ਚੰਡੀਗੜ੍ਹ – ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਨਵ-ਨਿਯੁਕਤ ਪ੍ਰਧਾਨ ਬਲਵੀਰ ਕੌਰ ਰਾਣੀ ਸੋਢੀ ਨੇ ਆਪਣਾ ਕਾਰਜਭਾਰ ਸੰਭਾਲ ਲਿਆ। ਇਸ ਮੌਕੇ ਹੋਏ ਸਮਾਰੋਹ ’ਚ ਅਖਿਲ ਭਾਰਤੀ ਮਹਿਲਾ ਕਾਂਗਰਸ ਪ੍ਰਧਾਨ ਨੇਟਾ ਡਿਸੂਜਾ, ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਇੰਚਾਰਜ ਮਮਤਾ ਭੂਪੇਸ਼ (ਕੈਬਨਿਟ ਮੰਤਰੀ, ਰਾਜਸਥਾਨ ਸਰਕਾਰ) ਜਨਰਲ ਸਕੱਤਰ ਅਖਿਲ ਭਾਰਤੀ ਮਹਿਲਾ ਕਾਂਗਰਸ ਪਰਪ੍ਰੀਤ ਬਰਾੜ, ਅਖਿਲ ਭਾਰਤੀ ਕਾਂਗਰਸ ਦੀ ਕੋਆਰਡੀਨੇਟਰ ਪ੍ਰਤਿਭਾ ਰਘੂਵੰਸ਼ੀ ਨੇ ਖ਼ਾਸ ਤੌਰ ’ਤੇ ਸ਼ਿਰਕਤ ਕੀਤੀ। ਆਲ ਇੰਡੀਆ ਸੋਸ਼ਲ ਮੀਡੀਆ ਕੋਆਰਡੀਨੇਟਰ ਨਤਾਸ਼ਾ ਸ਼ਰਮਾ ਵੀ ਪਹੁੰਚੀ।ਅਖਿਲ ਭਾਰਤੀ ਮਹਿਲਾ ਕਾਂਗਰਸ ਪ੍ਰਧਾਨ ਨੇਟਾ ਡਿਸੂਜਾ ਨੇ ਮਹਿਲਾ ਵਰਕਰਾਂ ਨਾਲ ਭਰੇ ਹਾਲ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸ਼ਾ ਔਰਤਾਂ ਨੂੰ ਉਚਿਤ ਸਨਮਾਨ ਦਿੱਤਾ ਹੈ। ਰਾਜੀਵ ਗਾਂਧੀ ਨੇ ਪੰਚਾਇਤਾਂ ਤੇ ਸਥਾਨਕ ਸਰਕਾਰਾਂ ’ਚ ਔਰਤਾਂ ਨੂੰ ਰਾਖਵੇਂਕਰਨ ਦਾ ਅਧਿਕਾਰ ਦਿੱਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਪੰਜਾਬ ਆਏ ਤੇ ਝੂਠ ਬੋਲਿਆ। ਜਦਕਿ ਦਿੱਲੀ ਦੇ ਹਾਲਾਤ ਬਹੁਤ ਖ਼ਰਾਬ ਹਨ। ਉਨ੍ਹਾਂ ਕਿਹਾ ਕਿ ਭਾਜਪਾ ਵੰਡ ਦੀ ਸਿਆਸਤ ਕਰ ਰਹੀ ਹੈ। ਜਦਕਿ ਕਾਂਗਰਸ ਸਭ ਨੂੰ ਨਾਲ ਲੈ ਕੇ ਚੱਲਣ ਦੀ ਸਿਆਸਤ ਕਰਦੀ ਹੈ।ਉਨ੍ਹਾਂ ਆਉਣ ਵਾਲੀਆਂ ਚੋਣਾਂ ਲਈ ਔਰਤਾਂ ਨੂੰ ਵੋਟਾਂ ’ਚ ਉਤਰਣ ਦਾ ਸੱਦਾ ਦਿੱਤਾ। ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਇੰਚਾਰਜ ਮਮਤਾ ਭੂਪੇਸ਼ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਬੂਥ ਪੱਧਰ ’ਤੇ ਕੰਮ ਕਰਨ ਵਾਲੇ ਵਰਕਰਾਂ ਨੂੰ ਅਹੁਦਾ ਦੇ ਕੇ ਸਨਮਾਨਿਤ ਵੀ ਕੀਤਾ ਹੈ। ਨਵ-ਨਿਯੁਕਤ ਪ੍ਰਧਾਨ ਬਲਵੀਰ ਕੌਰ ਰਾਣੀ ਸੋਢੀ ਨੇ ਔਰਤਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਮਹਿਲਾ ਕਾਂਗਰਸ ਨੂੰ ਬੂਥ ਪੱਧਰ ਤਕ ਮਜ਼ਬੂਤ ਕੀਤਾ ਜਾਵੇਗਾ ਤੇ 2022 ਦੀਆਂ ਚੋਣਾਂ ’ਚ ਮਹਿਲਾ ਕਾਂਗਰਸ ਅਹਿਮ ਭੂਮਿਕਾ ਨਿਭਾਏਗੀ। ਸਮਾਰੋਹ ’ਚ ਵਿਧਾਇਕ ਸਤਕਾਰ ਕੌਰ ਗੇਹਰੀ, ਪੰਜਾਬ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਡਾ. ਮਾਲਤੀ ਥਾਪਰ, ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਡਾ. ਜਸਲੀਨ ਸੇਠੀ, ਸਵਰਨਜੀਤ ਕੌਰ ਮੋਹਾਲੀ, ਪ੍ਰੀਤਪਾਲ ਕੌਰ ਬਡਲਾ ਕੋਆਰਡੀਨੇਟਰ ਪੰਜਾਬ ਤੇ ਮਨੀਸ਼ਾ ਕਪੂਰ ਆਦਿ ਨੇ ਵੀ ਸੰਬੋਧਿਤ ਕੀਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ, ਜਨਰਲ ਸਕੱਤਰ, ਸਕੱਤਰ, ਸੂਬਾਈ ਅਹੁਦੇਦਾਰ ਤੇ ਵੱਡੀ ਗਿਣਤੀ ’ਚ ਮਹਿਲਾ ਕਾਂਗਰਸ ਵਰਕਰਾਂ ਮੌਜੂਦ ਸਨ।