ਕੇਜਰੀਵਾਲ ਅਤੇ ਸੀ.ਐਮ. ਮਾਨ ਨੇ ਜੇਲ੍ਹ ’ਚ ਬੰਦ ਆਪ ਵਿਧਾਇਕ ਨਾਲ ਕੀਤੀ ਮੁਲਾਕਾਤ, ਭਾਜਪਾ ਤੇ ਵਿੰਨਿ੍ਹਆ ਨਿਸ਼ਾਨਾ

ਰਾਜਪੀਪਲਾ –  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਪੰਜਾਬ ਹਮਰੁਤਬਾ ਭਗਵੰਤ ਮਾਨ ਨੇ ਸੋਮਵਾਰ ਨੂੰ ਇੱਥੇ ਜੇਲ੍ਹ ’ਚ ਬੰਦ ਆਮ ਆਦਮੀ ਪਾਰਟੀ (ਆਪ) ਵਿਧਾਇਕ ਚੈਤਰ ਵਸਾਵਾ ਨਾਲ ਮੁਲਾਕਾਤ ਕੀਤੀ ਅਤੇ ਦਾਅਵਾ ਕੀਤਾ ਕਿ ਸੱਤਾਧਾਰੀ ਭਾਜਪਾ ਦਾ ਅੱਤਿਆਚਾਰ ਅਤੇ ਤਾਨਾਸ਼ਾਹੀ ਸਾਰੀਆਂ ਹੱਦਾਂ ਨੂੰ ਪਾਰ ਕਰ ਗਈ ਹੈ। ਗੁਜਰਾਤ ਦੇ ਭਰੂਚ ਜ਼ਿਲ੍ਹੇ ਦੇ ਆਦਿਵਾਸੀ ਬਹੁਲ ਨੇਤਰੰਗ ਇਲਾਕੇ ’ਚ ਐਤਵਾਰ ਨੂੰ ’ਆਪ’ ਨੇਤਾ ਕੇਜਰੀਵਾਲ ਅਤੇ ਮਾਨ ਨੇ ਵਸਾਵਾ ਦੇ ਸਮਰਥਨ ’ਚ ਇਕ ਰੈਲੀ ਨੂੰ ਸੰਬੋਧਨ ਕੀਤਾ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ ਕਿ ਵਸਾਵਾ ਅਗਲੇ ਕੁਝ ਮਹੀਨਿਆਂ ’ਚ ਹੋਣ ਵਾਲੀਆਂ ਆਮ ਚੋਣਾਂ ’ਚ ਭਰੂਚ ਲੋਕ ਸਭਾ ਸੀਟ ਤੋਂ ’ਆਪ’ ਦੇ ਉਮੀਦਵਾਰ ਹੋਣਗੇ। ਵਸਾਵਾ ਮੌਜੂਦਾ ਸਮੇਂ ਨਰਮਦਾ ਜ਼ਿਲ੍ਹੇ ਦੇ ਡੇਡਿਆਪਾੜਾ ਤੋਂ ਵਿਧਾਇਕ ਹਨ। ਭਰੂਚ ਲੋਕ ਸਭਾ ਸੀਟ ਮੌਜੂਦਾ ਸਮੇਂ ਭਾਜਪਾ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਮਨਸੁਖ ਵਸਾਵਾ ਕੋਲ ਹੈ। ਚੈਤਰ ਵਸਾਵਾ ਨੂੰ 14 ਦਸੰਬਰ 2023 ਨੂੰ ਨਰਮਦਾ ਜ਼ਿਲ੍ਹੇ ’ਚ ਸਥਾਨਕ ਆਦਿਵਾਸੀਆਂ ਵਲੋਂ ਜੰਗਲਾਤ ਜ਼ਮੀਨ ’ਤੇ ਖੇਤੀ ਨਾਲ ਸੰਬੰਧਤ ਇਕ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਸਮੇਂ ਜੰਗਲਾਤ ਅਧਿਕਾਰੀਆਂ ਨੂੰ ਧਮਕੀ ਦੇਣ ਅਤੇ ਹਵਾ ’ਚ ਗੋਲੀ ਚਲਾਉਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਮਾਮਲੇ ’ਚ ਉਨ੍ਹਾਂ ਦੀ ਪਤਨੀ ਸ਼ਕੁੰਤਲਾਬੇਨ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਸੀ।
ਕੇਜਰੀਵਾਲ ਅਤੇ ਹੋਰ ’ਆਪ’ ਨੇਤਾਵਾਂ ਨੇ ਰਾਜਪੀਪਲਾ ਜ਼ਿਲ੍ਹਾ ਜੇਲ੍ਹ ’ਚ ਵਿਧਾਇਕ ਨਾਲ ਮੁਲਾਕਾਤ ਕੀਤੀ। ਬਾਅਦ ’ਚ ਪੱਤਰਕਾਰਾਂ ਨੂੰ ਕੇਜਰੀਵਾਲ ਨੇ ਕਿਹਾ,’’ਅਸੀਂ ਚੈਤਰ ਵਸਾਵਾ ਅਤੇ ਸ਼ਕੁੰਤਲਾਬੇਨ ਨੂੰ ਮਿਲੇ, ਉਹ ਠੀਕ ਹਨ, ਉਨ੍ਹਾਂ ਦਾ ਹੌਂਸਲਾ ਬੁਲੰਦ ਹੈ ਅਤੇ ਉਹ ਲੜਨਗੇ ਤੇ ਸੰਘਰਸ਼ ਕਰਨਗੇ। ਆਖ਼ਰਕਾਰ ਅਸੀਂ ਭਾਜਪਾ ਨੂੰ ਗੁਜਰਾਤ ਤੋਂ ਉਖਾੜ ਸੁੱਟਣਾ ਹੈ ਅਤੇ ਇਹ ਕੰਮ ਜਨਤਾ ਕਰੇਗੀ, ਕਿਉਂਕਿ ਇਨ੍ਹਾਂ ਦਾ ਅੱਤਿਆਚਾਰ ਅਤੇ ਤਾਨਾਸ਼ਾਹੀ ਦਾ ਘੜਾ ਭਰ ਚੁੱਕਿਆ ਹੈ।’’ ਦਿੱਲੀ ਦੇ ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਵਿਧਾਇਕ ਨੂੰ ਜੇਲ੍ਹ ’ਚ ਸੁੱਟ ਦਿੱਤਾ ਗਿਆ, ਕਿਉਂਕਿ ਉਨ੍ਹਾਂ ਨੇ ਜਨਤਾ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦੇ ਚੁੱਕੇ। ਉਨ੍ਹਾਂ ਕਿਹਾ ਕਿ ਵਿਧਾਇਕ ਅਤੇ ਉਨ੍ਹਾਂ ਦੀ ਪਤਨੀ ਦੀ ਗ੍ਰਿਫ਼ਤਾਰੀ ਨਾਲ ਗੁਜਰਾਤ ਦੇ ਆਦਿਵਾਸੀ ਭਾਈਚਾਰੇ ’ਚ ਗੁੱਸਾ ਹੈ। ਉਨ੍ਹਾਂ ਕਿਹਾ ਕਿ ਆਦਿਵਾਸੀਆਂ ਨੇ ਐਤਵਾਰ ਨੂੰ (ਭਰੂਚ ’ਚ) ਰੈਲੀ ’ਚ ਆਪਣਾ ਗੁੱਸਾ ਜ਼ਾਹਰ ਕੀਤਾ। ਮਾਨ ਨੇ ਕਿਹਾ ਕਿ ਭਾਜਪਾ ਜਿਸ ਤਰ੍ਹਾਂ ਨਾਲ ਜਨਤਾ ਲਈ ਲੜਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦੀ ਹੈ, ਉਹ ਪੂਰੇ ਦੇਸ਼ ਲਈ ਇਕ ਚੁਣੌਤੀ ਹੈ।

Related posts

ਪ੍ਰਧਾਨ ਮੰਤਰੀ ਮੋਦੀ ਵਲੋਂ ਨੌਂ ਸਾਲਾਂ ਵਿੱਚ ਇਜ਼ਰਾਈਲ ਦੀ ਦੂਜੀ ਵਾਰ ਯਾਤਰਾ

ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ, ਉਨ੍ਹਾਂ ਦੇ ਹਿੱਤਾਂ ਨਾਲ ਸਮਝੌਤਾ ਸਵੀਕਾਰ ਨਹੀਂ – ਸ਼ਿਵਰਾਜ ਸਿੰਘ ਚੌਹਾਨ

ਹੁਣ ਕੇਰਲਮ ਕਹਾਏਗਾ ਕੇਰਲਾ !