ਕਿਉਂ ਜਰੂਰੀ ਹਨ ਟੀਚੇ ਮਿਥਣੇ 

ਲੇਖਕ: ਹਰਕੀਰਤ ਕੌਰ ਸਭਰਾ, ਤਰਨਤਾਰਨ

ਕਿਸੇ ਵਿਅਕਤੀ ਦੇ ਕਾਮਯਾਬ ਹੋਣ ਲਈ ਨਿਸ਼ਾਨਿਆਂ ਦਾ ਮਿਥਿਆ ਹੋਣਾ ਬਹੁਤ ਜਰੂਰੀ ਹੈ। ਜੇਕਰ ਅਸੀਂ ਸਫ਼ਲ ਬੰਦਿਆਂ ਦੀ ਸੂਚੀ ਵਿੱਚ ਖੜਨਾ ਚਾਹੁੰਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਦਾ ਇੱਕ ਉਦੇਸ਼ ਰੱਖਣਾ ਪਵੇਗਾ। ਜੇਕਰ ਅਸੀਂ ਜਿੰਦਗੀ ਦਾ ਉਦੇਸ਼ ਰੱਖਿਆ ਹੋਵੇਗਾ ਤਾਂ ਫਿਰ ਅਸੀਂ ਉਸ ਟੀਚੇ ਨੂੰ ਹਾਸਿਲ ਕਰਨ ਲਈ ਰਾਹ ਲੱਭਾਂਗੇ, ਰਾਹ ਲੱਭਣ ਉਪਰੰਤ ਯਕੀਨਨ ਅਸੀਂ ਆਪਣੇ ਮੁਕਾਮ ਤੇ ਪਹੁੰਚ ਜਾਵਾਂਗੇ। ਪਰ ਮੁਕਾਮ ਤੱਕ ਪਹੁੰਚਣਾ ਤਾਂ ਸੰਭਵ ਹੈ ਜੇਕਰ ਅਸੀਂ ਕੋਈ ਟੀਚਾ ਮਿਥਿਆ ਹੋਵੇਗਾ। ਆਪਣੇ ਉਦੇਸ਼ ਨੂੰ ਹਾਸਿਲ ਕਰਨ ਲਈ ਸਾਨੂੰ ਉਸਦੇ ਨਾਲ ਸੰਬੰਧਿਤ ਲੋੜੀਂਦੇ ਗਿਆਨ ਨੂੰ ਵੀ ਇਕੱਠਾ ਕਰਨਾ ਹੋਵੇਗਾ। ਦ੍ਰਿੜ੍ਹ ਨਿਸਚਾ, ਸਵੈ ਵਿਸ਼ਵਾਸ, ਭਰੋਸਾ, ਮਿਹਨਤ, ਲਗਨ ਅਤੇ ਸਮਰਪਣ ਸਭ ਸਫਲਤਾ ਦੇ ਰਾਜ ਹਨ। ਕਿਸੇ ਵੀ ਟੀਚੇ ਨੂੰ ਸਰ ਕਰਨ ਲਈ ਉਸਦੇ ਰਸਤਿਆਂ ਦਾ ਗਿਆਨ ਹੋਣਾ ਬਹੁਤ ਜਰੂਰੀ ਹੈ। ਗਿਆਨ ਸਾਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਵਿੱਚ ਮਦਦ ਕਰਦਾ ਹੈ। ਜਦੋਂ ਅਸੀਂ ਕੋਈ ਨਿਸ਼ਾਨਾ ਮਿਥਦੇ ਹਾਂ ਤਾਂ ਉਸਦੇ ਰਸਤੇ ਵਿੱਚ ਬਹੁਤ ਸਾਰੀਆਂ ਔਕੜਾਂ ਆਉਣੀਆਂ ਹੁੰਦੀਆਂ ਹਨ। ਉਦਹਾਰਣ ਦੇ ਤੌਰ ਤੇ ਸਭ ਤੋਂ ਵੱਡੀ ਕਠਿਨਾਈ ਆਲਸ ਹੈ। ਜਦੋਂ ਅਸੀਂ ਆਪਣੇ ਰਸਤੇ ਤੇ ਚੱਲਣ ਦੀ ਸੋਚਦੇ ਹਾਂ ਤਾਂ ਇਹ ਚਣੌਤੀ ਸਭ ਤੋਂ ਵੱਧ ਪਰੇਸ਼ਾਨ ਕਰਦੀ ਹੈ। ਇਸ ਤੋਂ ਇਲਾਵਾ ਹੋਰ ਵੀ ਅਜਿਹੀਆਂ ਬਹੁਤ ਸਾਰੀਆਂ ਔਕੜਾਂ ਆਉਦੀਆਂ ਹਨ ਜੋ ਸਾਡੇ ਸਬਰ, ਸਾਡੀ ਹਿੰਮਤ ਨੂੰ ਪਰਖਦੀਆਂ ਹਨ, ਜੋ ਸਾਨੂੰ ਸਭ ਕੁਝ ਛੱਡ ਕੇ ਹਾਰ ਮੰਨਣ ਲਈ ਕਹਿੰਦੀਆਂ ਹਨ, ਪਰ ਤਾਜ ਉਹਨਾਂ ਲੋਕਾਂ ਦੇ ਸਿਰਾਂ ਤੇ ਸੱਜਦੇ ਹਨ ਜਿੰਨਾ ਨੇ ਹਾਰ ਜਾਣ ਤੇ ਵੀ ਹਾਰ ਨਹੀਂ ਮੰਨੀ ਹੁੰਦੀ, ਜਿਹੜੇ ਭਾਵੇਂ ਕਿੰਨੀ ਵਾਰ ਵੀ ਕਿਉਂ ਨਾ ਹਾਰੇ ਹੋਣ ਪਰ ਫਿਰ ਟੁੱਟਣ ਤੋਂ ਬਾਅਦ ਇੱਕ ਨਵੀਂ ਸਵੇਰ ਦੀ ਤਰ੍ਹਾਂ ਉੱਠ ਖੜੇ ਹੁੰਦੇ ਹਨ ਤੇ ਫਿਰ ਤੁਰ ਪੈਂਦੇ ਹਨ ਆਪਣੀ ਮੰਜ਼ਿਲ ਵੱਲ ਇੱਕ ਵਾਰ ਫਿਰ ਤੋਂ। ਜਿੰਨੇ ਵੱਡੇ ਉਦੇਸ਼ ਤੁਸੀਂ ਮਿਥੇ ਹੋਣਗੇ, ਉਨੀ ਵੱਡੀ ਸਫਲਤਾ ਤੁਹਾਨੂੰ ਮਿਲੇਗੀ। ਸੋ ਸਿੱਟਾ ਇਹ ਨਿਕਲਦਾ ਹੈ ਕਿ ਸਾਨੂੰ ਸਫਲ ਹੋਣ ਲਈ ਇੱਕ ਟੀਚਾ ਜਰੂਰ  ਮਿਥਣਾ ਪਵੇਗਾ ਬੇਸ਼ਰਤੇ ਉਹ ਵੱਡਾ ਵੀ ਹੋਣਾ ਚਾਹੀਦਾ ਹੈ। ਜੋ ਇਨਸਾਨ ਇੱਕ ਟੀਚੇ ਨੂੰ ਮਿਥ ਕੇ ਮੰਜ਼ਿਲ ਨੂੰ ਸਾਹਮਣੇ  ਰੱਖ ਕੇ ਤੁਰਦੇ ਹਨ, ਉਹਨਾ ਦੇ  ਨਾਮ ਹਮੇਸ਼ਾ ਅਖਬਾਰਾਂ ਦੀਆਂ ਸੁਰਖੀਆਂ ਬਣਦੇ ਹਨ।

Related posts

$100 Million Boost for Bushfire Recovery Across Victoria

ਅਕਾਲ ਤਖ਼ਤ ਸਰਵ-ਉੱਚ ਹੈ, ਮੈਂ ਨਿਮਾਣੇ ਸ਼ਰਧਾਲੂ ਸਿੱਖ ਵਜੋਂ ਪੇਸ਼ ਹੋਵਾਂਗਾ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

‘ਆਪ ਸਰਕਾਰ ‘ਸਾਮ, ਦਾਮ, ਦੰਡ, ਭੇਦ’ ਨੀਤੀ ਅਧੀਨ ਸੁਖਬੀਰ ਬਾਦਲ ਨੂੰ ਕਿਸੇ ਵੀ ਝੂਠੇ ਮਾਮਲੇ ਵਿੱਚ ਫਸਾਉਣ ਚਾਹੁੰਦੀ : ਸ਼੍ਰੋਮਣੀ ਅਕਾਲੀ ਦਲ