ਕੈਬਨਿਟ ਸਬ-ਕਮੇਟੀ ਵੱਲੋਂ ਕਿਸਾਨ ਤੇ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗ  ਖੁਸ਼ਗਵਾਰ ਮਾਹੌਲ ਵਿੱਚ ਹੋਈਆਂ ਮੀਟਿੰਗਾਂ ਦੌਰਾਨ ਅਹਿਮ ਮਸਲੇ ਵਿਚਾਰੇ ਗਏ

ਚੰਡੀਗੜ੍ਹ – ਪੰਜਾਬ ਦੇ ਕੈਬਨਿਟ ਮੰਤਰੀਆਂ ਐਡਵੋਕੇਟ ਹਰਪਾਲ ਸਿੰਘ ਚੀਮਾ, ਕੁਲਦੀਪ ਸਿੰਘ ਧਾਲੀਵਾਲ ਅਤੇ ਗੁਰਮੀਤ ਸਿੰਘ ਖੁੱਡੀਆਂ ਦੀ ਅਗਵਾਈ ਵਾਲੀ ਕੈਬਨਿਟ ਸਬਕਮੇਟੀ ਵੱਲੋਂ ਮੰਗਵਾਰ ਨੂੰ ਕਿਸਾਨ ਅਤੇ ਮੁਲਾਜ਼ਮ ਜਥੇਬੰਦੀਆਂ ਨਾਲ ਮੀਟਿੰਗਾਂ ਦੌਰਾਨ ਉਨ੍ਹਾਂ ਵੱਲੋਂ ਉਠਾਏ ਗਏ ਮੁੱਦਿਆਂ ਅਤੇ ਮੰਗਾਂ ਬਾਰੇ ਜਿੱਥੇ ਵਿਸਥਾਰ ਵਿੱਚ ਚਰਚਾ ਕੀਤੀ ਗਈ ਉਥੇ ਹੀ ਇੰਨ੍ਹਾਂ ਦੇ ਹੱਲ ਲਈ ਅਗਲੇਰੀ ਰਣਨੀਤੀ ਤੈਅ ਕੀਤੀ ਗਈ।

ਇਥੇ ਪੰਜਾਬ ਭਵਨ ਵਿਖੇ ਲਗਾਤਾਰ 6 ਘੰਟੇ ਤੋਂ ਵੱਧ ਚੱਲੀਆਂ ਇੰਨ੍ਹਾਂ ਮੀਟਿੰਗਾਂ ਦੌਰਾਨ ਕੈਬਨਿਟ ਸਬਕਮੇਟੀ ਵੱਲੋਂ ਸੰਯੁਕਤ ਕਿਸਾਨ ਮੋਰਚਾ (ਨਾਨ-ਪੌਲੀਟੀਕਲ), ਭਾਰਤੀ ਕਿਸਾਨ ਯੂਨੀਅਨ ਏਕਤਾ, ਸਿੱਧੂਪੁਰ ਅਤੇ ਸੰਯੁਕਤ ਗੰਨਾ ਸੰਘਰਸ਼ ਮੋਰਚਾ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਫਸਲਾਂ ਦੇ ਖਰਾਬੇ, ਹਾਈਵੇਅਜ ਲਈ ਇਕਵਾਇਰ ਹੋਣ ਵਾਲੀਆਂ ਜਮੀਨਾਂ ਸਬੰਧੀ ਮਸਲੇ ਅਤੇ ਗੰਨੇ ਦੀ ਕੀਮਤ ਸਮੇਤ ਕਈ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਗਈ। ਇਸੇ ਦੌਰਾਨ ਕਬਨਿਟ ਸਬਕਮੇਟੀ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਫਸਲਾਂ ਦੇ ਖਰਾਬੇ ਦੇ ਮੁਆਵਜੇ ਸਬੰਧੀ ਸਟੇਟ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਜਲਦ ਹੀ ਫੈਸਲਾ ਲਿਆ ਜਾਵੇਗਾ ਅਤੇ ਹਾਈਵੇਅਜ ਲਈ ਇਕਵਾਇਰ ਹੋਣ ਵਾਲੀਆਂ ਜਮੀਨਾਂ ਦੇ ਮੁਆਵਜੇ ਸਬੰਧੀ ਸੂਬੇ ਦੇ ਸਾਰੇ ਕਮਿਸ਼ਨਰਾਂ ਨਾਲ ਮੀਟਿੰਗ ਕਰਕੇ ਕੇਸਾਂ ਦੇ ਨਿਪਟਾਰੇ ਨੂੰ 3 ਮਹੀਨਿਆਂ ਅੰਦਰ ਯਕੀਨੀ ਬਣਾਇਆ ਜਾਵੇਗਾ।

