ਇਟਲੀ – ਇਟਲੀ ਕੋਰੋਨਾ ਵਾਇਰਸ ਦੀ ਸ਼ੁਰੂਆਤ ਵਿੱਚ ਦੁਨੀਆ ਦਾ ਦੂਜਾ ਅਜਿਹਾ ਦੇਸ਼ ਬਣ ਕੇ ਸਾਹਮਣੇ ਆਇਆ ਸੀ ਕਿ ਜਿੱਥੇ ਚੀਨ ਦੇ ਵੁਹਾਨ ਸ਼ਹਿਰ ਤੋਂ ਬਾਅਦ ਸਭ ਤੋਂ ਵੱਧ ਕੋਰੋਨਾ ਦੇ ਮਾਮਲੇ ਦਰਜ ਹੁੰਦੇ ਸਨ।ਉਸ ਸਮੇਂ ਇਟਲੀ ਦੇ ਹਾਲਾਤ ਨੂੰ ਦੇਖ ਕੇ ਇਹ ਮਹਿਸੂਸ ਹੁੰਦਾ ਸੀ ਕਿ ਪਤਾ ਨੀ ਕੀ ਹੋਵੇਗਾ ਕਿਉਂਕਿ ਉਸ ਸਮੇਂ ਇਟਲੀ ਵਿੱਚ ਮੌਤ ਦਰ ਅਤੇ ਕੋਰੋਨਾ ਮਹਾਮਾਰੀ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਸੀ।ਭਾਵੇਂ ਹੌਲੀ-ਹੌਲੀ ਇਟਲੀ ਵਿੱਚ ਹਾਲਾਤ ‘ਚ ਸੁਧਾਰ ਹੋ ਗਿਆ ਹੈ ਪਰ ਸਰਕਾਰ ਹੁਣ ਵੀ ਬਹੁਤ ਹੀ ਸੋਚ ਸਮਝ ਕੇ ਪੈਰ ਰੱਖ ਰਹੀ ਹੈ ਕਿਉਂਕਿ ਸਰਕਾਰ ਵਲੋਂ ਬੇਸ਼ੱਕ ਤਾਲਾਬੰਦੀ ਨੂੰ ਦੇਸ਼ ਭਰ ਵਿੱਚ ਨਿਜ਼ਾਤ ਦੇ ਦਿੱਤੀ ਹੈ ਪਰ ਸਰਕਾਰ ਵਲੋਂ ਸਖ਼ਤ ਸ਼ਬਦਾਂ ਵਿੱਚ ਕਿਹਾ ਗਿਆ ਹੈ ਕਿ ਦੇਸ਼ ਵਿੱਚ ਕੋਈ ਵੀ ਵਿਅਕਤੀ ਐਂਟੀ ਕੋਵਿਡ ਵੈਕਸੀਨ ਤੋਂ ਵਾਂਝਾ ਨਾ ਰਹੇ ਪਰ ਕੁਝ ਪ੍ਰਤੀਸ਼ਤ ਲੋਕਾਂ ਨੇ ਐਂਟੀ ਕੋਵਿਡ ਵੈਕਸੀਨ ਨਹੀਂ ਲਗਵਾਈ ਅਤੇ ਨਾ ਹੀ ਉਹ ਲਗਾਉਣਾ ਚਾਹੁੰਦੇ ਹਨ।ਇਸੇ ਸਬੰਧ ਵਿੱਚ ਇਟਲੀ ਭਰ ‘ਚ ਸਰਕਾਰ ਦੇ ਇਸ ਫ਼ੈਸਲੇ ਦੇ ਵਿਰੁੱਧ ਬੀਤੇ ਮਹੀਨਿਆਂ ਤੋਂ ਲਗਾਤਾਰ ਵਿਰੋਧ ਹੋ ਰਿਹਾ ਹੈ। ਬੀਤੇ ਦਿਨੀਂ ਰਾਜਧਾਨੀ ਰੋਮ, ਮਿਲਾਨ, ਨਾਪੋਲੀ, ਤਰੈਸਤੇ ਅਤੇ ਤੋਰੀਨੋ ਸਮੇਤ ਹੋਰ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਧਾਨ ਮੰਤਰੀ ਮਾਰੀਓ ਦਰਾਗੀ ਦੀ ਅਗਵਾਈ ਵਾਲੀ ਸਰਕਾਰ ਵਿਰੁੱਧ ਦੇਸ਼ ਦੀਆਂ ਜਥੇਬੰਦੀਆਂ ਅਤੇ ਸੰਸਥਾਵਾਂ ਵਲੋਂ ਸਾਂਝੇ ਤੌਰ ‘ਤੇ ਇੱਕ ਦਿਨ ਦੀ ਪਬਲਿਕ ਟਰਾਂਸਪੋਰਟ ਦੀ ਹੜਤਾਲ ਕਰਕੇ ਭਾਰੀ ਰੋਸ ਪ੍ਰਦਰਸ਼ਨ ਕੀਤੇ ਗਏ। ਰੋਸ ਪ੍ਰਦਰਸ਼ਨ ਵਿੱਚ ਲੋਕਾਂ ਵਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਇੱਕਠੇ ਹੋ ਕੇ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਰੋਸ ਪ੍ਰਦਰਸ਼ਨ ਕੀਤੇ। ਇਸ ਹੜਤਾਲ ਦਾ ਅਸਰ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ।