ਨਵੀਂ ਦਿੱਲੀ – ਕੋਰੋਨਾ ਦੌਰਾਨ ਸਾਈਬਰ ਅਪਰਾਧ ਦੇ ਮਾਮਲਿਆਂ ’ਚ ਕਾਫ਼ੀ ਵਾਧਾ ਹੋਇਆ ਹੈ। ਸਾਈਬਰ ਠੱਗ ਲਗਾਤਾਰ ਲੋਕਾਂ ਨੂੰ ਠੱਗਣ ਦੀ ਤਾਕ ’ਚ ਰਹਿੰਦੇ ਹਨ। ਹੁਣ ਉਨ੍ਹਾਂ ਨੇ ਕੋਰੋਨਾ ਦੇ ਓਮੀਕ੍ਰੋਨ ਵੇਰੀਐਂਟ ਦੇ ਨਾਂ ’ਤੇ ਲੋਕਾਂ ਨੂੰ ਠੱਗਣਾ ਸ਼ੁਰੂ ਕਰ ਦਿੱਤਾ ਹੈ। ਮਾਮਲਿਆਂ ਵਿਚਕਾਰ ਗ੍ਰਹਿ ਮੰਤਰਾਲੇ ਨੇ ਸਾਈਬਰ ਅਪਰਾਧ ਨੂੰ ਲੈ ਕੇ ਐਡਵਾਇਜ਼ਰੀ ਜਾਰੀ ਕੀਤੀ ਹੈ। ਦੇਸ਼ ’ਚ ਨਵੇਂ ਸਟ੍ਰੇਨ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਅਜਿਹੇ ’ਚ ਸਾਈਬਰ ਠੱਗ ਲੋਕਾਂ ਨੂੰ ਓਮੀਕ੍ਰੋਨ ਵੇਰੀਐਂਟ ਤੋਂ ਇਨਫੈਕਸ਼ਨ ਦਾ ਪਤਾ ਲਾਉਣ ਲਈ ਮੁਫ਼ਤ ਟੈਸਟਿੰਗ ਦਾ ਨਾਂ ’ਤੇ ਠੱਗਣਾ ਸ਼ੁਰੂ ਕਰ ਦਿੱਤਾ ਹੈ।ਗ੍ਰਹਿ ਮੰਤਰਾਲੇ ਦੇ ਸਾਈਬਰ ਅਤੇ ਸੂਚਨਾ ਸੁਰੱਖਿਆ ਵਿਭਾਗ ਨੇ ਇਕ ਐਡਵਾਇਜ਼ਰੀ ਜਾਰੀ ਕੀਤੀ ਹੈ। ਇਸ ’ਚ ਕਿਹਾ ਗਿਆ ਹੈ ਕਿ ਸਿਹਤ ਸੰਕਟ ’ਤੇ ਧਿਆਨ ਕੇਂਦਰਿਤ ਹੋਣ ਕਾਰਨ ਸਾਈਬਰ ਸੁਰੱਖਿਆ ਲਈ ਢਿੱਲ ਵਰਤੀ ਜਾ ਰਹੀ ਹੈ। ਸਾਈਬਰ ਅਪਰਾਧੀ ਇਸ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਹੇ ਹਨ। ਸਾਈਬਰ ਅਪਰਾਧੀ ਹਮੇਸ਼ਾ ਲੋਕਾਂ ਨੂੰ ਆਪਣੇ ਜਾਲ ’ਚ ਫਸਾਉਣ ਲਈ ਨਵੇਂ ਤਰੀਕੇ ਅਜ਼ਮਾਉਂਦੇ ਰਹੇ ਹਨ।ਅੱਜਕੱਲ੍ਹ ਓਮੀਕ੍ਰੋਨ ਵੇਰੀਐਂਟ ਨੂੰ ਲੈ ਕੇ ਸਾਈਬਰ ਅਪਰਾਧ ਤੇਜ਼ੀ ਨਾਲ ਵਧ ਰਹੇ ਹਨ। ਇਸ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਸਾਈਬਰ ਅਪਰਾਧੀ ਭੋਲ਼ੇ-ਭਾਲ਼ੇ ਲੋਕਾਂ ਨੂੰ ਠੱਗਣ ਲਈ ਵੱਖ-ਵੱਖ ਹਥਕੰਡੇ ਅਪਣਾ ਰਹੇ ਹਨ।ਗ੍ਰਹਿ ਮੰਤਰਾਲੇ ਨੇ ਅੱਗੇ ਦੱਸਿਆ ਕਿ ਠੱਗ ਓਮੀਕ੍ਰੋਨ ਇਨਫੈਕਸ਼ਨ ਦਾ ਪਤਾ ਲਾਉਣ ਲਈ ਪੀਸੀਆਰ ਟੈਸਟ ਨਾਲ ਸਬੰਧਿਤ ਈਮੇਲ ਭੇਜਦੇ ਹਨ। ਇਸ ’ਚ ਅਜਿਹੇ ਲਿੰਕ ਅਤੇ ਫਾਈਲਾਂ ਹੁੰਦੀਆਂ ਹਨ, ਜੋ ਲੋਕਾਂ ਦਾ ਡਾਟਾ ਚੋਰੀ ਕਰ ਲੈਂਦੀਆਂ ਹਨ। ਮੰਤਰਾਲੇ ਅਨੁਸਾਰ, ਸਰਕਾਰੀ ਅਤੇ ਨਿੱਜੀ ਸਿਹਤ ਸੇਵਾਵਾਂ ਦਾ ਨਾਂ ਇਸਤੇਮਾਲ ਕਰ ਕੇ ਭੋਲ਼ੀ-ਭਾਲ਼ੀ ਜਨਤਾ ਨੂੰ ਠੱਗਿਆ ਜਾ ਰਿਹਾ ਹੈ। ਆਰਟੀ-ਪੀਸੀਆਰ ਟੈਸਟ ਲਈ ਲਿੰਕ ’ਤੇ ਕਲਿਕ ਕਰਦੇ ਹੀ ਲੋਕ ਠੱਗਾਂ ਵੱਲੋਂ ਬਣਾਈ ਗਈ ਨਕਲੀ ਵੈਬਸਾਈਟ ’ਤੇ ਪਹੁੰਚ ਜਾਂਦੇ ਹਨ, ਜੋ ਸਰਕਾਰੀ /ਨਿੱਜੀ ਸਿਹਤ ਸੇਵਾਵਾਂ ਦੀ ਵੈਬਸਾਈਟ ਵਰਗੀ ਹੀ ਮਾਲੂਮ ਹੁੰਦੀ ਹੈ।ਸਾਈਬਰ ਅਪਰਾਧੀ ਇਸ ਦੀ ਮਦਦ ਨਾਲ ਲੋਕਾਂ ਦੀ ਨਿੱਜੀ ਜਾਣਕਾਰੀ ਅਤੇ ਬੈਂਕ ਡਿਟੇਲਜ਼ ਹਾਸਲ ਕਰ ਲੈਂਦੇ ਹਨ ਅਤੇ ਲੋਕਾਂ ਨੂੰ ਚੂਨਾਂ ਲਾ ਦਿੰਦੇ ਹਨ। ਸਰਕਾਰ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਵੈਬਸਾਈਟ ਅਸਲੀ ਹੈ ਜਾਂ ਨਕਲੀ, ਇਸ ਦਾ ਪਤਾ ਲਾਉਣ ਲਈ ਡੋਮੇਨ ਨਾਂ ਅਤੇ ਯੂਆਰਐੱਲ ਦੀ ਜਾਂਚ ਕਰੋ। cybercrime.gov.in ਪੋਰਟਲ ’ਤੇ ਅਜਿਹੀ ਕਿਸੇ ਵੀ ਘਟਨਾ ਦੀ ਰਿਪੋਰਟ ਕਰੋ।