿਰਫ ਇੱਕ ਯੂਨੀਵਰਸਿਟੀ ਦੀ ਨਹੀਂ, ਸਗੋਂ ਪੂਰੇ ਖੇਤਰ ਦੀ ਸਮੱਸਿਆ ਹੈ ਅਤੇ ਇਸ ਲਈ ਸਾਂਝੇ ਯਤਨਾਂ ਦੀ ਲੋੜ ਹੈ।