ਲੰਬੀ – ਨਰਮੇ ਤੇ ਹੋਰ ਫ਼ਸਲਾਂ ਦੇ ਖ਼ਰਾਬ ਹੋਣ ਦੇ ਮੁਆਵਜ਼ੇ ਨੂੰ ਲੈ ਕੇ ਚੱਲ ਰਹੇ ਵਿੱਤ ਮੰਤਰੀ ਦੀ ਕੋਠੀ ਅੱਗੇ ਮੋਰਚੇ ’ਚ ਫਿਰ ਨਾਕੇ ਤੋੜ ਕੇ ਮਨਪ੍ਰੀਤ ਬਾਦਲ ਦੀ ਕੋਠੀ ਦੇ ਮੁਕੰਮਲ ਘਿਰਾਓ ਦੇ ਐਲਾਨ ਤੋਂ ਬਾਅਦ ਡੀਸੀ ਵੱਲੋਂ ਕਿਸਾਨ ਵਫ਼ਦ ਦੀ ਸ਼ਨਿਚਰਵਾਰ ਨੂੰ ਗਿਆਰਾਂ ਵਜੇ ਪੰਜਾਬ ਸਰਕਾਰ ਦੇ ਮੁੱਖ ਸਕੱਤਰਾਂ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਦਾ ਸਮਾਂ ਮਿਲਣ ਤੋਂ ਬਾਅਦ ਕਿਸਾਨਾਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕਰਨ ਦੀ ਤਿਆਰੀ ਲਈ ਕਿਸਾਨਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ।ਮੁਕਤਸਰ ਪ੍ਰਸ਼ਾਸਨ ਵੱਲੋਂ ਸਵੇਰੇ ਗਿਆਰਾਂ ਵਜੇ ਹੀ ਲਗਪਗ ਢਾਈ ਘੰਟੇ ਕਿਸਾਨ ਆਗੂਆਂ ਨਾਲ ਮੀਟਿੰਗ ਕੀਤੀ ਗਈ ਪਰ ਪ੍ਰਸ਼ਾਸਨ ਵੱਲੋਂ ਕਿਸਾਨਾਂ ਅੱਗੇ ਕੋਈ ਠੋਸ ਤਜਵੀਜ਼ ਨਾ ਰੱਖਣ ਕਰਕੇ ਗੱਲਬਾਤ ਟੁੱਟ ਗਈ ਤੇ ਉਨ੍ਹਾਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਕੋਠੀ ਘੇਰਨ ਦਾ ਐਲਾਨ ਕਰ ਦਿੱਤਾ।ਇਸ ’ਤੇ ਡੀਸੀ ਮੁਕਤਸਰ ਵੱਲੋਂ ਕਿਸਾਨ ਆਗੂਆਂ ਨਾਲ ਫਿਰ ਦੁਬਾਰਾ ਦੋ ਵਜੇ ਮੀਟਿੰਗ ਕੀਤੀ ਗਈ, ਜਿਸ ਵਿਚ ਪ੍ਰਸ਼ਾਸਨ ਵੱਲੋਂ ਅੱਜ ਮੁੱਖ ਮੰਤਰੀ ਦੇ ਪ੍ਰਿੰਸੀਪਲ ਸਕੱਤਰ, ਖੇਤੀਬਾੜੀ ਮੰਤਰੀ ਦੇ ਸਕੱਤਰ ਤੇ ਐੱਫਸੀਆਰ ਨਾਲ ਮੀਟਿੰਗ ਤੈਅ ਕੀਤੀ ਗਈ। ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਧਰਨਾਕਾਰੀਆਂ ਨੂੰ ਅਪੀਲ ਕੀਤੀ ਕਿ ਕਿਸਾਨ, ਮਜ਼ਦੂਰ ਤੇ ਔਰਤਾਂ ਵੱਡੀ ਗਿਣਤੀ ’ਚ ਬਾਦਲ ਮੋਰਚੇ ਵਿਚ ਆਉਣ। ਜੇਕਰ ਸਰਕਾਰ ਨੇ ਮੀਟਿੰਗ ਵਿਚ ਕਿਸਾਨਾਂ ਦੀਆਂ ਮੰਗਾਂ, ਮਸਲੇ ਹੱਲ ਨਾ ਕੀਤੇ ਤਾਂ ਉੱਥੇ ਹੀ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।