ਉੱਤਰ ਭਾਰਤ ਨੂੰ ਧੁੰਦ ਤੇ ਸ਼ੀਤ ਲਹਿਰ ਨੇ ਜਕੜਿਆ

ਨਵੀਂ ਦਿੱਲੀ – ਕੌਮੀ ਰਾਜਧਾਨੀ ’ਚ ਐਤਵਾਰ ਤੜਕੇ ਕੜਾਕੇ ਦੀ ਠੰਢ ਅਤੇ ਧੁੰਦ ਕਾਰਨ ਜਨ ਜੀਵਨ ’ਤੇ ਮਾੜਾ ਅਸਰ ਪਿਆ। ਕੜਾਕੇ ਦੀ ਠੰਢ ਨੇ ਲੋਕਾਂ ਨੂੰ ਘਰਾਂ ’ਚ ਡੱਕੇ ਰਹਿਣ ਲਈ ਮਜਬੂਰ ਕਰ ਦਿੱਤਾ। ਧੁੰਦ ਕਾਰਨ ਕਈ ਉਡਾਣਾਂ ਅਤੇ ਰੇਲਗੱਡੀਆਂ ਦੇਰੀ ਨਾਲ ਚੱਲੀਆਂ ਜਾਂ ਰੱਦ ਹੋ ਗਈਆਂ। ਭਾਰਤ ਦੇ ਮੌਸਮ ਵਿਭਾਗ ਅਨੁਸਾਰ ਦਿੱਲੀ-ਪਾਲਮ ‘ਤੇ ਐਤਵਾਰ ਨੂੰ ਤੜਕੇ 2 ਵਜੇ ਦੇਖਣ ਦੀ ਸਮਰੱਥਾ 400 ਮੀਟਰ ਤੋਂ ਘਟ ਕੇ 100 ਮੀਟਰ ਹੋ ਗਈ ਜੋ ਕਿ ਤੜਕੇ 3 ਵਜੇ ਤੋਂ ਬਾਅਦ 0 ਮੀਟਰ ਤੱਕ ਘੱਟ ਗਈ। ਆਈਐਮਡੀ ਅਨੁਸਾਰ ਐਤਵਾਰ ਸਵੇਰੇ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਐਕਸ ’ਤੇ ਇਕ ਪੋਸਟ ਵਿਚ ਆਈਐਮਡੀ ਨੇ ਕਿਹਾ, ‘‘ਉੱਤਰੀ ਭਾਰਤ ਦੇ ਪੰਜਾਬ ਤੋਂ ਬਿਹਾਰ ਤੱਕ ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਉੱਤਰ ਪੱਛਮੀ ਰਾਜਸਥਾਨ ਅਤੇ ਉੱਤਰੀ ਮੱਧ ਪ੍ਰਦੇਸ਼ ਦੇ ਮੈਦਾਨੀ ਇਲਾਕਿਆਂ ‘ਤੇ ਧੁੰਦ ਦੀ ਪਰਤ ਸਪੱਸ਼ਟ ਦਿਖਾਈ ਦੇ ਰਹੀ ਹੈ।’’
ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਵਿੱਚ ਐਤਵਾਰ ਨੂੰ ਠੰਢ ਦਾ ਕਹਿਰ ਜਾਰੀ ਰਿਹਾ ਅਤੇ ਦੋਵਾਂ ਰਾਜਾਂ ਵਿੱਚ ਜ਼ਿਆਦਾਤਰ ਥਾਵਾਂ ਤੋਂ ਦਰਮਿਆਨੀ ਤੋਂ ਸੰਘਣੀ ਧੁੰਦ ਛਾਈ ਰਹੀ। ਸਥਾਨਕ ਮੌਸਮ ਵਿਭਾਗ ਅਨੁਸਾਰ ਹਰਿਆਣਾ ਦੇ ਹਿਸਾਰ ਵਿੱਚ ਘੱਟੋ ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੋਵਾਂ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਵਿੱਚ ਪਟਿਆਲਾ ਵਿੱਚ ਕੜਾਕੇ ਦੀ ਠੰਢ ਤੋਂ ਰਾਹਤ ਮਿਲੀ ਕਿਉਂਕਿ ਰਾਤ ਦਾ ਤਾਪਮਾਨ 5 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜਦੋਂ ਕਿ ਗੁਰਦਾਸਪੁਰ ਵਿੱਚ 5.5 ਡਿਗਰੀ ਸੈਲਸੀਅਸ ਰਿਹਾ। ਲੁਧਿਆਣਾ ਵਿੱਚ ਘੱਟੋ ਘੱਟ ਤਾਪਮਾਨ 6.2, ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂਕਿ ਬਠਿੰਡਾ ਵਿੱਚ ਘੱਟੋ-ਘੱਟ ਤਾਪਮਾਨ 6.2 ਡਿਗਰੀ ਰਿਹਾ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਸਥਾਨਾਂ ’ਤੇ ਸਵੇਰ ਦੇ ਸਮੇਂ ਦਰਮਿਆਨੀ ਤੋਂ ਸੰਘਣੀ ਧੁੰਦ ਨੇ ਦੇਖਣ ਦੀ ਸਮਰੱਥਾ ਨੂੰ ਘਟਾ ਦਿੱਤਾ ਹੈ।

Related posts

ਭਾਰਤ-ਇਜ਼ਰਾਈਲ ਆਰਥਿਕ ਅਤੇ ਆਪਸੀ ਸਹਿਯੋਗ ਨੂੰ ਨਵੀਂ ਦਿਸ਼ਾ ਦੇਣ ਲਈ ਸਹਿਮਤ

ਟੀ-20 ਵਿਸ਼ਵ ਕੱਪ 2026 : ਭਾਰਤ ਦੀ ਜ਼ਿੰਬਾਬਵੇ ‘ਤੇ ਸ਼ਾਨਦਾਰ ਜਿੱਤ

ਭਾਰਤੀ ਮਿਉਚੁਅਲ ਫੰਡ ਸ਼੍ਰੇਣੀਆਂ ਵਿੱਚ ਵੱਡਾ ਬਦਲਾਅ