ਗੰਨੇ ਦੇ ਭਾਅ ਸਬੰਧੀ ਕੈਬਨਿਟ ਸਬਕਮੇਟੀ ਨੇ ਕਿਸਾਨਾਂ ਨੂੰ ਕਿਹਾ ਕਿ ਪੰਜਾਬ ਵੱਲੋਂ ਪਹਿਲਾਂ ਹੀ ਦੇਸ਼ ਭਰ ਵਿੱਚ ਗੰਨੇ ਦੀ ਸੱਭ ਤੋਂ ਵੱਧ ਕੀਮਤ ਐਲਾਨੀ ਗਈ ਹੈ। ਕੈਬਨਿਟ ਸਬਕਮੇਟੀ ਨੇ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਵਿਭਾਗ ਦੇ ਅਧਿਕਾਰੀਆਂ, ਗੰਨਾ ਮਾਹਿਰਾਂ ਅਤੇ ਗੰਨਾ ਕਿਸਾਨਾਂ ਤੇ ਆਧਾਰਤ ਇੱਕ ਕਮੇਟੀ ਦਾ ਗਠਨ ਕੀਤਾ ਜਾਵੇ ਤਾਂ ਜੋ ਗੰਨੇ ਦੀ ਲਾਗਤ ਕੀਮਤ, ਪੰਜਾਬ ਲਈ ਗੰਨੇ ਦੀ ਢੁਕਵੀ ਕਿਸਮ ਸਮੇਤ ਕਿਸਾਨਾਂ ਦੀਆਂ ਹੋਰਨਾਂ ਚਿੰਤਾਵਾਂ ਦੇ ਹੱਲ ਦੀ ਦਿਸ਼ਾ ਵਿੱਚ ਠੋਸ ਕਦਮ ਪੁੱਟੇ ਜਾ ਸਕਣ।

ਕਿਸਾਨਾਂ ਵੱਲੋਂ ਗੰਨੇ ਦਾ ਮੁੱਲ ਫਰਵਰੀ ਵਿੱਚ ਹੀ ਐਲਾਨੇ ਜਾਣ ਦੀ ਮੰਗ ਦੇ ਜਵਾਬ ਵਿੱਚ ਕੈਬਨਿਟ ਸਬਕਮੇਟੀ ਨੇ ਕਿਹਾ ਕਿ ਇਸ ਬਾਰੇ ਵੀ ਫੈਸਲਾ ਵੀ ਮਾਹਿਰਾਂ ਤੇ ਕਿਸਾਨਾਂ ਤੇ ਆਧਾਰਤ ਇਸ ਕਮੇਟੀ ਵੱਲੋਂ ਵਿਚਾਰ-ਚਰਚਾ ਰਾਹੀਂ ਕੀਤਾ ਜਾਵੇ।