ਸ਼ੁੱਕਰਵਾਰ ਨੂੰ ਕਿਸਾਨ ਆਗੂਆਂ ਵੱਲੋਂ ਮੁਕਤਸਰ ਪ੍ਰਸ਼ਾਸਨ ਅੱਗੇ ਮੰਗਾਂ ਰੱਖੀਆਂ ਗਈਆਂ ਕਿ ਨਰਮਾ ਤੇ ਹੋਰ ਫ਼ਸਲਾਂ ਦੇ ਖ਼ਰਾਬੇ ਦਾ ਨੁਕਸਾਨ ਸੱਠ ਹਜ਼ਾਰ ਰੁਪਏ ਪ੍ਰਤੀ ਏਕੜ ਮੌਕੇ ’ਤੇ ਕਾਸ਼ਤ ਕਰ ਰਹੇ ਕਿਸਾਨ ਨੂੰ ਦਿੱਤਾ ਜਾਵੇ, ਮਜ਼ਦੂਰਾਂ ਨੂੰ ਨਰਮੇ ਦੀ ਫ਼ਸਲ ਤੋਂ ਰੁਜ਼ਗਾਰ ਨਾ ਮਿਲਣ ਕਰਕੇ 30 ਹਜ਼ਾਰ ਰੁਪਏ ਪ੍ਰਤੀ ਰੁਜ਼ਗਾਰ ਉਜਾੜਾ ਭੱਤਾ ਦਿੱਤਾ ਜਾਵੇ, ਨਰਮੇ ਦੇ ਖ਼ਰਾਬੇ ਕਾਰਨ ਖ਼ੁਦਕਸ਼ੀ ਕਰ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਦੱਸ ਲੱਖ ਰੁਪਏ ਮੁਆਵਜ਼ਾ ਤੁਰੰਤ, ਇਕ ਸਰਕਾਰੀ ਨੌਕਰੀ ਤੇ ਉੁਨ੍ਹਾਂ ਪਰਿਵਾਰਾਂ ਸਿਰ ਚੜਿ੍ਹਆ ਸਾਰਾ ਕਰਜ਼ਾ ਖ਼ਤਮ ਕੀਤਾ ਜਾਵੇ, ਨਕਲੀ ਬੀਜ, ਸਪਰੇਆਂ ਵੇਚਣ ਵਾਲੀਆਂ ਕੰਪਨੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।ਕਿਸਾਨਾਂ ਦੇ ਵਫ਼ਦ ਵਿਚ ਅੱਜ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ, ਜ਼ਿਲ੍ਹਾ ਬਠਿੰਡਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ, ਜ਼ਿਲ੍ਹਾ ਫਾਜ਼ਲਿਕਾ ਦੇ ਪ੍ਰਧਾਨ ਗੁਰਭੇਜ ਸਿੰਘ ਰੋਹੀਵਾਲਾ, ਜ਼ਿਲ੍ਹਾ ਮੁਕਤਸਰ ਸਾਹਿਬ ਦੇ ਜਨਰਲ ਸਕੱਤਰ ਗੁਰਭਗਤ ਸਿੰਘ ਭਲਾਈਆਣਾ ਤੇ ਔਰਤ ਆਗੂ ਪਰਮਜੀਤ ਕੌਰ ਪਿੱਥੋ ਸ਼ਾਮਲ ਸਨ।ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਲਸ਼ਮਣ ਸਿੰਘ ਸੇਵੇਵਾਲਾ ਨੇ ਕਿਹਾ ਕਿ ਜਿੱਥੇ ਨਰਮੇ ਦੀ ਫਸਲ ਖ਼ਰਾਬ ਹੋਣ ਨਾਲ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ ਉਥੇ ਤੰਗੀਆਂ ਤੁਰਸ਼ੀਆਂ ’ਚ ਜ਼ਿੰਦਗੀ ਜੀਅ ਰਹੇ ਮਜ਼ਦੂਰਾਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋ ਗਿਆ। ਇਸ ਲਈ ਮਜ਼ਦੂਰਾਂ ਨੂੰ ਇਸ ਬਾਦਲ ਮੋਰਚੇ ਨੂੰ ਵੱਧ ਮਜ਼ਬੂਤ ਕਰਨ ਦੀ ਲੋੜ ਹੈ। ਧਰਨੇ ਨੂੰ ਪਰਮਜੀਤ ਕੌਰ ਪਿੱਥੋ, ਸੁਖਜੀਤ ਕੌਰ ਚੱਕ ਫ਼ਤਹਿ ਸਿੰਘ ਵਾਲਾ, ਬਿੱਟੂ ਮੱਲ੍ਹਣ, ਅਜੈਪਾਲ ਘੁੱਦਾ, ਦਵਿੰਦਰ ਮਾਨ, ਗੁਰਸੇਵਕ ਬਾਂਡੀ ਨੇ ਵੀ ਸੰਬੋਧਨ ਕੀਤਾ।