ਕੈਨੇਡੀਅਨ ਚੋਣਾਂ ’ਚ ਵਿਦੇਸ਼ੀ ਦਖ਼ਲ ਦੇ ਗੁੱਝੇ ਭੇਤ ਦੀਆਂ ਪਰਤਾਂ ਤੇਜ਼ੀ ਨਾਲ ਖੁੱਲ੍ਹਣ ਲੱਗੀਆਂ

ਓਟਾਵਾ – ਕੈਨੇਡੀਅਨ ਚੋਣਾਂ ਵਿਚ ਵਿਦੇਸ਼ੀ ਦਖਲ ਦੇ ਗੁੱਝੇ ਭੇਤ ਦੀਆਂ ਪਰਤਾਂ ਤੇਜ਼ੀ ਨਾਲ ਖੁੱਲ੍ਹਣ ਲੱਗੀਆਂ ਜਦੋਂ ਪੜਤਾਲ ਕਮਿਸ਼ਨ ਅੱਗੇ ਪੇਸ਼ ਹੋਏ ਖੁਫੀਆ ਏਜੰਸੀ ਦੇ ਮੁਖੀ ਨੇ ਦੱਸਿਆ ਕਿ 2019 ਅਤੇ 2021 ਦੀਆਂ ਚੋਣਾਂ ਦੌਰਾਨ ਨਾ ਸਿਰਫ ਚੀਨ ਵੱਲੋਂ ਆਪਣੇ ਸਰੋਤਾਂ ਰਾਹੀਂ ਢਾਈ ਲੱਖ ਡਾਲਰ ਖਰਚ ਕਰਨ ਦੇ ਯਤਨ ਕੀਤੇ ਗਏ ਸਗੋਂ ਭਾਰਤ ਅਤੇ ਪਾਕਿਸਤਾਨ ਨੇ ਵੀ ਦਖਲ ਦੇਣ ਦਾ ਯਤਨ ਕੀਤਾ। ਕੈਨੇਡੀਅਨ ਸਕਿਊਰਿਟੀ ਇੰਟੈਲੀਜੈਂਸ ਸਰਵਿਸ ਵੱਲੋਂ ਪੇਸ਼ ਦਸਤਾਵੇਜ਼ਾਂ ਮੁਤਾਬਕ ਭਾਰਤ ਸਰਕਾਰ ਨੇ ਚੋਣ ਵਿਚ ਦਖਲ ਦੇ ਇਰਾਦੇ ਨਾਲ ਆਪਣੇ ਲੁਕਵੇਂ ਏਜੰਟਾਂ ਦੀ ਵਰਤੋਂ ਕਰਦਿਆਂ ਸੰਭਾਵਤ ਤੌਰ ’ਤੇ ਗੁਪਤ ਸਰਗਰਮੀਆਂ ਚਲਾਈਆਂ। ਸਿਰਫ ਇਥੇ ਹੀ ਬੱਸ ਨਹੀਂ ਪਾਕਿਸਤਾਨ ਨੇ ਵੀ ਆਪਣੇ ਹਿਤਾਂ ਖਾਤਰ ਚੋਣਾਂ ਵਿਚ ਦਖਲ ਦੇਣ ਦੇ ਯਤਨ ਕੀਤੇ। ਦੂਜੇ ਪਾਸੇ ਚੀਨ ਵੱਲੋਂ ਲਿਬਰਲ ਪਾਰਟੀ ਦੇ ਸੱਤ ਅਤੇ ਕੰਜ਼ਰਵੇਟਿਵ ਪਾਰਟੀ ਦੇ ਚਾਰ ਉਮੀਦਵਾਰਾਂ ਨੂੰ ਕਥਿਤ ਤੌਰ ’ਤੇ ਪ੍ਰਭਾਵਤ ਕਰਨ ਦਾ ਯਤਨ ਕੀਤਾ ਗਿਆ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਪਾਕਿਸਤਾਨ ਸਰਕਾਰ ਦੀ ਦਿਲਚਸਪੀ ਆਪਣੇ ਮੁਲਕ ਵਿਚ ਆਰਥਿਕ ਸਥਿਰਤਾ ਅਤੇ ਦੁਨੀਆਂ ਵਿਚ ਭਾਰਤ ਦੇ ਵਧਦੇ ਦਬਦਬੇ ਤੱਕ ਸੀਮਤ ਅਤੇ ਇਸੇ ਮਕਸਦ ਵਾਸਤੇ ਉਥੋਂ ਦੀ ਸਰਕਾਰ ਕੈਨੇਡੀਅਨ ਚੋਣਾਂ ਵਿਚ ਦਖਲ ਦੇਣ ਦਾ ਯਤਨ ਕਰਦੀ ਹੈ। ਇਸ ਦੇ ਉਲਟ ਭਾਰਤ ਦੇ ਮਾਮਲੇ ਵਿਚ ਅਜਿਹਾ ਬਿਲਕੁਲ ਵੀ ਨਹੀਂ ਅਤੇ ਉਥੋਂ ਦੀ ਸਰਕਾਰ ਆਪਣੇ ਜੱਦੀ ਮੁਲਕ ਦੀ ਹਮਾਇਤ ਵਿਚ ਖੜ੍ਹਨ ਵਾਲੇ ਉਮੀਦਵਾਰਾਂ ਦੀ ਮਦਦ ਕਰਦੀ ਹੈ। ਖੁਫੀਆ ਦਸਤਾਵੇਜ਼ਾਂ ਮੁਤਾਬਕ ਭਾਰਤ ਸਰਕਾਰ ਦਾ ਮੰਨਣਾ ਹੈ ਕਿ ਇੰਡੋ ਕੈਨੇਡੀਅਨ ਵੋਟਰਾਂ ਦਾ ਇਕ ਵੱਡਾ ਹਿੱਸਾ ਖਾਲਿਸਤਾਨੀ ਸਰਗਰਮੀਆਂ ਪ੍ਰਤੀ ਨਰਮ ਰਵੱਈਆ ਰਖਦਾ ਹੈ। ਇਸੇ ਦੌਰਾਨ ਦੀ ਰਿਪੋਰਟ ਮੁਤਾਬਕ ਚੀਨ ਵੱਲੋਂ 11 ਉਮੀਦਵਾਰਾਂ ਤੋਂ ਇਲਾਵਾ ਸਿਆਸੀ ਪਾਰਟੀਆਂ ਦੇ 13 ਸਟਾਫ ਮੈਂਬਰਾਂ ਨੂੰ ਵੀ ਪ੍ਰਭਾਵਤ ਕਰਨ ਦੇ ਯਤਨ ਕੀਤੇ ਗਏ। ਢਾਈ ਲੱਖ ਡਾਲਰ ਦੀ ਰਕਮ ਚੀਨੀ ਮੂਲ ਦੇ ਕੈਨੇਡੀਅਨ ਨਾਗਰਿਕਾਂ ਰਾਹੀਂ 2018 ਅਤੇ 2019 ਵਿਚ ਕੈਨੇਡਾ ਪਹੁੰਚਾਈ ਗਈ ਜਿਨ੍ਹਾਂ ਨੂੰ ਖੁਫੀਆ ਰਿਪੋਰਟ ਵਿਚ ‘ਥਰੈਟ ਐਕਟਰਜ਼’ ਦਾ ਨਾਂ ਦਿੱਤਾ ਗਿਆ ਹੈ। ਚੋਣ ਪ੍ਰਚਾਰ ਵਿਚ ਵਿਦੇਸ਼ੀ ਦਖਲ ਬਾਰੇ ਸਭ ਤੋਂ ਅਹਿਮ ਸਬੂਤ 2021 ਦੀਆਂ ਚੋਣਾਂ ਬਾਅਦ ਖੁਫੀਆ ਏਜੰਸੀ ਦੇ ਹੱਥ ਲੱਗੇ। ਇਸ ਖੁਫੀਆ ਜਾਣਕਾਰੀ ਨੂੰ ਇਲੈਕਸ਼ਨਜ਼ ਟਾਸਕ ਫੋਰਸ, ਰੱਖਿਆ ਮੰਤਰੀ, ਆਰ.ਸੀ.ਐਮ.ਪੀ. ਅਤੇ ਫਾਈਵ ਆਈਜ਼ ਨਾਲ ਸਾਂਝਾ ਕੀਤਾ ਗਿਆ। ਪੜਤਾਲ ਕਮਿਸ਼ਨ ਅੱਗੇ ਪੇਸ਼ੀ ਦੌਰਾਨ ਇਹ ਸਪੱਸ਼ਟ ਨਹੀਂ ਕੀਤਾ ਗਿਆ ਕਿ ਕੀ ਵਿਦੇਸ਼ੀ ਦਖਲ ਬਾਰੇ ਜਾਣਕਾਰੀ ਮਿਲਣ ਮਗਰੋਂ ਆਰ.ਸੀ.ਐਮ.ਪੀ.ਅਤੇ ਸੀ.ਐਸ.ਆਈ.ਐਸ. ਵੱਲੋਂ ਕੋਈ ਕਾਰਵਾਈ ਕੀਤੀ ਗਈ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