ਇਸ ਤੋਂ ਪਹਿਲਾਂ ਪੰਜਾਬ ਪੁਲਿਸ ਕੋਰੋਨਾ ਵਲੰਟੀਅਰਾਂ ਨਾਲ ਹੋਈ ਮੀਟਿੰਗ ਦੌਰਾਨ ਕੈਬਨਿਟ ਸਬਕਮੇਟੀ ਨੇ ਉਨ੍ਹਾਂ ਦੇ ਮਾਮਲੇ ਨੂੰ ਵਾਚਣ ਲਈ ਏ.ਡੀ.ਜੀ.ਪੀ (ਐਚ.ਆਰ) ਦੀ ਅਗਵਾਈ ਹੇਠ ਆਈ.ਜੀ. ਪੱਧਰ ਦੇ ਦੋ ਅਧਿਕਾਰੀਆਂ ਦੀ ਕਮੇਟੀ ਗਠਿਤ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਮੇਟੀ ਨੂੰ ਕੋਰੋਨਾ ਵਲੰਟੀਅਰਾਂ ਦੇ ਮਸਲਿਆਂ ਅਤੇ ਮੰਗਾਂ ਤੇ ਗੰਭੀਰਤਾ ਨਾਲ ਅਧਿਅਨ ਕਰਕੇ ਆਪਣੀ ਰਿਪੋਰਟ ਪੇਸ਼ ਕਰਨ ਲਈ ਕਿਹਾ।

ਪੰਜਾਬ ਸਟੇਟ ਮਨਿਸਟੀਰਅਲ ਸਰਵੀਸਿਜ ਯੂਨੀਅਨ ਦੇ ਆਗੂਆਂ ਨਾਲ ਮੀਟਿੰਗ ਦੌਰਾਨ ਕੈਬਨਿਟ ਸਬਕਮੇਟੀ ਵੱਲੋਂ ਉਨ੍ਹਾਂ ਦੇ ਮੰਗ ਪੱਤਰ ‘ਤੇ ਨੁਕਤਾ ਵਾਰ ਚਰਚਾ ਕੀਤੀ ਗਈ। ਕੈਬਨਿਟ ਸਬਕਮੇਟੀ ਨੇ ਯੂਨੀਅਨ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੁੱਖ ਮੰਗਾਂ ਨੂੰ ਆਉਂਦੇ ਕੁਝ ਦਿਨਾਂ ਵਿੱਚ ਹੱਲ ਕਰ ਦਿੱਤਾ ਜਾਵੇਗਾ। ਇਸੇ ਦੌਰਾਨ ਵੈਟਨਰੀ ਏ.ਆਈ. ਵਰਕਰ ਯੂਨੀਅਨ ਪੰਜਾਬ ਨਾਲ ਮੀਟਿੰਗ ਦੌਰਾਨ ਕੈਬਨਿਟ ਸਬਕਮੇਟੀ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਯੂਨੀਅਨ ਦੀ ਜਾਇਜ਼ ਮੁੱਦਿਆਂ ਤੇ ਹਮਦਰਦੀ ਨਾਲ ਵਿਚਾਰ ਕਰਦਿਆਂ ਇੰਨ੍ਹਾਂ ਨੂੰ ਜਲਦੀ ਹਲ ਕਰਨ ਲਈ ਕਿਹਾ।

Related posts

ਕੀ ਨਿਖਿਲ ਗੁਪਤਾ, ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰ-ਮੁਕਾਉਣ ਚਾਹੁੰਦਾ ਸੀ ?

US ਇਮੀਗ੍ਰੇਸ਼ਨ ਕੋਰਟ ‘ਚ 3.38 ਮਿਲੀਅਨ ਕੇਸ ਫੈਸਲੇ ਦੀ ਉਡੀਕ ‘ਚ : ਪ੍ਰਵਾਸੀ ਕਾਨੂੰਨ ਦੀ ਪਾਲਣਾ ਕਰਦੇ, ਨਾ ਕਿ ਕ੍ਰਿਮੀਨਲ !

ਪੰਜਾਬ ਵਿੱਚ ਨਸ਼ੇ ਦੀ ‘ਹੋਮ ਡਿਲੀਵਰੀ’ ਹੋ ਰਹੀ ਹੈ – ਅਸ਼ਵਨੀ ਸ਼ਰਮਾ