ਕੀ ਸੱਚ-ਮੁੱਚ ਅਸੀਂ ਨੂੰਹ ਨੂੰ ਧੀ ਸਮਝਦੇ ਹਾਂ ?

ਬਹੁਤ ਭਾਂਗਾਂ ਵਾਲੇ ਘਰ ਹੋਣਗੇ ਜੋ ਨੂੰਹ ਨੂੰ ਧੀ ਦਾ ਮਾਣ ਸਤਿਕਾਰ ਦਿੰਦੇ ਹੋਣ ਪਰ ਅੱਜ ਵੀ ਬਹੁਤ ਸਾਰੇ ਘਰਾਂ ਦੀ ਕਹਾਣੀ ਨੂੰਹ ਲਈ ਕੋਈ ਵੱਖਰੀ ਨਹੀਂ ਹੈ।

ਲੇਖਕ: ਬਲਜੀਤ ਕੋਰ ਗਿੱਲ, ਮੈਲਬੌਰਨ ਆਸਟ੍ਰੇਲੀਆ।

ਸਹੁਰੇ ਘਰ ਵਿੱਚ ਆਈ ਕੁੜੀ ਨੂੰ ਭਾਵੇ ਤਿੰਨ ਦਿਨ ਹੋਏ ਹਣੋ, ਤਿੰਨ ਮਹੀਨੇ, ਤਿੰਨ ਸਾਲ ਜਾਂ ਤੀਹ ਸਾਲ, ਘਰ ਦੇ ਕਿਸੇ ਵੀ ਜੀਅ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸਦੀ ਮਨਪਸੰਦ ਸਬਜ਼ੀ ਕੀ ਏ? ਉਸਨੂੰ ਗੂੜ੍ਹੇ ਰੰਗ ਪਸੰਦ ਨੇ ਕਿ ਫਿੱਕੇ। ਕਿਹੜੇ ਵੇਲੇ ਉਸਦਾ ਚਿੱਤ ਕਰਦਾ ਏ, ਕਿਤੇ ਜਾਣ ਨੂੰ ਤੇ ਆਪਣੇ ਮਨ ਦੀ ਪੁਗਾਉਣ ਨੂੰ।

ਕਹਿਣ ਨੂੰ ਤਾਂ ਜਮਾਨਾਂ ਬਦਲ ਗਿਆ ਕਿਹਾ ਜਾਂਦਾ ਏ ਪਰ ਕੁਝ ਰਿਸ਼ਤਿਆਂ ਲਈ ਤਾਂ ਜਮਾਨਾਂ ਬਦਲਣਾ ਤਾਂ ਦੂਰ ਆਪਣੀ ਜਗਾਂ ਤੋ ਰੱਤਾ-ਮਾਸਾ ਹਿੱਲਿਆ ਵੀ ਨਹੀਂ ਹੁੰਦਾ। ਬਹੁਤ ਭਾਂਗਾਂ ਵਾਲੇ ਘਰ ਹੋਣਗੇ ਜੋ ਨੂੰਹ ਨੂੰ ਧੀ ਦਾ ਮਾਣ ਸਤਿਕਾਰ ਦਿੰਦੇ ਹੋਣ ਪਰ ਅੱਜ ਵੀ ਬਹੁਤ ਸਾਰੇ ਘਰਾਂ ਦੀ ਕਹਾਣੀ ਨੂੰਹ ਲਈ ਕੋਈ ਵੱਖਰੀ ਨਹੀਂ ਹੈ। ਅੱਜ ਵੀ ਉਸਨੂੰ ਹਰ ਰਿਸ਼ਤਾ ਆਪਣੀ ਵਾਹ ਲਾ ਕੇ ਪਰਖਦਾ ਏ, ਸਮਝਦਾ ਤਾਂ ਸ਼ਾਇਦ ਕੋਈ ਵੀ ਨਹੀਂ। ਕਈ ਘਰਾਂ ਵਿੱਚ ਤਾਂ ਜਿਸ ਦੇ ਲੜ ਲੱਗ ਕੇ ਉਹ ਆਈ ਹੁੰਦੀ ਏ, ਉਸਨੂੰ ਵੀ ਆਪਣੀਆਂ ਜਰੂਰਤਾਂ ਤੋ ਬਾਅਦ ਪਤਨੀ ਨਾਲ ਗੱਲਬਾਤ ਕਰਨ ਦਾ ਵਿਹਲ ਨਹੀਂ ਹੁੰਦਾ। ਜਾਂ ਕਹਿ ਲਓ ਕਿ ਉਹ ਬਾਕੀ ਦੇ ਸਾਰੇ ਰਿਸ਼ਤੇ ਬਚਾਉਂਦਾ ਰਹਿੰਦਾ ਤੇ ਸਭ ਤੋਂ ਨੇੜਲਾ ਸਾਥੀ ਗਵਾ ਬੈਠਦਾ ਏ।

ਉਹ ਆਪਣੀ ਹੋਂਦ ਨੂੰ ਕਾਇਮ ਰੱਖਣ ਲਈ ਆਪਣੀ ਹਰ ਵਾਹ ਲਾੳਦੀ ਆਪਣਾ ਆਪ ਭੁੱਲ ਜਾਂਦੀ ਏ ।ਕਿੳ ਸਾਨੂੰ ਏਨਾ ਔਖਾ ਲੱਗਦਾ ਏ ਇੱਕ ਕੁੜੀ ਨੂੰ ਸਿਰ ਮੱਥੇ ਤੇ ਬਿਠਾਉਣਾ ਜਿਸਨੇ ਆ ਕੇ ਤੁਹਾਡਾ ਘਰ ਸਾਂਭਣਾ ਤੁਹਾਡੇ ਪਰਿਵਾਰ ਨੂੰ ਅੱਗੇ ਵਧਾਉਣਾ ।ਅਸੀਂ ਉਸਦੇ ਲਈ ਆਪਣੇ ਮਨ ਦੇ ਦਰਵਾਜ਼ੇ ਏਨੇ ਛੋਟੇ ਕਰ ਲੈਦੇ ਹਾਂ ਕਿ ਉਸਦਾ ਲਈ ਪਿਆਰ ਆਪਣਾਪਣ ਤਾਂ ਦਰਵਾਜ਼ੇ ਦੇ ਬਾਹਰ ਖੜ੍ਹਾ ਹੀ ਦਮ ਤੋੜ ਦਿੰਦਾ ਤੇ ਸ਼ਿਕਵੇ-ਸ਼ਿਕਾਇਤਾਂ ਵੱਧ ਚੜ ਆਪਣਾ ਹਿੱਸਾ ਪਾਉਂਦੀਆਂ ।

ਕਿੳ ਕਿਸੇ ਨੂੰਹ ਦੇ ਹਿੱਸੇ ਨਹੀਂ ਆਇਆ ਖੁੱਲ ਕੇ ਜਿੳਣਾ ਸਹੁਰੇ ਘਰ, ਖੁੱਲ੍ਹ ਕੇ ਹੱਸਣਾ, ਆਪਣੇ ਸੁਪਨਿਆਂ ਨੂੰ ਜਿੳਦਾ ਰੱਖਣਾ ਤੇ ਹੱਕ ਨਾਲ ਦੱਸਣਾ ਕਿ ਮੇਰਾ ਵੀ ਦਿਲ ਕਰਦਾ, ਮੈਂ ਆਪਣੀ ਪਸੰਦ ਦਾ ਕੁਝ ਕਰ ਸਕਾ। ਤੁਸੀਂ ਮੇਰਾ ਸਾਥ ਦਿੳ ਘਰ ਪਰਿਵਾਰ ਸੰਭਾਲਦੀ ਹੋਈ। ਉਹ ਆਪਣੇ ਚਾਵਾਂ ਨੂੰ ਨਾਲ ਲੈਕੇ ਆਪਣੀ ਉਡਾਨ ਭਰ ਸਕੇ। ਆਪਣੀ ਕਾਬਲੀਅਤ ਨੂੰ ਜਿੳਦਾ ਰੱਖ ਸਕੇ। ਨਾ ਕਿ ਬੱਸ ਜ਼ਿੰਮੇਵਾਰੀਆਂ ਦੀ ਪੰਡ ਉਸਦੇ ਮੌਢੇ ਉੱਤੇ ਐਸੀ ਧਰੀ ਜਾਂਦੀ ਜੋ ਕਿ ਉਸਦੇ ਨਾਲ ਹੀ ਜਾਂਦੀ ਏ। ਉਸਨੂੰ ਕਦੇ ਵਿਹਲ ਹੀ ਨਹੀਂ ਮਿਲਦੀ ਕਿ ਉਹ ਕੁਝ ਸਮਾਂ ਕੱਢ ਕੇ ਆਪਣੇ ਬਾਰੇ ਸੋਚ ਸਕੇ ਆਪਣੇ ਹੁਨਰ ਨੂੰ ਪਛਾਣ ਸਕੇ।

ਬਹੁਤੇ ਘਰਾਂ ਵਿੱਚ ਤਾਂ ਨੂੰਹ ਪੜੀ-ਲਿਖੀ ਲੈ ਕੇ ਉਸਨੂੰ ਨੌਕਰੀ ਕਰਨ ਤੋ ਮਨ੍ਹਾ ਕਰ ਦਿੱਤਾ ਜਾਂਦਾ ਹੈ ਕਿ ਅਸੀਂ ਨੂੰਹ ਤੋ ਬਾਹਰ ਕੰਮ ਨਹੀਂ ਕਰਵਾਉਂਦੇ। ਪਰ ਜੋ ਉਹ ਕੰਮ ਘਰ ਵਿੱਚ ਸਾਰਾ ਦਿਨ ਕਰਦੀ ਏ, ਉਸਦਾ ਲੇਖਾ ਕੋਈ ਨਹੀਂ ਕਰਦਾ। ਕਈ ਵਾਰੀ ਘਰ-ਬਾਹਰ ਕੰਮ ਕਰਕੇ ਵੀ ਉਸਦੇ ਹੱਥ ਪੱਲੇ ਕੁਝ ਨਹੀਂ ਆਉਂਦਾ। ਇਸੇ ਕਰਕੇ ਅੱਜਕੱਲ੍ਹ ਛੋਟੇ ਪਰਿਵਾਰਾਂ ਦਾ ਰਿਵਾਜ ਹੋ ਗਿਆ ਹੈ ਕਿਉਂਕਿ ਬਹੁਤੇ ਰਿਸ਼ਤੇ ਸਾਥ ਦੇਣ ਦੀ ਬਜਾਏ ਮਾਨਸਿਕ ਤਣਾਅ ਦਾ ਕਾਰਨ ਬਣਦੇ ਹਨ।

ਜੇਕਰ ਔਰਤ ਨੂੰ ਔਰਤ ਵੱਲੋਂ ਬਣਦਾ ਮਾਣ-ਸਤਿਕਾਰ, ਪਿਆਰ ਮਿਲੇ ਤਾਂ ਕੋਈ ਅਜਿਹੀ ਕੁੜੀ ਨਹੀਂ ਹੁੰਦੀ ਜੋ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਆਪਣੇ ਆਪ ਨੂੰ ਪਹਿਲ ਦੇਵੇ। ਇੱਕ-ਦੂਜੇ ਦੇ ਸਹਿਯੋਗ ਨਾਲ ਰਿਸ਼ਤਿਆਂ ਨੂੰ ਸੰਵਾਰਿਆਂ ਜਾ ਸਕਦਾ ਹੈ। ਨੂੰਹ ਨੂੰ ਧੀ ਦਾ ਦਰਜਾ ਦੇਣ ਨਾਲੋਂ ਨੂੰਹ ਦਾ ਰਿਸ਼ਤਾ ਰੱਖ ਕੇ ਉਸਦਾ ਖਿਆਲ ਰੱਖਿਆ ਜਾਵੇ ਤਾਂ ਉਹ ਆਪਣੇ ਆਪ ਤੁਹਾਡੇ ਨਾਲ ਰੱਚ-ਮਿੱਚ ਕੇ ਘਰ ਦਾ ਮਾਹੌਲ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰੇਗੀ। ਪਰ ਹਰ ਵੇਲੇ ਮਿਹਣੇ-ਤਾਅਨੇ ਕੁੜੱਤਣ ਦੇ ਕੇ ਅਸੀਂ ਬੁਢਾਪੇ ਵੇਲੇ ਜੇ ਆਸ ਰੱਖਾਂਗੇ ਕਿ ਹੁਣ ਨੂੰਹ ਸਾਡੀ ਧੀ ਬਣ ਕੇ ਸਾਡੀ ਸੇਵਾ ਕਰੇ, ਤਾਂ ਭੁੱਲ ਜਾਓ ਏਦਾਂ ਕਦੇ ਨਹੀਂ ਹੁੰਦਾ।

ਬਹੁਤੀ ਵਾਰ ਅਸੀਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ-ਕਰਦੇ ਬਹੁਤ ਵੱਡੀਆਂ ਦੂਰੀਆਂ ਨੂੰ ਰਿਸ਼ਤਿਆਂ ਵਿੱਚ ਲੈ ਆਉਂਦੇ ਹਾਂ, ਜੋ ਕਿ ਇਨਸਾਨ ਦੇ ਤੁਰ ਜਾਣ ਉੱਤੇ ਵੀ, ਇੱਕ ਕੁੜੱਤਣ ਬਣ ਕੇ ਜਿੳਦੀ ਰਹਿੰਦੀ ਯਾਦ ਹੋ ਜਾਂਦੀ ਏ। ਆਪਣੇ ਹਿੱਸੇ ਦਾ ਜਿਉਣ ਦਾ ਹੱਕ ਹਰ ਰਿਸ਼ਤੇ ਨੂੰ ਦੇਈਏ, ਬਿਨਾ ਕੋਈ ਭੇਦ ਭਾਵ ਕਰੇ, ਕਿਉਂਕਿ ਹਰ ਇਨਸਾਨ ਮੋਹ ਦਾ ਹੀ ਭੁੱਖਾ ਹੁੰਦਾ ਹੈ।

Related posts

‘ਰੌਸ਼ਨੀ ਜਿੱਤੇਗੀ’ ਪੂਰੇ ਆਸਟ੍ਰੇਲੀਆ ‘ਚ ਸੋਗ ਦਿਵਸ 22 ਜਨਵਰੀ ਨੂੰ ਹੋਵੇਗਾ

Sussan Ley Extends Thai Pongal 2026 Greetings to Tamil Community

ਵਿਕਟੋਰੀਅਨ ਅੱਗ ਪੀੜਤਾਂ ਲਈ ਹੋਰ ਫੰਡ, ‘ਲੁੱਕ ਓਵਰ ਦ ਫਾਰਮ ਗੇਟ’ ਦੀ ਵੀ ਸ਼ੁਰੂਆਤ !