ਗਾਜ਼ਾ – ਇਸਰਾਈਲ ਵਲੋਂ ਕੱਟੜਪੰਥੀ ਸਮੂਹ ਹਮਾਸ ਨੂੰ ਖ਼ਤਮ ਕਰਨ ਲਈ ਗਾਜ਼ਾ ਵਿੱਚ ਸ਼ੁਰੂ ਕੀਤੀ ਜੰਗ ਵਿੱਚ ਹੁਣ ਤਕ 20,000 ਤੋਂ ਵੱਧ ਫ਼ਲਸਤੀਨੀ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ। ਗਾਜ਼ਾ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।
ਇਸ ਦੌਰਾਨ ਇਜ਼ਰਾਈਲ ਨੇ ਗਾਜ਼ਾ ’ਚ ਹਮਲੇ ਤੇਜ਼ ਕਰ ਦਿੱਤੇ ਹਨ ਅਤੇ ਲੱਖਾਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖ਼ਿਅਤ ਥਾਵਾਂ ’ਤੇ ਜਾਣ ਲਈ ਕਿਹਾ ਗਿਆ ਹੈ। ਗਾਜ਼ਾ ਵਿੱਚ ਮੌਤਾਂ ਯੁੱਧ ਤੋਂ ਪਹਿਲਾਂ ਖੇਤਰ ਦੀ ਆਬਾਦੀ ਦਾ ਲੱਗਭਗ ਇੱਕ ਪ੍ਰਤੀਸ਼ਤ ਦਰਸਾਉਂਦੀਆਂ ਹਨ। ਇਜ਼ਰਾਈਲ ਅਤੇ ਹਮਾਸ ਵਿੱਚਾਲੇ ਪਿਛਲੇ 11 ਹਫ਼ਤਿਆਂ ਤੋਂ ਚੱਲ ਰਹੀ ਜੰਗ ’ਚ ਮਰਨ ਵਾਲਿਆਂ ਦੀ ਇਹ ਗਿਣਤੀ ਹੈਰਾਨ ਕਰਨ ਵਾਲੀ ਹੈ। ਇਜ਼ਰਾਈਲ ਦਾ ਹਵਾਈ ਅਤੇ ਜ਼ਮੀਨੀ ਹਮਲਾ ਹਾਲ ਹੀ ਦੇ ਇਤਿਹਾਸ ਵਿੱਚ ਸਭ ਤੋਂ ਵਿਨਾਸ਼ਕਾਰੀ ਫ਼ੌਜੀ ਕਾਰਵਾਈਆਂ ਵਿੱਚੋਂ ਇੱਕ ਰਿਹਾ ਹੈ, ਜਿਸ ਨਾਲ ਗਾਜ਼ਾ ਦੀ 2.3 ਮਿਲੀਅਨ ਦੀ ਆਬਾਦੀ ਦੇ 85 ਪ੍ਰਤੀਸ਼ਤ ਨੂੰ ਸੁਰੱਖ਼ਿਅਤ ਸਥਾਨਾਂ ਵਿੱਚ ਸ਼ਰਨ ਲੈਣ ਲਈ ਮਜਬੂਰ ਕੀਤਾ ਗਿਆ ਹੈ।
ਸੰਯੁਕਤ ਰਾਸ਼ਟਰ ਅਤੇ ਹੋਰ ਏਜੰਸੀਆਂ ਦੁਆਰਾ ਵੀਰਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ, ਗਾਜ਼ਾ ਵਿੱਚ 5 ਲੱਖ ਤੋਂ ਵੱਧ ਲੋਕ ਭੁੱਖਮਰੀ ਦਾ ਸਾਹਮਣਾ ਕਰ ਰਹੇ ਹਨ। ਇਜ਼ਰਾਈਲ ’ਚ 7 ਅਕਤੂਬਰ ਨੂੰ ਹੋਏ ਹਮਲੇ ’ਚ ਹਮਾਸ ਨੇ ਕਰੀਬ 1200 ਲੋਕਾਂ ਦੀ ਹੱਤਿਆ ਕਰ ਦਿੱਤੀ ਸੀ ਅਤੇ ਕਰੀਬ 240 ਲੋਕਾਂ ਨੂੰ ਅਗਵਾ ਕਰ ਲਿਆ ਸੀ। ਇਜ਼ਰਾਈਲ ਨੇ ਉਦੋਂ ਤਕ ਲੜਾਈ ਜਾਰੀ ਰੱਖਣ ਦਾ ਸੰਕਲਪ ਲਿਆ ਹੈ ਜਦੋਂ ਤਕ ਹਮਾਸ ਨੂੰ ਤਬਾਹ ਨਹੀਂ ਕੀਤਾ ਜਾਂਦਾ ਅਤੇ ਗਾਜ਼ਾ ਵਿੱਚ ਸੱਤਾ ਤੋਂ ਹਟਾਇਆ ਜਾਂਦਾ ਹੈ ਅਤੇ ਸਾਰੇ ਬੰਧਕਾਂ ਨੂੰ ਆਜ਼ਾਦ ਨਹੀਂ ਕਰ ਦਿੱਤਾ ਜਾਂਦਾ ਹੈ।