ਇਨਸਾਨੀ ਗਿਰਝ੍ਹਾਂ।

ਲੇਖਕ: ਬਲਰਾਜ ਸਿੰਘ ਸਿੱਧੂ ਕਮਾਂਡੈਂਟ, ਪੰਡੋਰੀ ਸਿੱਧਵਾਂ

ਜਦੋਂ ਵੀ ਸਮਾਜ ‘ਤੇ ਕੋਈ ਆਫਤ ਟੁੱਟਦੀ ਹੈ ਤਾਂ ਨਾਲ ਦੀ ਨਾਲ ਇਨਸਾਨ ਰੂਪੀ ਗਿਰਝ੍ਹਾਂ ਉਸ ਤੋਂ ਫਾਇਦਾ ਕਮਾਉਣ ਲਈ ਸਰਗਰਮ ਹੋ ਜਾਂਦੀਆਂ ਹਨ। ਇਸ ਵੇਲੇ ਸਾਰਾ ਦੇਸ਼ ਕਰੋਨਾ ਦੇ ਕਹਿਰ ਨਾਲ ਜੂਝ ਰਿਹਾ ਪਰ ਅਨੇਕਾਂ ਕਮੀਨੇ ਲੋਕ ਅਜਿਹੀ ਹਾਲਤ ਵਿੱਚ ਵੀ ਪੀੜਤਾਂ ਦੀ ਮਦਦ ਕਰਨ ਦੀ ਬਜਾਏ ਮਰੀਜ਼ਾਂ ਦੇ ਇਲਾਜ ਲਈ ਬੇਹੱਦ ਜਰੂਰੀ ਆਕਸੀਜਨ ਅਤੇ ਰੈਮੀਡੀਸੀਵੀਅਰ ਦਵਾਈ ਦੀ ਕਾਲਾਬਜ਼ਾਰੀ ਕਰਨ ਵਿੱਚ ਰੁੱਝੇ ਹੋਏ ਹਨ। ਇੱਕ ਪਾਸੇ ਤਾਂ ਉੱਤਰ ਪ੍ਰਦੇਸ਼ ਦੇ ਇੱਕ ਗੁਰਦਵਾਰੇ ਅਤੇ ਕਈ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਆਕਸੀਜਨ ਦੇ ਫਰੀ ਲੰਗਰ ਲਗਾਏ ਜਾਣ ਦੀਆਂ ਖਬਰਾਂ ਆ ਰਹੀਆਂ ਹਨ ਤੇ ਦੂਸਰੇ ਪਾਸੇ ਅੱਠ ਦਸ ਹਜ਼ਾਰ ਦੀ ਕੀਮਤ ਵਾਲਾ ਆਕਸੀਜਨ ਦਾ ਸਿਲੰਡਰ ਲੱਖ ਰੁਪਏ ਅਤੇ ਤਿੰਨ ਚਾਰ ਹਜ਼ਾਰ ਦੀ ਕੀਮਤ ਵਾਲਾ ਰੈਮਡੈਸੀਵੀਅਰ ਦਾ ਟੀਕਾ ਪੈਂਤੀ ਚਾਲੀ ਹਜ਼ਾਰ ਤੱਕ ਵੇਚਣ ਵਰਗੀਆਂ ਘਟੀਆ ਕਰਤੂਤਾਂ ਕੀਤੀਆਂ ਜਾ ਰਹੀਆਂ ਹਨ। ਮਰਨ ਕਿਨਾਰੇ ਪਏ ਆਪਣੇ ਪਿਆਰਿਆਂ ਨੂੰ ਬਚਾਉਣ ਖਾਤਰ ਵਾਰਸ ਕੋਈ ਵੀ ਕੀਮਤ ਦੇਣ ਨੂੰ ਤਿਆਰ ਹਨ। ਪਰ ਕਾਲਾਬਜ਼ਾਰੀ ਕਰਨ ਵਾਲਿਆਂ ਲਈ ਇਨਸਾਨੀ ਜਾਨ ਦੀ ਕੋਈ ਕੀਮਤ ਨਹੀਂ ਹੈ, ਇਹ ਸਿਰਫ ਆਪਣਾ ਮੁਨਾਫਾ ਵੇਖਦੇ ਹਨ।
ਭਾਰਤ ਵਿੱਚ ਕਰੋਨਾ ਦੀ ਵੈਕਸੀਨ ਬਣਾਉਣ ਵਾਲੀਆਂ ਸਿਰਫ ਦੋ ਕੰਪਨੀਆਂ, ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਉਟੈੱਕ ਹਨ। ਇਨਸਾਨੀ ਗਿਰਝ੍ਹਾਂ ਦਾ ਰੂਪ ਧਾਰਨ ਕਰਦੇ ਹੋਏ ਤੇ ਮੌਕੇ ਦਾ ਭਰਪੂਰ ਫਾਇਦਾ ੳਠਾਉਣ ਦੀ ਖਾਤਰ ਇਨ੍ਹਾਂ ਦੋਵਾਂ ਕੰਪਨੀਆਂ ਨੇ ਆਪਣੀ ਵੈਕਸੀਨ ਦੇ ਰੇਟ ਬੇਹੱਦ ਵਧਾ ਦਿੱਤੇ ਹਨ। ਸੀਰਮ ਇੰਸਟੀਚਿਊਟ ਨੇ ਆਪਣੇ ਟੀਕੇ ਕੋਵੀਸ਼ੀਲਡ ਦਾ ਰੇਟ ਕੇਂਦਰ ਸਰਕਾਰ ਲਈ 150 ਰੁਪਏ, ਸੂਬਾ ਸਰਕਾਰਾਂ ਲਈ 400 ਰੁਪਏ ਅਤੇ ਪ੍ਰਾਈਵੇਟ ਹਸਪਤਾਲਾਂ ਲਈ 600 ਰੁਪਏ ਪ੍ਰਤੀ ਟੀਕਾ ਅਤੇ ਭਾਰਤ ਬਾਇੳਟੈੱਕ ਨੇ ਆਪਣੇ ਟੀਕੇ ਕੋਵੈਸੀਨ ਦਾ ਰੇਟ ਕੇਂਦਰ ਲਈ 150 ਰੁਪਏ, ਸੂਬਾ ਸਰਕਾਰਾਂ ਲਈ 600 ਰੁਪਏ ਅਤੇ ਪ੍ਰਾਈਵੇਟ ਹਸਪਤਾਲਾਂ ਲਈ 1200 ਰੁਪਏ ਪ੍ਰਤੀ ਟੀਕਾ ਨਿਸ਼ਚਿਤ ਕਰ ਦਿੱਤਾ ਹੈ। ਵੇਖਣ ਨੂੰ ਤਾਂ ਇਹ ਵਾਧਾ ਕੋਈ ਜਿਆਦਾ ਨਹੀਂ ਲੱਗਦਾ ਪਰ ਜਦੋਂ 200 ਕਰੋੜ ਦੇ ਲਗਭਗ ਟੀਕੇ ਖਰੀਦਣੇ ਹੋਣ ਤਾਂ ਉਨ੍ਹਾਂ ਦੀ ਗਿਣਤੀ ਨੂੰ ਇਨ੍ਹਾਂ ਰੇਟਾਂ ਨਾਲ ਗੁਣਾ ਕਰਦਿਆਂ ਜੀਰੋਆਂ ਮੁੱਕ ਜਾਣੀਆਂ ਹਨ ਤੇ ਸਰਕਾਰਾਂ ਨੂੰ ਕਈ ਖਰਬ ਰੁਪਏ ਖਰਚਣੇ ਪੈਣੇ ਹਨ। ਅਜੇ ਕੁਝ ਹਫਤੇ ਪਹਿਲਾਂ ਹੀ ਸੀਰਮ ਦੇ ਮਾਲਕ ਅਧਾਰ ਪੂਨਾਵਾਲਾ ਨੇ ਇੱਕ ਬਿਆਨ ਵਿੱਚ ਦੱਸਿਆ ਸੀ ਕਿ ਭਾਰਤ ਸਰਕਾਰ ਨੂੰ 150 ਰੁਪਏ ਪ੍ਰਤੀ ਟੀਕਾ ਵੇਚ ਕੇ ਵੀ ਉਸ ਦੀ ਕੰਪਨੀ ਭਾਰੀ ਮੁਨਾਫਾ ਕਮਾ ਰਹੀ ਹੈ। ਪਰ ਲੱਗਦਾ ਹੈ ਕਿ ਉਸ ਨੂੰ ਆਪਣੀਆਂ ਆਉਣ ਵਾਲੀਆਂ ਸੱਤਾਂ ਪੀੜ੍ਹੀਆਂ ਦਾ ਫਿਕਰ ਸਤਾ ਰਿਹਾ ਹੈ ਕਿ ਜੇ ਕਰੋਨਾ ਵਾਇਰਸ ਖਤਮ ਹੋ ਗਈ ਤਾਂ ਉਹ ਵਿਚਾਰੇ ਅੱਯਾਸ਼ੀ ਭਰੀ ਜ਼ਿੰਦਗੀ ਕਿਵੇਂ ਬਤੀਤ ਕਰਨਗੇ?
ਅਜਿਹੇ ਲੋਕ ਹਰ ਮੁਸੀਬਤ ਵੇਲੇ ਆਣ ਹਾਜ਼ਰ ਹੁੰਦੇ ਹਨ। ਇਸ ਵੇਲੇ ਪ੍ਰਵਾਸੀ ਮਜ਼ਦੂਰਾਂ ਨੂੰ ਯੂ.ਪੀ. – ਬਿਹਾਰ ਲੈ ਕੇ ਜਾਣ ਵਾਲੀਆਂ ਅਨੇਕਾਂ ਬਿਨਾਂ ਪਰਮਿਟ ਤੋਂ ਬੱਸਾਂ ਚੱਲ ਰਹੀਆਂ ਹਨ ਜੋ ਰੱਜ ਕੇ ਗਰੀਬ ਪ੍ਰਵਾਸੀਆਂ ਖੁੂਨ ਨਿਚੋੜ ਰਹੀਆਂ ਹਨ। ਸਧਾਰਨ ਨਾਲੋਂ ਦੁਗਣਾ ਤਿਗਣਾ ਕਿਰਾਇਆ ਲੈ ਕੇ ਵੀ ਪ੍ਰਵਾਸੀਆਂ ਨੂੰ ਬੱਸਾਂ ਵਿੱਚ ਮੁਰਗਿਆਂ ਵਾਂਗ ਠੂਸ ਕੇ ਲਿਜਾਇਆ ਜਾ ਰਿਹਾ ਹੈ। 2010 ਵੇਲੇ ਜਦੋਂ ਲੱਦਾਖ ਵਿੱਚ ਹੜ੍ਹ ਆਏ ਸਨ ਤਾਂ ਉਥੇ ਫਸੇ ਹੋਏ ਸੈਲਾਨੀਆਂ ਨੂੰ ਕੱਢਣ ਸਮੇਂ ਏਅਰਲਾਈਨਾਂ ਨੇ ਕਮਾਲ ਦੀ ਬੇਸ਼ਰਮੀ ਵਿਖਾਈ ਸੀ। ਲੋਕਾਂ ਦੀ ਮਦਦ ਕਰਨ ਦੀ ਬਜਾਏ ਕਿੰਗਫਿਸ਼ਰ ਅਤੇ ਏਅਰ ਇੰਡੀਆ ਵਰਗੀਆਂ ਕਈ ਕੰਪਨੀਆਂ ਨੇ ਟਿਕਟਾਂ ਦਾ ਰੇਟ ਕਈ ਗੁਣਾ ਵਧਾ ਦਿੱਤਾ ਸੀ। ਉਹ ਗੱਲ ਵੱਖਰੀ ਹੈ ਕਿ ਐਨੀ ਕਮੀਨਗੀ ਵਿਖਾਉਣ ਤੋਂ ਬਾਵਜੂਦ ਵੀ ਕਿੰਗਫਿਸ਼ਰ ਬੰਦ ਹੋ ਚੁੱਕੀ ਹੈ ਤੇ ਏਅਰ ਇੰਡੀਆ ਦੀਵਾਲੀਆ ਹੋਣ ਦੇ ਕਗਾਰ ‘ਤੇ ਹੈ। 1988 ਅਤੇ 1993 ਵਿੱਚ ਪੰਜਾਬ ਵਿੱਚ ਭਿਆਨਕ ਹੜ੍ਹ ਆਏ ਸਨ। ਸਮਾਜ ਸੇਵੀ ਸੰਸਥਾਵਾਂ ਨੇ ਪੀੜਤ ਲੋਕਾਂ ਦੀ ਅਥਾਹ ਸੇਵਾ ਕੀਤੀ ਸੀ ਪਰ ਉਸ ਸਮੇਂ ਵੀ ਜਮ੍ਹਾਂਖੋਰਾਂ ਨੇ ਰੱਜ ਕੇ ਮੁਨਾਫਾ ਕਮਾਇਆ ਸੀ। ਰਾਤੋ ਰਾਤ ਖੰਡ ਪੱਤੀ ਅਤੇ ਹੋਰ ਜਰੂਰੀ ਨਿੱਤ ਪ੍ਰਤੀ ਦੀ ਵਰਤੋਂ ਵਾਲੀਆਂ ਵਸਤੂਆਂ ਦੇ ਰੇਟ ਕਈ ਗੁਣਾ ਚੁੱਕ ਦਿੱਤੇ ਸਨ।
1993 ਵਿੱਚ ਪਟਿਆਲਾ, ਸੰਗਰੂਰ ਅਤੇ ਕਈ ਹੋਰ ਜਿਿਲ੍ਹਆਂ ਵਿੱਚ ਘੱਗਰ ਨਦੀ ਨੇ ਹੜ੍ਹਾਂ ਕਾਰਨ ਤਬਾਹੀ ਮਚਾ ਦਿੱਤੀ ਸੀ। ਮੈਂ ਉਸ ਵੇਲੇ ਇੱਕ ਥਾਣੇ ਵਿੱਚ ਐਸ.ਐਚ.ਉ. ਲੱਗਾ ਹੋਇਆ ਸੀ। ਇੱਕ ਪਾਸੇ ਸਮਾਜ ਸੇਵੀ ਪੀੜਤਾਂ ਲਈ ਮਦਦ ਭੇਜ ਰਹੇ ਸਨ ਪਰ ਦੂਸਰੇ ਪਾਸੇ ਕਈ ਦੁਕਾਨਦਾਰਾਂ ਨੇ ਪ੍ਰਚੂਨ ਵਸਤੂਆਂ ਦੇ ਰੇਟ ਦੂਣੇ ਕਰ ਦਿੱਤੇ ਤੇ ਸਭ ਤੋਂ ਜਰੂਰੀ ਵਸਤੂ ਤਰਪਾਲ ਨੂੰ ਤਾਂ ਬਜ਼ਾਰ ਵਿੱਚੋਂ ਗਾਇਬ ਹੀ ਕਰ ਦਿੱਤਾ ਸੀ। ਜਦੋਂ ਲੋਕਾਂ ਵਿੱਚ ਹਾਹਾਕਾਰ ਮੱਚ ਗਈ ਤਾਂ ਅਸੀਂ ਅਜਿਹੇ ਕਈ ਜਮ੍ਹਾਖੋਰਾਂ ‘ਤੇ ਮੁਕੱਦਮੇ ਦਰਜ਼ ਕੀਤੇ ਤੇ ਕਈਆਂ ਦੀ ਥਾਣੇ ਲਿਆ ਕੇ ਚੰਗੀ ਤਰਾਂ ਸੇਵਾ ਕੀਤੀ, ਤਾਂ ਜਾ ਕੇ ਕਿਤੇ ਹਾਲਾਤ ਵਿੱਚ ਸੁਧਾਰ ਆਇਆ ਸੀ। ਅਜਿਹੇ ਲੋਕਾਂ ਲਈ ਵਰਤਿਆ ਜਾਣ ਵਾਲਾ ਸ਼ਬਦ ਇਨਸਾਨੀ ਗਿਰਝ੍ਹਾਂ (ਹਿਊਮਨ ਵਲਚਰ) ਮੱਧ ਕਾਲ ਸਮੇਂ ਯੂਰਪ ਵਿੱਚ ਸ਼ੁਰੂ ਹੋਇਆ ਸੀ। ਉਸ ਸਮੇਂ ਹਜ਼ਾਰਾਂ ਲੋਕਾਂ ਦੇ ਅਜਿਹੇ ਗਿਰੋਹ ਸਾਰੇ ਯੂਰਪ ਵਿੱਚ ਫੈਲੇ ਹੋਏ ਸਨ ਜੋ ਫੌਜਾਂ ਦੇ ਪਿੱਛੇ ਪਿੱਛੇ ਚੱਲਦੇ ਸਨ। ਮੱਧ ਕਾਲ ਯੂੁਰਪ ਵਿੱਚ ਅਸ਼ਾਂਤੀ ਦਾ ਕਾਲ ਸੀ ਤੇ ਦੇਸ਼ਾਂ ਦਰਮਿਆਨ ਲਗਾਤਾਰ ਯੁੱਧ ਚੱਲ ਰਹੇ ਸਨ। ਜੰਗ ਖਤਮ ਹੋਣ ਤੋਂ ਬਾਅਦ ਇਨਸਾਨੀ ਗਿਰਝ੍ਹਾਂ ਜੰਗ ਦੇ ਮੈਦਾਨ ਵਿੱਚ ਪਹੁੰਚ ਜਾਂਦੀਆਂ ਤੇ ਜ਼ਖਮੀ ਫੌਜੀਆਂ ਦੀ ਸਾਂਭ ਸੰਭਾਲ ਅਤੇ ਮ੍ਰਿਤਕਾਂ ਨੂੰ ਦਫਨਾਉਣ ਵਿੱਚ ਮਦਦ ਕਰਨ ਦੇ ਬਹਾਨੇ ਉਨ੍ਹਾਂ ਦਾ ਸਮਾਨ ਚੋਰੀ ਕਰ ਲੈਂਦੀਆਂ ਸਨ। ਫਰਾਂਸ ਦੇ ਬਾਦਸ਼ਾਹ ਲੂਈ ਚੌਧਵੇਂ (ਸ਼ਾਸ਼ਨ 1643 ਤੋਂ 1715 ਈਸਵੀ) ਸਮੇਂ ਇਹ ਵਰਤਾਰਾ ਐਨਾ ਵਧ ਗਿਆ ਸੀ ਕਿ ਇਸ ਦੀ ਰੋਕਥਾਮ ਲਈ ਫਰਾਂਸ ਦੀ ਫੌਜ ਨੇ ਅਜਿਹੇ ਹਜ਼ਾਰਾਂ ਗਿਰਝ੍ਹਾਂ ਨੂੰ ਸੂਲੀ ‘ਤੇ ਲਟਕਾ ਦਿੱਤਾ ਸੀ।
ਭਾਰਤ ਵਿੱਚ ਵੀ ਇਸ ਸਮੇਂ ਅਜਿਹੀ ਹੀ ਹਾਲਤ ਬਣੀ ਹੋਈ ਹੈ। ਟੀ.ਵੀ. ਅਤੇ ਅਖਬਾਰਾਂ ਵਿੱਚ ਚੱਲ ਰਹੀਆਂ ਖਬਰਾਂ ਵੇਖ ਕੇ ਕਲੇਜਾ ਮੂੰਹ ਨੂੰ ਆਉਂਦਾ ਹੈ। ਹੁਣ ਤੱਕ ਸਿਰਫ ਪੰਜਾਬ, ਦਿੱਲੀ ਅਤੇ ਹਰਿਆਣੇ ਵਿੱਚ ਹੀ ਆਕਸੀਜ਼ਨ ਦੀ ਅਣਹੋਂਦ ਕਾਰਨ 50 ਦੇ ਲਗਭਗ ਕਰੋਨਾ ਪੀੜਤ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਹਸਪਤਾਲ ਆਕਸੀਜਨ ਦੀ ਕਮੀ ਪੂਰੀ ਕਰਨ ਲਈ ਸਰਕਾਰ ਅੱਗੇ ਅਪੀਲਾਂ ਕਰ ਰਹੇ ਹਨ ਤੇ ਨਵੇਂ ਮਰੀਜ਼ਾਂ ਨੂੰ ਦਾਖਲ ਕਰਨ ਤੋਂ ਇਨਕਾਰ ਕਰ ਰਹੇ ਹਨ। ਹਾਲਾਤ ਐਨੇ ਖਰਾਬ ਹੋ ਚੁੱਕੇ ਹਨ ਕਿ ਮਰੀਜ਼ਾਂ ਨੂੰ ਲੈ ਕੇ ਆਈਆਂ ਐਂਬੂਲੈਂਸਾਂ ਕਤਾਰਾਂ ਬਣਾ ਕੇ ਹਸਪਤਾਲਾਂ ਅੱਗੇ ਖੜ੍ਹੀਆਂ ਹਨ ਪਰ ਅੰਦਰ ਜਗ੍ਹਾ ਨਹੀਂ ਹੈ। ਪਰ ਇਨਸਾਨੀ ਗਿਰਝ੍ਹਾਂ ਨੂੰ ਅਜਿਹਾ ਕੁਝ ਵੇਖ ਕੇ ਤਰਸ ਆਉਣ ਦੀ ਬਜਾਏ ਖੁਸ਼ੀ ਚੜ੍ਹ ਰਹੀ ਹੈ। ਜਿੰਨੀ ਜਿਆਦਾ ਬਿਮਾਰੀ ਵਧੇਗੀ, ਇਨ੍ਹਾਂ ਨੂੰ ਉਨਾਂ ਹੀ ਜਿਆਦਾ ਪੈਸਾ ਕਮਾਉਣ ਦਾ ਮੌਕਾ ਮਿਲਣ ਵਾਲਾ ਹੈ। ਜੇ ਹਾਲਾਤ ਇਸੇ ਤਰਾਂ ਖਰਾਬ ਰਹੇ ਤਾਂ ਠੱਗਾਂ ਨੇ ਕੁਝ ਦਿਨਾਂ ਬਾਅਦ ਰੈਮਡੈਸੀਵੀਅਰ ਦਾ ਨਕਲੀ ਟੀਕਾ ਅਤੇ ਆਕਸੀਜਨ ਦੀ ਬਜਾਏ ਸਧਾਰਨ ਹਵਾ ਸਿਲੰਡਰਾਂ ਵਿੱਚ ਭਰ ਕੇ ਵੇਚਣੀ ਸ਼ੁਰੂ ਕਰ ਦੇਣੀ ਹੈ। ਇਸ ਲਈ ਸਰਕਾਰਾਂ ਨੂੰ ਅਜਿਹੇ ਲੋਕਾਂ ‘ਤੇ ਹੁਣ ਤੋਂ ਹੀ ਸਖਤੀ ਕਰਨੀ ਸ਼ੁਰੂ ਕਰ ਦੇਣੀ ਚਾਹੀਦੀ ਹੈ ਤਾਂ ਜੋ ਇਸ ਕੌਮੀ ਸੰਕਟ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜ ਸਕੇ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !