ਟੋਰਾਂਟੋ – ਕੈਨੇਡਾ ਨੇ ਕਿਹਾ ਹੈ ਕਿ ਭਾਰਤੀਆਂ ਲਈ 38,000 ਵੀਜ਼ਿਆਂ ਵਿੱਚੋਂ ਉਹ ਇਸ ਸਾਲ ਦਸੰਬਰ ਦੇ ਅੰਤ ਤਕ ਸਿਰਫ਼ 20,000 ਨੂੰ ਹੀ ਪ੍ਰੋਸੈਸ ਕਰ ਸਕੇਗਾ ਕਿਉਂਕਿ ਹਾਲ ਹੀ ਵਿੱਚ ਜ਼ਮੀਨੀ ਪੱਧਰ ’ਤੇ ਸਟਾਫ਼ ਦੀ ਕਮੀ ਕੀਤੀ ਗਈ ਹੈ। ਰਿਪੋਰਟ ਮੁਤਾਬਕ ਇਸ ਹਫ਼ਤੇ ਸਿਟੀਜ਼ਨਸ਼ਿਪ ਅਤੇ ਇਮੀਗ੍ਰੇਸ਼ਨ ਬਾਰੇ ਸਥਾਈ ਕਮੇਟੀ ਦੀ ਮੀਟਿੰਗ ਵਿੱਚ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਭਾਰਤ ਵਿੱਚ ਵੀਜ਼ਾ ਦਾ ਕੰਮ ਕਰਨ ਲਈ ਹੁਣ ਸਿਰਫ਼ ਪੰਜ ਮੈਂਬਰ ਹਨ। ਇਮੀਗ੍ਰੇਸ਼ਨ, ਰਫ਼ਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ.ਆਰ.ਸੀ.ਸੀ.) ਜੋ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਕਰਦਾ ਹੈ, ਨੇ ਇਸ ਮਹੀਨੇ ਆਪਣੇ ਸਟਾਫ਼ ਦੀ ਗਿਣਤੀ 27 ਤੋਂ ਘਟਾ ਕੇ ਸਿਰਫ਼ ਪੰਜ ਮੈਂਬਰ ਕਰ ਦਿੱਤੀ ਸੀ, ਜਦੋਂ ਭਾਰਤ ਨੇ ਕੂਟਨੀਤਕ ਸਮਾਨਤਾ ਦੀ ਮੰਗ ਕਰਦੇ ਹੋਏ, ਕੈਨੇਡਾ ਨੂੰ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਲਈ ਕਿਹਾ ਸੀ। ਆਈ.ਆਰ.ਸੀ.ਸੀ. ਨੂੰ ਹੁਣ ਉਮੀਦ ਹੈ ਕਿ 2024 ਦੀ ਸ਼ੁਰੂਆਤ ਵਿੱਚ ਲਗਭਗ 17,500 ਭਾਰਤੀ ਅਰਜ਼ੀਆਂ ਬੈਕਲਾਗ ਵਿੱਚ ਹੋਣਗੀਆਂ ਹਾਲਾਂਕਿ ਉਮੀਦ ਦਾ ਸੰਕੇਤ ਦਿੰਦੇ ਹੋਏ ਦੇਸ਼ ਦੇ ਪ੍ਰਮੁੱਖ ਇਮੀਗ੍ਰੇਸ਼ਨ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਕਿਹਾ ਕਿ ਸਰਕਾਰ 2024 ਦੇ ਸ਼ੁਰੂ ਤਕ ਭਾਰਤੀ ਅਰਜ਼ੀਆਂ ਲਈ ਆਮ ਪ੍ਰਕਿਰਿਆ ਵਿੱਚ ਵਾਪਸ ਆਉਣ ਲਈ ਕੰਮ ਕਰ ਰਹੀ ਹੈ। ਆਈ.ਆਰ.ਸੀ.ਸੀ. ਨੇ ਕਿਹਾ ਕਿ ਇਸ ਟੀਚੇ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ਕਿਉਂਕਿ ਭਾਰਤ ਤੋਂ ਕੱਢਿਆ ਗਿਆ ਇਮੀਗ੍ਰੇਸ਼ਨ ਸਟਾਫ਼ ਆਪਣੇ ਆਪ ਨੂੰ ਮੁੜ ਸਥਾਪਿਤ ਕਰਦਾ ਹੈ ਅਤੇ ਕੈਨੇਡਾ ਅਤੇ ਫ਼ਿਲੀਪੀਨਜ਼ ਵਿੱਚ ਕੰਮ ’ਤੇ ਵਾਪਸ ਆ ਜਾਂਦਾ ਹੈ। ਸੀ.ਆਈ.ਸੀ. ਅਨੁਸਾਰ ਆਈ.ਆਰ. ਸੀ.ਸੀ. ਵੀਜ਼ਾ ਐਪਲੀਕੇਸ਼ਨ ਸੈਂਟਰਾਂ ਲਈ ਕੰਮ ਦੇ ਬੋਝ ਨੂੰ ਐਡਜਸਟ ਕਰਕੇ ਪ੍ਰਭਾਵ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਜੋ ਪਹਿਲਾਂ ਹੀ ਭਾਰਤ ਤੋਂ ਜ਼ਿਆਦਾਤਰ ਅਰਜ਼ੀਆਂ ਦੀ ਪ੍ਰਕਿਰਿਆ ਕਰਦੇ ਹਨ। ਜਾਣਕਾਰੀ ਮੁਤਾਬਕ ਆਈ.ਆਰ.ਸੀ. ਸੀ. ਨੇ ਪਿਛਲੇ ਹਫ਼ਤੇ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਕਿ ਭਾਰਤ ਤੋਂ ਵੱਡੀ ਗਿਣਤੀ ਵਿੱਚ ਅਰਜ਼ੀਆਂ
ਪਹਿਲਾਂ ਹੀ ਦੇਸ਼ ਤੋਂ ਬਾਹਰ ਸੰਸਾਧਿਤ ਕੀਤੀਆਂ ਜਾਂਦੀਆਂ ਹਨ, ਭਾਰਤ ਦੀਆਂ 89 ਪ੍ਰਤੀਸ਼ਤ ਅਰਜ਼ੀਆਂ ਗਲੋਬਲ ਨੈਟਵਰਕ ਦੁਆਰਾ ਪ੍ਰੋਸੈਸ ਕੀਤੀਆਂ ਜਾਂਦੀਆਂ ਹਨ। ਭਾਵੇਂਕਿ ਆਈ.ਆਰ.ਸੀ.ਸੀ. ਨੇ ਭਾਰਤ ਵਿੱਚ ਕੌਂਸਲੇਟਾਂ ਵਿੱਚ ਸਾਰੀਆਂ ਵਿਅਕਤੀਗਤ ਸੇਵਾਵਾਂ ਨੂੰ ਅਸਥਾਈ ਤੌਰ ’ਤੇ ਮੁਅੱਤਲ ਕਰ ਦਿੱਤਾ ਹੈ, ਹਾਲਾਂਕਿ ਭਾਰਤ ਤੋਂ ਅਰਜ਼ੀਆਂ ਅਜੇ ਵੀ ਸਵੀਕਾਰ ਕੀਤੀਆਂ ਜਾਣਗੀਆਂ ਅਤੇ ਪ੍ਰਕਿਰਿਆ ਕੀਤੀਆਂ ਜਾਣਗੀਆਂ। ਇਸ ਦੌਰਾਨ ਭਾਰਤ ਨੇ 26 ਅਕਤੂਬਰ ਤੋਂ ਕੈਨੇਡਾ ਵਿੱਚ ਅੰਸ਼ਕ ਤੌਰ ’ਤੇ ਵੀਜ਼ਾ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਭਾਰਤੀ ਹਾਈ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਐਂਟਰੀ ਵੀਜ਼ਾ, ਬਿਜ਼ਨਸ ਵੀਜ਼ਾ, ਮੈਡੀਕਲ ਵੀਜ਼ਾ ਤੇ ਕਾਨਫ਼ਰੰਸ ਵੀਜ਼ਾ ਲਈ ਸੇਵਾਵਾਂ ਮੁੜ ਸ਼ੁਰੂ ਹੋਣਗੀਆਂ।’